5 Dariya News

ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਗਤੀਸ਼ੀਲ ਬਣਾਉਣ ਲਈ ਵੱਧ ਤੋਂ ਵੱਧ ਨੌਜਵਾਨ ਵਿਦਿਆਰਥੀਆਂ ਜੋੜਿਆ ਜਾਵੇ : ਸ਼ਿਵਦੁਲਾਰ ਸਿੰਘ ਢਿੱਲੋਂ

ਡੈਪੋਜ਼, ਕਲਸਟਰ ਕੋਆਰਡੀਨੇਟਰ ਤੇ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਨੂੰ 1 ਤੋਂ 30 ਨਵੰਬਰ ਤੱਕ ਦਿੱਤੀ ਜਾਵੇਗੀ ਟਰੇਨਿੰਗ

5 Dariya News

ਫ਼ਤਹਿਗੜ੍ਹ ਸਾਹਿਬ 23-Oct-2018

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਗਤੀਸ਼ੀਲ ਬਣਾਉਣ ਲਈ ਸਕੂਲਾਂ, ਕਾਲਜ਼ਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵੱਧ ਤੋਂ ਵੱਧ ਨੌਜਵਾਨ ਵਿਦਿਆਰਥੀਆਂ ਨੂੰ ਬਡੀ ਪ੍ਰੋਗਰਾਮ ਨਾਲ ਜੋੜਿਆ ਜਾਵੇ । ਇਹ ਨਿਰਦੇਸ਼ ਡਿਪਟੀ ਕਮਿਸ਼ਨਰ  ਸ਼ਿਵਦੁਲਾਰ ਸਿੰਘ ਢਿੱਲੋਂ ਨੇ ਬੱਚਤ ਭਵਨ ਵਿਖੇ ਵੱਖ-ਵੱਖ ਯੂਨੀਵਰਸਿਟੀਆਂ ਕਾਲਜ਼ਾਂ ਦੇ ਪ੍ਰਤੀਨਿਧਾਂ ਅਤੇ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਬਡੀਜ਼ ਗਰੁੱਪ ਬਣਾਉਣ ਦਾ ਕੰਮ ਮੁਕੰਮਲ ਕਰਕੇ 29 ਅਕਤੂਬਰ ਤੱਕ ਬਡੀਜ਼ ਗਰੁੱਪਾਂ ਤੇ ਮਾਸਟਰ ਬਡੀਜ਼ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚਾਈ ਜਾਵੇ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਨਸ਼ਿਆਂ ਵਿਰੁੱਧ ਅਭਿਆਨ ਨੂੰ ਕਾਮਯਾਬ ਕਰਨ ਲਈ ਸਾਂਝ ਕੇਂਦਰਾ ਰਾਹੀਂ ਵੱਧ ਤੋਂ ਵੱਧ ਨਵੇਂ ਡੈਪੋ ਰਜਿਸਟਰ ਕਰਵਾਏ ਜਾਣ ਅਤੇ ਪਹਿਲਾਂ ਰਜਿਸਟਰਡ ਹੋਏ ਡੈਪੋਜ਼, ਕਲਸਟਰ ਕੋਆਰਡੀਨੇਟਰ ਤੇ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਨੂੰ 1 ਨਵੰਬਰ ਤੋਂ 30 ਨਵੰਬਰ ਤੱਕ ਟਰੇਨਿੰਗ ਦੇਣ ਦਾ ਪ੍ਰੋਗਰਾਮ ਉਲੀਕ ਕੇ 29 ਅਕਤੂਬਰ ਤੱਕ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ, ਤਾਂ ਜੋ ਮਗਸੀਪਾ ਤੋਂ ਟਰੇਨਿੰਗ ਹਾਸਲ ਕਰਕੇ ਆਏ ਮਾਸਟਰ ਟਰੇਨਰ ਵੱਲੋਂ ਇਨ੍ਹਾਂ ਗਰੁੱਪਾਂ ਨੂੰ ਅੱਗੇ ਟਰੇਨਿੰਗ ਦੇਣ ਦਾ ਪ੍ਰੋਗਰਾਮ ਉਲੀਕਿਆ ਜਾ ਸਕੇ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫਸਰ, ਯੂਨੀਵਰਸਿਟੀਆਂ, ਕਾਲਜ਼ਾਂ ਅਤੇ ਸਕੂਲਾਂ ਦੇ ਮੁਖੀਆਂ ਨੂੰ ਕਿਹਾ ਕਿ ਵੱਧ ਤੋਂ ਵੱਧ ਨੌਜਵਾਨ ਵਰਗ ਨੂੰ ਨਸ਼ਿਆਂ ਵਿਰੁੱਧ ਅਭਿਆਨ ਚਲਾਉਣ ਲਈ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤਿਆਰ ਕੀਤਾ ਜਾਵੇ। ਉਨ੍ਹਾਂ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਸਬ ਡਵੀਜ਼ਨ ਪੱਧਰ 'ਤੇ ਨੌਜਵਾਨ ਗਰੁੱਪਾਂ ਅਤੇ ਹੋਰ ਵੱਖ-ਵੱਖ ਵਰਗ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੱਧ ਕਰਨ ਲਈ ਮੀਟਿੰਗਾਂ ਕਰਨ। 

ਉਨ੍ਹਾਂ ਐਸ.ਡੀ.ਐਮਜ਼ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਬ ਡਵੀਜ਼ਨ ