5 Dariya News

ਰੇਲ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਯੋਗ ਪਰਿਵਾਰਕ ਮੈਂਬਰਾਂ ਨੂੰ ਦਿੱਤੀਆਂ ਜਾਣਗੀਆਂ ਨੌਕਰੀਆਂ - ਨਵਜੋਤ ਸਿੰਘ ਸਿੱਧੂ

ਹਾਦਸੇ ਦੇ ਹੁਣ 46 ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਵੰਡੇ

5 Dariya News

ਅੰਮ੍ਰਿਤਸਰ 26-Oct-2018

ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰੇਲ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ 5 ਪਰਿਵਾਰਾਂ ਨੂੰ ਅੱਜ ਸਰਕਟ ਹਾਊਸ ਵਿਖੇ ਚੈਕ ਵੰਡੇ ਗਏ।  ਅੱਜ ਸਰਕਟ ਹਾਊਸ ਵਿਖੇ ਹਾਦਸੇ ਦੌਰਾਨ ਜਾਨ ਗੁਆ ਗਏ ਵਿਅਕਤੀਆਂ ਦੇ ਵਾਰਸਾਂ ਨੂੰ ਚੈਕ ਵੰਡਣ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਸ. ਸਿੱਧੂ ਨੇ ਜਿਲ੍ਹਾ ਪ੍ਰਸਾਸ਼ਨ ਦਾ ਧੰਨਵਾਦ ਕੀਤਾ ਕਿ ਪ੍ਰਸਾਸ਼ਨ ਵੱਲੋਂ ਦਿਨ ਰਾਤ ਇਕ ਕਰਕੇ 4-5 ਮਹੀਨਿਆਂ ਵਿੱਚ ਹੋਣ ਵਾਲੇ ਕੰਮ ਨੂੰ ਕੁਝ ਹੀ ਦਿਨਾਂ ਵਿੱਚ ਪੂਰਾ ਕਰਕੇ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜਾ ਰਾਸ਼ੀ ਵੰਡ ਦਿੱਤੀ ਗਈ ਹੈ। ਸ੍ਰ ਸਿੱਧੂ ਨੇ ਦੱਸਿਆ ਕਿ ਹੁਣ ਤੱਕ 46 ਪੀੜਤ ਪਰਿਵਾਰਾਂ ਨੂੰ ਚੈਕ ਦਿੱਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ 12 ਚੈਕ ਆਉਂਦੇ ਇਕ-ਦੋ ਦਿਨਾਂ ਵਿੱਚ ਦੇ ਦਿੱਤੇ ਜਾਣਗੇ।ਸ੍ਰ ਸਿੱਧੂ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਯੋਗ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ ਅਤੇ ਜੋ ਵਿਅਕਤੀ ਵਡੇਰੀ ਉਮਰ ਦੇ ਹੋਣਗੇ ਸਰਕਾਰ ਉਨ੍ਹਾਂ ਨੂੰ ਪੈਨਸ਼ਨ ਵੀ ਦੇਵੇਗੀ ਅਤੇ ਮੈਂ ਵੀ ਉਨ੍ਹਾਂ ਦੀ ਆਰਥਿਕ ਮਦਦ ਕਰਨ ਲਈ ਵਚਨਬੱਧ ਹਾਂ। ਸ੍ਰ ਸਿੱਧੂ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਕਿਸੇ ਤੇ ਨਿਰਭਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਰਕਾਰ ਇਨ੍ਹਾਂ ਦੀ ਮਦਦ ਕਰੇਗੀ। 

ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿੱਚ ਸ੍ਰ ਸਿੱਧੂ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਪਰਿਵਾਰਾਂ ਦੇ ਬੱਚਿਆਂ ਨੂੰ ਅਡਾਪਟ ਕਰਨ ਲਈ ਕੁਝ ਲੋਕ ਅੱਗੇ ਆ ਰਹੇ ਹਨ ਪਰ ਸਰਕਾਰ ਆਪਣੀਆਂ ਲੋੜੀਂਦੀਆਂ ਉਪਚਾਰਕਿਤਾਵਾਂ ਮੁਕੰਮਲ ਕਰਨ ਉਪਰੰਤ ਹੀ ਇਨ੍ਹਾਂ ਬੱਚਿਆਂ ਨੂੰ ਗੋਦ ਲੈਣ ਦੀ ਆਗਿਆ ਦੇਵੇਗੀ।  ਸ੍ਰ ਸਿੱਧੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਲੋਕ ਲਾਸ਼ਾਂ ਦੀ ਰਾਜਨੀਤੀ ਕਰ ਰਹੇ ਹਨ। ਸ੍ਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਅਡਾਪਟ ਕਰ ਲਿਆ ਗਿਆ ਹੈ ਅਤੇ ਸਰਕਾਰ ਵੀ ਪੂਰੀ ਜਿੰਮੇਵਾਰੀ ਨਾਲ ਇਨ੍ਹਾਂ ਪਰਿਵਾਰਾਂ ਦੀ ਮਦਦ ਕਰੇਗੀ। ਸ੍ਰ ਸਿੱਧੂ ਨੇ ਅੱਜ 5 ਪਰਿਵਾਰਾਂ ਨੂੰ ਚੈਕ ਭੇਂਟ ਕਰਦਿਆਂ ਕਿਹਾ ਕਿ ਇਹ ਤਾਂ ਮਦਦ ਦੀ ਇਕ ਸ਼ੁਰੂਆਤ ਹੈ, ਇਸ ਤੋਂ ਅੱਗੇ ਹੋਰ ਬਹੁਤ ਕੁੱਝ ਕਰਨਾ ਇੰਨਾ ਪਰਿਵਾਰਾਂ ਲਈ ਬਾਕੀ ਹੈ, ਜਿਸ ਲਈ ਸਾਡੀ ਸਰਕਾਰ ਦ੍ਰਿੜ ਹੈ ਅਤੇ ਅਸੀਂ ਹਰ ਪੀੜਤ ਘਰ ਦਾ ਚੁੱਲਾ ਬਲਦਾ ਰੱਖਾਂਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰ ਰਵਿੰਦਰ ਸਿੰਘ, ਐਸ:ਡੀ:ਐਮ ਅੰਮ੍ਰਿਤਸਰ-2 ਸ੍ਰੀ ਵਿਕਾਸ ਹੀਰਾ, ਕਾਨੂੰਗੋ ਸ੍ਰੀ ਜਤਿੰਦਰ ਸ਼ਰਮਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।