5 Dariya News

ਮਿਸ਼ਨ ਤੰਦਰੁਸਤ ਪੰਜਾਬ-ਗਲੋਬਲ ਕਬੱਡੀ ਲੀਗ ਦੇ ਮੁਕਾਬਲੇ ਲੁਧਿਆਣਾ ਵਿਖੇ 24 ਅਕਤੂਬਰ ਤੋਂ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਕਰਨਗੇ ਉਦਘਾਟਨ, ਸ਼ੁਰੂਆਤੀ ਮੈਚ ਸਿੰਘ ਵਾਰੀਅਰਜ਼ ਪੰਜਾਬ ਅਤੇ ਮੈਪਲ ਲੀਫ਼ ਕੈਨੇਡਾ ਦਰਮਿਆਨ ਹੋਵੇਗਾ

5 Dariya News

ਲੁਧਿਆਣਾ 23-Oct-2018

ਕੌਮਾਂਤਰੀ ਪੱਧਰ ਦੀ ਗਲੋਬਲ ਕਬੱਡੀ ਲੀਗ 2018, ਜੋ ਕਿ ਪੰਜਾਬ ਦੇ ਜਲੰਧਰ, ਲੁਧਿਆਣਾ ਅਤੇ ਅਜੀਤਗੜ੍ਹ (ਮੋਹਾਲੀ) ਵਿੱਚ ਕਰਵਾਈ ਜਾ ਰਹੀ ਹੈ, ਦੇ ਦੂਜੇ ਗੇੜ ਦੇ ਮੁਕਾਬਲੇ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਵਿਖੇ ਮਿਤੀ 24 ਤੋਂ 29 ਅਕਤੂਬਰ, 2018 ਤੱਕ ਕਰਵਾਏ ਜਾ ਰਹੇ ਹਨ। ਉਦਘਾਟਨੀ ਸਮਾਰੋਹ ਵਿੱਚ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਇਸ ਸੰਬੰਧੀ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ-ਕਮ-ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਕਬੱਡੀ ਲੀਗ ਪੰਜਾਬ ਸਰਕਾਰ ਵੱਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜ ਕੇ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਕਰਵਾਈ ਜਾ ਰਹੀ ਹੈ, ਜਿਸ ਵਿੱਚ ਵਿਸ਼ਵ ਦੀਆਂ 6 ਕਬੱਡੀ ਟੀਮਾਂ ਭਾਗ ਲੈ ਰਹੀਆਂ ਹਨ, ਇਨ੍ਹਾਂ ਟੀਮਾਂ ਵਿੱਚ ਸਿੰਘ ਵਾਰੀਅਰਜ਼ ਪੰਜਾਬ, ਹਰਿਆਣਾ ਲਾਇਨਜ਼, ਬਲੈਕ ਪੈਂਥਰਜ਼, ਦਿੱਲੀ ਟਾਈਗਰਜ਼, ਮੈਪਲ ਲੀਫ਼ਜ਼ ਅਤੇ ਕੈਲੇਫੋਰਨੀਆ ਈਗਲਜ਼ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਲੀਗ ਦੌਰਾਨ ਮਿਤੀ 24, 25, 26 ਅਤੇ 29 ਨੂੰ ਰੋਜ਼ਾਨਾ 2-2 ਮੈਚ ਖੇਡੇ ਜਾਇਆ ਕਰਨਗੇ। ਜਦਕਿ 27 ਅਤੇ 28 ਅਕਤੂਬਰ ਨੂੰ 3-3 ਮੈਚ ਖੇਡੇ ਜਾਣਗੇ। ਮੈਚ ਰੋਜ਼ਾਨਾ ਸ਼ਾਮ ਨੂੰ 5 ਵਜੇ ਸ਼ੁਰੂ ਹੋਇਆ ਕਰਨਗੇ ਅਤੇ ਫਲੱਡ ਲਾਈਟਾਂ ਵਿੱਚ ਖੇਡੇ ਜਾਇਆ ਕਰਨਗੇ। ਉਦਘਾਟਨੀ ਮੈਚ ਸਿੰਘ ਵਾਰੀਅਰਜ਼ ਪੰਜਾਬ ਅਤੇ ਮੈਪਲ ਲੀਫ਼ ਕੈਨੇਡਾ ਟੀਮਾਂ ਦਰਮਿਆਨ ਖੇਡਿਆ ਜਾਵੇਗਾ, ਜਦਕਿ ਦੂਜਾ ਮੈਚ ਕੈਲੇਫੋਰਨੀਆ ਈਗਲ ਅਤੇ ਦਿੱਲੀ ਟਾਈਗਰਜ਼ ਦਰਮਿਆਨ ਖੇਡਿਆ ਜਾਵੇਗਾ। 

