5 Dariya News

ਤਰਕਸ਼ੀਲਾਂ ਦੀ 'ਘਰ-ਘਰ ਸਾਹਿਤ' ਮੁਹਿੰਮ ਨੂੰ ਮੋਹਾਲੀ 'ਚ ਭਰਵਾਂ ਹੁੰਗਾਰਾ

ਨੌਜਵਾਨਾਂ ਨੂੰ ਸਾਹਿਤ ਦੀ ਚੇਟਕ ਲਾ ਰਹੀ ਹੈ ਸਾਹਿਤ ਵੈਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 26-Oct-2018

ਤਰਕਸ਼ੀਲ ਸੁਸਾਇਟੀ ਪੰਜਾਬ ਨੇ ਅੰਧਵਿਸ਼ਵਾਸ਼ਾਂ ਨੂੰ ਖ਼ਤਮ ਕਰਨ ਤੇ ਲੋਕਾਂ ਦਾ ਸੋਚਣ ਢੰਗ ਵਿਗਿਆਨਿਕ ਬਣਾਉਣ ਲਈ ਲਈ 'ਘਰ ਘਰ ਸਾਹਿਤ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੰਤਵ ਦੀ ਪੂਰਤੀ ਲਈ ਇੱਕ ਸਾਹਿਤ ਵੈਨ ਤਿਆਰ ਕੀਤੀ ਗਈ ਹੈ ਜੋ ਸਕੂਲਾਂ, ਕਾਲਜਾਂ ਬਜ਼ਾਰਾਂ ਤੇ ਪਿੰਡਾਂ ਵਿੱਚ ਘੁੰਮ ਕੇ ਲੋਕਾਂ ਨੂੰ ਵਿਗਿਆਨ ਨਾਲ ਜੋੜ ਰਹੀ ਹੈ। ਖਾਸ ਗੱਲ ਇਹ ਹੈ ਕਿ ਵੈਨ ਵਿੱਚ ਤਰਕਸ਼ੀਲ ਸਾਹਿਤ ਦੇ ਨਾਲ ਨਾਲ ਪੰਜਾਬੀ ਦੇ ਬੇਹਤਰੀਨ ਨਾਵਲ, ਸਰੀਰਕ ਤੇ ਮਾਨਸਿਕ ਸਿਹਤ ਨਾਲ ਸੰਬੰਧਿਤ ਚੋਣਵੀਆਂ ਤੇ ਪ੍ਰਸਿੱਧ ਕਿਤਾਬਾਂ ਮੌਜੂਦ ਹਨ। ਵੈਨ 'ਚ ਮੌਜੂਦ ਸ਼ਹੀਦ ਭਗਤ ਸਿੰਘ ਦੇ ਹੱਥ ਲਿਖਤ ਵਿਚਾਰਾਂ ਦੀ ਕਿਤਾਬ ਸਿਰਫ ਪੰਜ ਰੁਪਏ 'ਚ ਉਪਲੱਭਦ ਹੈ। ਇਸ ਦੌਰਾਨ ਸੰਵਾਦ ਵੀ ਰਚਾਇਆ ਜਾਂਦਾ ਹੈ ਤੇ ਵੱਖ ਵੱਖ ਮੁੱਦਿਆਂ 'ਤੇ ਚਰਚਾ ਵੀ ਚਲਦੀ ਹੈ। ਤਰਕਸ਼ੀਲ ਆਗੂਆਂ ਲੈਕਚਰਾਰ ਸੁਰਜੀਤ ਸਿੰਘ ਤੇ ਜਸਵੰਤ ਮੋਹਾਲੀ ਨੇ ਦੱਸਿਆ ਕਿ ਮੋਹਾਲੀ ਵਿੱਚਲੀ ਫੇਰੀ ਦੌਰਾਨ ਲੋਕਾਂ ਨੇ ਸਾਹਿਤ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਉਹਨਾਂ ਕਿਹਾ ਕਿ ਸੁਸਾਇਟੀ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਸਾਹਿਤ ਦੀ ਚੇਟਕ ਲਾਉਣਾ ਤੇ ਪੁਸਤਕ ਸੱਭਿਆਚਾਰ ਨੂੰ ਵਿਕਸਿਤ ਕਰਨਾ ਹੈ ਕਿਉਂਕਿ ਮੋਬਾਇਲ ਦੀ ਜ਼ਿਆਦਾ ਵਰਤੋਂ ਕਾਰਨ ਨੌਜਵਾਨ ਵਰਗ 'ਚ ਪੁਸਤਕਾਂ ਪੜ੍ਹਨ ਦੀ ਪ੍ਰਵਿਰਤੀ ਨੂੰ ਕਿਤੇ ਨਾ ਕਿਤੇ ਢਾਹ ਲੱਗੀ ਹੈ। ਉਹਨਾਂ ਦਾਅਵਾ ਕੀਤਾ ਕਿ 'ਮੋਬਾਇਲ ਅਡਿਕਸ਼ਨ' ਦਾ ਹੱਲ ਚੰਗਾ ਸਾਹਿਤ ਹੈ। ਸਾਹਿਤ ਵੈਨ ਨੇ ਮੋਹਾਲੀ ਵਿਖੇ ਦੋ ਕਾਲਜਾਂ ਤੇ ਬਜ਼ਾਰਾਂ ਵਿੱਚ ਦਸਤਕ ਦਿੱਤੀ ਜਿੱਥੇ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ।