5 Dariya News

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਸਿੱਖਣ ਪਰਿਣਾਮਾਂ ਦੀ ਜਾਣਕਾਰੀ ਸਬੰਧੀ ਸੀਐੱਚਟੀ ਦੀ ਓਰੀਐਂਟੇਸ਼ਨ ਦਾ ਦੂਜਾ ਗੇੜ ਸਮਾਪਤ

5 Dariya News (ਗੁਰਨਾਮ ਸਾਗਰ)

ਐਸ.ਏ.ਐਸ. ਨਗਰ (ਮੁਹਾਲੀ) 23-Oct-2018

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰ ਰਹੇ ਸੈਂਟਰ ਹੈੱਡ ਟੀਚਰਾਂ ਦੀ ਦੋ ਰੋਜਾ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ ਚੰਡੀਗੜ੍ਹ ਦੇ ਸੈਕਟਰ 32 ਵਿਖੇ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਵਿਖੇ ਕੀਤਾ ਜਾ ਰਿਹਾ ਹੈ| ਇਸ ਸਿਖਲਾਈ ਵਰਕਸ਼ਾਪ ਦੌਰਾਨ 22-23 ਅਕਤੂਬਰ ਦੇ ਦੂਜੇ ਗੇੜ ਵਿੱਚ 79 ਸੈਂਟਰ ਹੈੱਡ ਟੀਚਰਾਂ ਨੂੰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਸਿੱਖਣ ਪਰਿਣਾਮਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰਾਜ ਸਿੱਖਿਆ ਅਤੇ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਿਖਲਾਈ ਦਿੱਤੀ ਗਈ|ਇਸ ਸਿਖਲਾਈ ਵਰਕਸ਼ਾਪ ਦੌਰਾਨ ਰਿਸੋਰਸ ਪਰਸਨਾਂ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਲਈ ਸਿੱਖਣ ਪਰਿਣਾਮਾਂ ਨੂੰ ਸਮਝ ਕੇ ਜਮਾਤ ਦੇ ਕਮਰੇ ਵਿੱਚ ਕਰਵਾਈਆਂ ਜਾਣ ਵਾਲੀਆਂ ਸਿੱਖਣ ਸਿਖਾਉਣ ਵਿਧੀਆਂ 'ਤੇ ਜੋਰ ਦਿੱਤਾ ਗਿਆ| ਇਸ ਮੌਕੇ ਦੋ ਦਿਨਾਂ ਵਿੱਚ ਸੈਂਟਰ ਹੈੱਡ ਟੀਚਰਾਂ ਨੇ ਵੱਖ ਵੱਖ ਵਿਸ਼ਿਆਂ ਦੀਆਂ ਪਾਠਕ੍ਰਮ ਅਨੁਸਾਰ ਕਿਰਿਆਵਾਂ ਵੀ ਕੀਤੀਆਂ| ਸਿਖਲਾਈ ਵਰਕਸ਼ਾਪ ਦੇ ਦੂਜੇ ਗੇੜ ਦੇ ਦੂਜੇ ਦਿਨ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨੇ ਸੈਂਟਰ ਹੈੱਡ ਟੀਚਰਾਂ ਦੀ ਸਿਖਲਾਈ ਦਾ ਜਾਇਜਾ ਵੀ ਲਿਆ| ਉਹਨਾਂ ਸਮੂਹ ਸੀਐੱਚਟੀ ਨੂੰ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਿੱਖਿਆ ਦੇ ਸੁਧਾਰ ਲਈ ਨਿਰੰਤਰ ਕਾਰਜ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਪੰਜਾਬ ਦੇ1500 ਦੇ ਕਰੀਬ ਸੈਂਟਰ ਹੈੱਡ ਟੀਚਰਾਂ ਨੇ ਆਪਣੇ-ਆਪਣੇ ਸਕੂਲਾਂ ਵਿੱਚ ਗੁਣਾਤਮਿਕ ਸੁਧਾਰ ਲਿਆ ਕੇ ਮਿਸਾਲ ਕਾਇਮ ਕਰਨੀ ਹੈ, ਇਸ ਲਈ ਬਹੁਤ ਸਾਰੇ ਸੀਐੱਚਟੀ ਬਹੁਤ ਵਧੀਆ ਕੰਮ ਕਰ ਵੀ ਰਹੇ ਹਨ ਅਤੇ ਵਿਭਾਗ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਸਾਬਾਸ਼ੀ ਵੀ ਦੇ ਰਿਹਾ ਹੈ|