5 Dariya News

ਡਿਪਟੀ ਕਮਿਸ਼ਨਰ ਵੱਲੋਂ ਇੰਤਕਾਲ ਦੇ ਬਕਾਇਆ ਕੇਸਾਂ ਦਾ 15 ਦਿਨਾਂ ਅੰਦਰ ਨਿਪਟਾਰਾ ਕਰਨ ਦੇ ਆਦੇਸ਼

5 Dariya News

ਪਟਿਆਲਾ 23-Oct-2018

ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇੰਤਕਾਲ ਦੇ ਬਕਾਇਆ ਪਏ ਮਾਮਲਿਆਂ ਦਾ 15 ਦਿਨਾਂ ਦੇ ਅੰਦਰ-ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਜੋ ਮਿੰਨੀ ਸਕੱਤਰੇਤ ਵਿਖੇ ਮਾਲ ਵਿਭਾਗ ਦੇ ਕੰਮ ਕਾਜ ਦੀ ਸਮੀਖਿਆ ਕਰ ਰਹੇ ਸਨ, ਨੇ ਮਾਲ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੀ ਖੱਜਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕੁਤਾਹੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਮਾਲ ਅਧਿਕਾਰੀਆਂ ਨੂੰ ਕਿਹਾ ਕਿ ਜਾਇਦਾਦਾਂ ਦੀ ਨਿਸ਼ਾਨਦੇਹੀ ਦੇ ਪੈਡਿੰਗ ਪਏ ਮਾਮਲਿਆ ਦਾ ਵੀ ਬਿਨਾਂ ਕਿਸੇ ਦੇਰੀ ਨਿਪਟਾਰਾ ਕੀਤਾ ਜਾਵੇ। ਕੁਮਾਰ ਅਮਿਤ ਨੇ ਇਹ ਵੀ ਹਦਾਇਤ ਕੀਤੀ ਕਿ ਮੀਂਹ ਕਾਰਨ ਫ਼ਸਲਾਂ ਤੇ ਘਰਾਂ ਦੇ ਹੋਏ ਖਰਾਬੇ ਦੀ ਰਿਪੋਰਟ ਵੀ ਤਿੰਨ ਦਿਨ ਦੇ ਅੰਦਰ-ਅੰਦਰ ਭੇਜਣੀ ਯਕੀਨੀ ਬਣਾਈ ਜਾਵੇ। ਉਹਨਾਂ ਰਾਜਪੁਰਾ ਦੇ ਕੁਝ ਪਿੰਡਾਂ ਵਿੱਚ ਗੜ੍ਹੇ ਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦੀਆਂ ਰਿਪੋਰਟਾਂ ਵੀ ਛੇਤੀ ਭੇਜਣ ਲਈ ਕਿਹਾ।ਉਹਨਾਂ ਮਾਲ ਅਫ਼ਸਰਾਂ ਨੂੰ ਕਿਹਾ ਕਿ ਤਹਿਸੀਲ ਦਫ਼ਤਰ ਵਿਖੇ ਕੰਮ ਕਰਾਉਣ ਆਉਂਦੇ ਲੋਕਾਂ ਦੇ ਕੇਸਾਂ ਦਾ ਬਿਨਾਂ ਕਿਸੇ ਖੱਜਲ ਖੁਆਰੀ ਦੇ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤਾ ਜਾਵੇ।ਅੱਜ ਦੀ ਮੀਟਿੰਗ ਵਿੱਚ ਏ.ਡੀ.ਸੀ. ਜਨਰਲ ਸ਼੍ਰੀ ਸ਼ੌਕਤ ਅਹਿਮਦ ਪਰੇ, ਏ.ਡੀ.ਸੀ. ਵਿਕਾਸ ਸ਼੍ਰੀਮਤੀ ਪੂਨਮਦੀਪ ਕੌਰ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਹਰਸ਼ਰਨਜੀਤ ਸਿੰਘ , ਸਹਾਇਕ ਕਮਿਸ਼ਨਰ ਸ੍ਰੀ ਨਮਨ ਮੜਕਨ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ਼੍ਰੀਮਤੀ ਹਰਕੀਰਤ ਕੌਰ, ਐਸ.ਡੀ.ਐਮ. ਪਟਿਆਲਾ ਸ੍ਰੀ ਅਨਮੋਲ ਸਿੰਘ ਧਾਲੀਵਾਲ,ਐਸ.ਡੀ.ਐਮ. ਸਮਾਣਾ ਸ਼੍ਰੀ ਅਰਵਿੰਦ ਕੁਮਾਰ, ਐਸ.ਡੀ.ਐਮ ਪਾਤੜਾਂ ਸ਼੍ਰੀਮਤੀ ਪਲਿਕਾ ਅਰੋੜਾ, ਐਸ.ਡੀ.ਐਮ. ਨਾਭਾ ਸ਼੍ਰੀ ਕਾਲਾ ਰਾਮ ਕਾਸ਼ਲ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਸ਼ਿਵ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।