ਲੁਧਿਆਣਾ ਵਿਖੇ ਕੁੱਲ 14 ਮੁਕਾਬਲੇ ਖੇਡੇ ਜਾਣਗੇ।ਉਨ੍ਹਾਂ ਕਿਹਾ ਕਿ ਇਸ ਲੀਗ ਦਾ ਫਾਈਨਲ ਗੇੜ ਅਜੀਤਗੜ੍ਹ (ਮੋਹਾਲੀ) ਵਿਖੇ ਖੇਡਿਆ ਜਾਵੇਗਾ। ਇਸ ਲੀਗ ਦੀ ਜੇਤੂ ਟੀਮ ਨੂੰ 1 ਕਰੋੜ ਰੁਪਏ, ਉਪ-ਜੇਤੂ ਨੂੰ 50 ਲੱਖ ਰੁਪਏ ਅਤੇ ਤੀਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲੀਗ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ 70 ਫੀਸਦੀ ਨਵੇਂ ਨੌਜਵਾਨਾਂ ਨੂੰ ਖੇਡਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਤਾਂ ਜੋ ਅਜਿਹੇ ਨੌਜਵਾਨ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਖੇਡ ਵਿਖਾ ਸਕਣ। ਰੋਜ਼ਾਨਾ ਇੱਕ ਟੀਮ ਦੇ ਦੋ ਖ਼ਿਡਾਰੀਆਂ ਦਾ ਡੋਪ ਟੈਸਟ ਹੋਇਆ ਕਰੇਗਾ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਨੂੰ ਖੇਡਾਂ ਦੇਖਣ ਵੱਲ ਉਤਸ਼ਾਹਿਤ ਕਰਨ ਲਈ ਰੋਜ਼ਾਨਾ ਮੋਬਾਈਲ ਫੋਨ ਅਤੇ ਫਾਈਨਲ ਵਾਲੇ ਦਿਨ ਮੋਟਰਸਾਈਕਲ ਦੇ ਉਤਸ਼ਾਹੀ ਇਨਾਮ ਕੱਢੇ ਜਾਣਗੇ। ਰੋਜ਼ਾਨਾ 5 ਮੋਬਾਈਲ ਫੋਨ ਦਿੱਤੇ ਜਾਣਗੇ, ਜਿਸ ਲਈ ਦਰਸ਼ਕਾਂ ਨੂੰ ਲੱਕੀ ਕੂਪਨ ਐਂਟਰੀ ਗੇਟ 'ਤੇ ਮੁਹੱਈਆ ਕਰਵਾਏ ਜਾਇਆ ਕਰਨਗੇ। ਰੋਜ਼ਾਨਾ ਆਖ਼ਰੀ ਮੈਚ ਤੋਂ ਬਾਅਦ ਲੱਕੀ ਡਰਾਅ ਕੱਢਿਆ ਜਾਇਆ ਕਰੇਗਾ। ਇਹੀ ਕੂਪਨ ਮੋਟਰਸਾਈਕਲ ਇਨਾਮ ਲਈ ਵੀ ਵਰਤੇ ਜਾ ਸਕਣਗੇ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਲੀਗ ਨਾਲ ਜੁੜੇ ਪ੍ਰਬੰਧਕਾਂ 'ਚ ਸ੍ਰ. ਅਮਰਜੀਤ ਸਿੰਘ ਟੁੱਟ, ਸ੍ਰੀ ਯੋਗੇਸ਼ ਛਾਬੜਾ, ਸ੍ਰ. ਰਣਬੀਰ ਸਿੰਘ ਟੁੱਟ, ਲੀਗ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਸ੍ਰ. ਗੁਰਦੇਵ ਸਿੰਘ ਲਾਪਰਾਂ ਤੇ ਸ੍ਰੀ ਗੁਰਪ੍ਰੀਤ ਸਿੰਘ ਗੋਗੀ (ਦੋਵੇਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ) ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।

ਉਦਘਾਟਨੀ ਸਮਾਰੋਹ 'ਤੇ ਪਰਮੀਸ਼ ਵਰਮਾ ਕਰਨਗੇ ਮਨੋਰੰਜਨ

24 ਅਕਤੂਬਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਵਿੱਚ ਪੰਜਾਬੀ ਦੇ ਪ੍ਰਸਿੱਧ ਗਾਇਕ ਪਰਮੀਸ਼ ਵਰਮਾ ਵੱਲੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਪਰਮੀਸ਼ ਵਰਮਾ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ ਨੂੰ 4.15 ਵਜੇ ਕੀਤੀ ਜਾਵੇਗੀ। ਉਦਘਾਟਨੀ ਸਮਾਰੋਹ ਉਸ ਤੋਂ ਬਾਅਦ ਵਿੱਚ ਹੋਵੇਗਾ। ਉਦਘਾਟਨੀ ਅਤੇ ਸਮਾਪਤੀ ਸਮਾਰੋਹ ਸਮੇਤ ਮੈਚਾਂ ਦੇ ਕਿਸੇ ਵੀ ਦਿਨ ਆਮ ਪਬਲਿਕ ਲਈ ਐਂਟਰੀ ਬਿਲਕੁਲ ਫਰੀ ਰੱਖੀ ਗਈ ਹੈ।