5 Dariya News

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਜ਼ਰਾਈਲ ਦੀ ਮੇਕੋਰੋਟ ਦੇ ਨਾਲ ਜਲ ਪ੍ਰਬੰਧਨ ਬਾਰੇ ਅਹਿਮ ਸਮਝੌਤੇ 'ਤੇ ਸਹੀ

ਖੇਤੀਬਾੜੀ 'ਚ ਸਿੱਖਿਆ ਤੇ ਖੋਜ ਨੂੰ ਬੜ੍ਹਾਵਾ ਦੇਣ ਲਈ ਪੀ.ਏ.ਯੂ ਅਤੇ ਇਜ਼ਰਾਈਲ ਦੀਆਂ ਸੰਸਥਾਵਾਂ 'ਚ ਤਿੰਨ ਸਮਝੌਤੇ ਸਹੀਬੰਦ

5 Dariya News

ਤਲ ਅਵੀਵ (ਇਜ਼ਰਾਈਲ) 23-Oct-2018

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਲ ਸੰਭਾਲ ਅਤੇ ਪ੍ਰਬੰਧਨ ਨੂੰ ਬੜ੍ਹਾਵਾ ਦੇਣ ਦੇ ਨਾਲ-ਨਾਲ ਖੇਤੀਬਾੜੀ ਖੋਜ ਅਤੇ ਸਿੱਖਿਆ ਨੂੰ ਹੁਲਾਰਾ ਦੇਣ ਲਈ ਇਜ਼ਰਾਈਲ ਦੇ ਨਾਲ ਚਾਰ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ। ਪੰਜਾਬ ਦੇ ਮੁੱਖ ਮੰਤਰੀ ਦੇ ਇਜ਼ਰਾਈਲ ਦੌਰੇ ਦੇ ਅੱਜ ਦੂਜੇ ਦਿਨ ਉਨ੍ਹਾਂ ਦੀ ਹਾਜ਼ਰੀ ਵਿੱਚ ਇਨ੍ਹਾਂ ਸਮਝੌਤਿਆਂ 'ਤੇ ਸਹੀ ਪਾਈ ਗਈ ਜਿਨ੍ਹਾਂ ਦਾ ਉਦੇਸ਼ ਖੇਤੀਬਾੜੀ, ਜਲ ਪ੍ਰਬੰਧਨ ਅਤੇ ਹੋਮ ਲੈਂਡ ਸੁਰੱਖਿਆ ਵਰਗੇ ਮੁੱਖ ਖੇਤਰਾਂ ਵਿੱਚ ਦੋਹਾਂ ਧਿਰਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਝੌਤੇ ਜਲ ਪ੍ਰਬੰਧਨ ਅਤੇ ਖੇਤੀਬਾੜੀ ਖੋਜ ਤੇ ਸਿੱਖਿਆ ਨੂੰ ਹੋਰ ਪੱਕੇ ਪੈਰੀਂ ਕਰਨ ਲਈ ਲੋੜੀਂਦੀ ਤਕਨੀਕੀ ਮੁਹਾਰਤ ਅਤੇ ਗਿਆਨ ਪ੍ਰਾਪਤ ਕਰਨ ਵਾਸਤੇ ਪੰਜਾਬ ਲਈ ਮਦਦਗਾਰ ਹੋਣਗੇ। ਜਲ ਪ੍ਰਬੰਧਨ ਬਾਰੇ ਸਹਮਤਿ ਪੱਤਰ 'ਤੇ ਹਸਤਾਖਰ ਪੰਜਾਬ ਜਲ ਸ੍ਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਅਤੇ ਇਜ਼ਰਾਈਲ ਦੀ ਰਾਸ਼ਟਰੀ ਜਲ ਕੰਪਨੀ ਮੇਕੋਰੋਟ ਡਿਵੈਲਪਮੈਂਟ ਐਂਡ ਇੰਟਰਪ੍ਰਾਈਜ ਲਿ. ਨੇ ਕੀਤੇ। ਇਸ ਸਮਝੌਤੇ 'ਤੇ ਹਸਤਾਖਰ ਕਾਰਪੋਰੇਸ਼ਨ ਦੇ ਚੇਅਰਮੈਨ ਅਰੁਣਜੀਤ ਸਿੰਘ ਮਿਗਲਾਨੀ ਨੇ ਪੰਜਾਬ ਸਰਕਾਰ ਦੀ ਤਰਫੋ ਜਦਕਿ ਮੇਕੋਰੋਟ ਦੇ ਵਾਈਸ ਪ੍ਰੇਸੀਡੈਂਟ ਮੋਤੀ ਸ਼ਿਰੀ ਨੇ ਇਜ਼ਰਾਈਲ ਦੀ ਤਰਫੋ ਕੀਤੇ।ਇਸ ਸਮਝੌਤੇ ਦੇ ਹੇਠ ਮੇਕੋਰੋਟ ਪੰਜਾਬ ਦੇ ਲਈ ਜਲ ਸੰਭਾਲ ਅਤੇ ਪ੍ਰਬੰਧਨ ਯੋਜਨਾ ਤਿਆਰ ਕਰੇਗੀ ਅਤੇ ਇਸ ਸਬੰਧ ਵਿੱਚ ਢੁਕਵੀਂ ਤਕਨੌਲੋਜੀ ਵਰਤੇ ਜਾਣ ਦੀ ਸਿਫਾਰਸ਼ ਕੀਤੇ ਜਾਣ ਤੋਂ ਇਲਾਵਾ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ ਆਦਿ ਵੀ ਤਿਆਰ ਕਰੇਗੀ। ਇਸ ਦੇ ਵਾਸਤੇ ਬੁਨਿਆਦੀ ਡਾਟਾ ਪੰਜਾਬ ਜਲ ਸ੍ਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਵੱਲੋਂ ਮੁੱਹਈਆ ਕਰਵਾਇਆ ਜਾਵੇਗਾ। ਕਿਸੇ ਵਾਧੂ ਡਾਟੇ ਨੂੰ ਇਕਤਰ ਕਰਨ ਸਬੰਧੀ ਜ਼ਰੂਰਤ ਬਾਰੇ ਦੋਵਾਂ ਧਿਰਾਂ ਫੈਸਲਾ ਕਰਨਗੀਆਂ। ਇਸ ਸਬੰਧ ਵਿੱਚ ਜੇ ਕਿਸੇ ਅਧਿਐਨ ਦੀ ਜ਼ਰੂਰਤ ਪਈ ਤਾਂ ਉਹ ਵੀ ਇਹੀ ਦੋਵੇਂ ਧਿਰਾਂ ਕਰਨਗੀਆਂ। ਜੇ ਦੋਵੇ ਧਿਰਾਂ ਇਸ ਸਬੰਧੀ ਯੋਜਨਾ ਦੇ ਵਾਸਤੇ ਕਿਸੇ ਵਾਧੂ ਸਮੇਂ ਲਈ ਸਹਿਮਤ ਨਹੀਂ ਹੁੰਦੀਆਂ ਤਾਂ ਇਸ ਨੂੰ ਦੋ ਮਹੀਨਿਆਂ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ। ਇਨ੍ਹਾਂ ਦੋਵਾਂ ਧਿਰਾਂ ਵੱਲੋਂ ਸਾਂਝੇ ਰੂਪ ਵਿੱਚ ਇਕ ਗਰੁੱਪ ਦੀ ਸ਼ਕਲ ਵਿੱਚ ਕੰਮ ਕੀਤਾ ਜਾਵੇਗਾ ਅਤੇ ਦੋਵਾਂ ਧਿਰਾਂ ਦੇ ਬਰਾਬਰ ਦੇ ਮੈਂਬਰ ਹੋਣਗੇ। 

