5 Dariya News

ਅੰਤਰ ਰਾਸ਼ਟਰੀ ਹਾਕੀ ਸਟੇਡੀਅਮ ਮੋਹਾਲੀ ਵਿਖੇ ਗਲੋਬਲ ਕਬੱਡੀ ਲੀਗ ਦੇ ਮੁਕਾਬਲੇ ਕਰਵਾਏ ਜਾਣਗੇ : ਚਰਨਦੇਵ ਸਿੰਘ ਮਾਨ

01 ਨਵੰਬਰ ਤੋਂ 03 ਨਵੰਬਰ ਤੱਕ ਹੋਣਗੇ ਮੁਕਾਬਲੇ, 03 ਨਵੰਬਰ ਨੂੰ ਗਲੋਬਲ ਕਬੱਡੀ ਲੀਗ ਦਾ ਹੋਵੇਗਾ ਸਮਾਪਤੀ ਸਮਾਰੋਹ

5 Dariya News

ਐਸ.ਏ.ਐਸ. ਨਗਰ (ਮੁਹਾਲੀ) 25-Oct-2018

ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਗਲੋਬਲ ਕਬੱਡੀ ਲੀਗ-2018 ਦੇ ਮੁਕਾਬਲੇ ਅੰਤਰ ਰਾਸ਼ਟਰੀ ਹਾਕੀ ਸਟੇਡੀਅਮ (ਸੈਕਟਰ-63) ਮੋਹਾਲੀ ਵਿਖੇ 01 ਨਵੰਬਰ ਤੋਂ 03 ਨਵੰਬਰ ਤੱਕ ਕਰਵਾਏ ਜਾਣਗੇ ਅਤੇ 03 ਨਵੰਬਰ ਨੂੰ ਗਲੋਬਲ ਕਬੱਡੀ ਲੀਗ ਦਾ ਸਮਾਪਤੀ ਸਮਾਰੋਹ ਹੋਵੇਗਾ। ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਲੋਬਲ ਕਬੱਡੀ ਲੀਗ ਦੇ ਮੋਹਾਲੀ ਵਿਖੇ ਹੋਣ ਵਾਲੇ ਮੁਕਾਬਲਿਆਂ ਦੇ ਸੁਚੱਜੇ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।ਸ੍ਰੀ ਮਾਨ ਨੇ ਇਸ ਮੌਕੇ ਜ਼ਿਲ੍ਹੇ ਦੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅੰਤਰ ਰਾਸ਼ਟਰੀ ਹਾਕੀ ਸਟੇਡੀਅਮ ਮੋਹਾਲੀ ਵਿਖੇ ਹੋਣ ਵਾਲੇ ਗਲੋਬਲ ਕਬੱਡੀ ਮੁਕਾਬਲਿਆਂ ਦਾ ਆਨੰਦ ਮਾਨਣ ਲਈ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਬੱਡੀ ਪ੍ਰੇਮੀਆਂ ਅਤੇ ਆਮ ਲੋਕਾਂ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਗਲੋਬਲ ਕਬੱਡੀ ਲੀਗ ਦੇ ਮੁਕਾਬਲਿਆਂ ਨੂੰ ਦੇਖਣ ਆਉਣ ਵਾਲੇ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।ਸ੍ਰੀ ਮਾਨ ਨੇ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਗਲੋਬਲ ਕਬੱਡੀ ਲੀਗ ਮੁਕਾਬਲਿਆਂ ਲਈ ਡਿਊਟੀਆਂ ਲਗਾਉਂਦਿਆਂ ਕਿਹਾ ਕਿ ਜਿਹੜੇ ਅਧਿਕਾਰੀਆਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਹਨ। ਉਹ ਆਪਣੀ ਡਿਊਟੀ ਪੂਰੀ ਸਮਰਪਤ ਭਾਵਨਾ ਨਾਲ ਕਰਨ ਤਾਂ ਜੋ ਵੱਧ ਤੋਂ ਵੱਧ ਦਰਸ਼ਕ ਮਾਂ ਖੇਡ ਕਬੱਡੀ ਦਾ ਆਨੰਦ ਮਾਣ ਸਕਣ। ਉਨ੍ਹਾਂ ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕਨੁ ਥਿੰਦ ਨੂੰ ਹਾਕੀ ਸਟੇਡੀਅਮ ਦੇ ਆਲੇ ਦੁਆਲੇ ਦੀ ਸਫਾਈ ਦੇ ਨਾਲ-ਨਾਲ ਸਟਰੀਟ ਲਾਈਟਾਂ ਅਤੇ ਟਰੈਫਿਕ ਲਾਈਟਾਂ ਨੂੰ ਵੀ ਚਾਲੂ ਰੱਖਣ ਲਈ ਪੁਖਤਾ ਇੰਤਜ਼ਾਮ ਕਰਨ ਲਈ ਆਖਿਆ। ਉਨ੍ਹਾਂ ਅਧਿਕਾਰੀਆਂ ਨੂੰ ਆਖਿਆ ਕਿ ਮੋਹਾਲੀ ਵਿਖੇ ਹੋਣ ਵਾਲੇ ਮੈਚਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਇਸ ਗਲੋਬਲ ਕਬੱਡੀ ਲੀਗ ਵਿਚ ਨਾਮਵਰ ਟੀਮਾਂ ਹਿੱਸਾ ਲੈਣਗੀਆਂ ਤਾਂ ਜੋ ਵੱਧ ਤੋਂ ਵੱਧ ਦਰਸ਼ਕ ਇਨ੍ਹਾਂ ਮੈਚਾਂ ਨੂੰ ਦੇਖ ਸਕਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਨਦੀਪ ਸਿੰਘ ਬੈਂਸ, ਐਸ.ਡੀ.ਐਮ. ਡੇਰਾਬਸੀ ਪਰਮਜੀਤ ਸਿੰਘ, ਐਸ.ਡੀ.ਐਮ. ਮੋਹਾਲੀ ਜਗਦੀਪ ਸਹਿਗਲ, ਐਸ.ਡੀ.ਐਮ. ਖਰੜ ਸ੍ਰੀ ਵਿਨੋਦ ਬਾਂਸਲ, ਜ਼ਿਲ੍ਹਾ ਖੇਡ ਅਫਸਰ ਸ੍ਰੀ ਸੁਰਜੀਤ ਸਿੰਘ, ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਸ੍ਰੀ ਪਰਮਜੀਤ ਸਿੰਘ, ਡੀ.ਡੀ.ਪੀ.ਓ. ਡੀ ਕੇ ਸਾਲਦੀ ਅਤੇ ਡੀ. ਐਸ.ਪੀ ਹੈੱਡਕੁਆਟਰ ਸ. ਗੁਰਸ਼ੇਰ ਸਿੰਘ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।