ਇਹ ਗਰੁੱਪ ਤਿੰਨ ਹਫਤਿਆਂ ਵਿੱਚ ਤਿਆਰ ਕੀਤਾ ਜਾਵੇਗਾ ਅਤੇ ਇਸ ਯੋਜਨਾ ਦੇ ਸ਼ੁਰੂ ਹੋਣ ਦੀ ਪ੍ਰਗਤੀ 'ਤੇ ਨਿਗਰਾਨੀ ਰੱਖੀ ਜਾਵੇਗੀ। ਧਰਤੀ ਹੇਠਲੇ ਪਾਣੀ ਦੀ ਹੱਦੋ ਵਧ ਵਰਤੋਂ ਕੀਤੇ ਜਾਣ ਦੇ ਨਤੀਜੇ ਵਜੋਂ ਪੰਜਾਬ ਇਸ ਵੇਲੇ ਪੰਜਾਬ ਪਾਣੀ ਦੇ ਸਬੰਧ ਵਿੱਚ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਹ ਯੋਜਨਾ ਇਸ ਵਾਸਤੇ ਬਹੁਤ ਜ਼ਰੂਰੀ ਹੈ। ਪੰਜਾਬ ਦੇ ਲਈ ਵਾਜਬ ਲਾਗਤ ਵਾਲੀ, ਹੰਡਣਸਾਰ, ਵਿਆਪਕ ਅਤੇ ਕੁਸ਼ਲ ਜਲ ਸੰਭਾਲ ਤੇ ਪ੍ਰਬੰਧਨ ਯੋਜਨਾ ਲੋੜੀਂਦੀ ਹੈ ਜੋ ਇਸ ਸਹਿਮਤ ਪੱਤਰ ਦੇ ਰਾਹੀਂ ਅਮਲ ਵਿੱਚ ਆਈ ਹੈ। ਖੇਤੀਬਾੜੀ ਖੋਜ ਨਾਲ ਸਬੰਧਤ ਤਿੰਨ ਸਹਿਮਤ ਪੱਤਰਾਂ 'ਤੇ ਵੀ ਹਸਤਾਖਰ ਕੀਤੇ ਗਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਇਜ਼ਰਾਈਲ ਦੇ ਏ.ਆਰ.ਵੀ.ਏ ਇੰਸਟੀਚਿਊਟ, ਤਲ ਅਵੀਵ ਯੂਨੀਵਰਸਿਟੀ ਅਤੇ ਗੈਲੀਲੀ ਇੰਟਰਨੈਸ਼ਨਲ ਮੈਨੇਜਮੈਂਟ ਇੰਸਟੀਚਿਊਟ ਨੇ ਇਨ੍ਹਾਂ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ। ਪੀ.ਏ.ਯੂ ਦੇ ਵਾਈਸ ਚਾਂਸਲਰ ਦੀ ਤਰਫੋਂ ਪੰਜਾਬ ਸਰਕਾਰ ਦੇ ਵਧੀਕ ਸਕੱਤਰ ਵਿਸ਼ਵਾਜੀਤ ਖੰਨਾ ਨੇ ਸਮਝੌਤਿਆਂ 'ਤੇ ਹਸਤਾਖਰ ਕੀਤੇ ਜਦਕਿ ਏ.ਆਰ.ਵੀ.ਏ ਇੰਸਟੀਚਿਊਟ ਫਾਰ ਇਨਵਾਈਰਮੈਂਟ ਸਟਡੀਜ਼ ਦੀ ਤਰਫੋਂ ਡਾ. ਸੈਮਿਉਲ ਬਰੇਨਰ, ਟੀ.ਏ.ਯੂ ਦੇ ਵਾਈਸ ਪ੍ਰੈਸੀਡੈਂਟ ਰਨਨ ਰੇਇਨ ਅਤੇ ਗੈਲੀਲੀ ਇੰਟਰਨੈਸ਼ਨਲ ਮੈਨੇਜਮੈਂਟ ਇੰਸਟੀਚਿਊਟ ਦੀ ਤਰਫੋਂ ਬੋਰਡ ਆਫ ਟਰਸਟੀ ਦੇ ਚੇਅਰਮੈਨ ਮੇਜਰ ਜਨਰਲ ਡਾ. ਬਰੂਚ ਲੇਵੀ ਨੇ ਸਹੀ ਪਾਈ। ਸਿੱਖਿਆ ਸਹਿਯੋਗ ਨਾਲ ਸਬੰਧਤ ਸਹਮਤਿ ਪੱਤਰਾਂ ਵਿੱਚ ਖੇਤੀਬਾੜੀ ਸਾਇੰਸ ਵਿੱਚ ਸਾਂਝੇ ਅਕਾਦਮਕ ਸੈਮੀਨਾਰ ਕਰਵਾਉਣ ਅਤੇ ਖੋਜ ਵਿੱਚ ਸਹਿਯੋਗ ਕਰਨ 'ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ 'ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ਵਿੱਚ ਦੋਵੇ ਧਿਰਾਂ ਦੁਵਲੇ ਹਿੱਤਾਂ ਦੇ ਮੱਦੇਨਜ਼ਰ ਸਕਾਲਰਸ਼ਿਪ ਯੋਜਨਾਵਾਂ ਦੇ ਆਦਾਨ-ਪ੍ਰਦਾਨ ਲਈ ਵੀ ਸਹਿਯੋਗ ਕਰਨ ਲਈ ਸਹਿਮਤ ਹੋਈਆਂ ਹਨ। ਅਜਿਹਾ ਇਨ੍ਹਾਂ ਤਿੰਨਾਂ ਸਮਝੌਤੇ ਹੇਠ ਕੀਤਾ ਜਾਵੇਗਾ ਅਤੇ ਇਨ੍ਹਾਂ ਦੀ ਮਿਆਦ 5 ਸਾਲ ਹੋਵੇਗੀ।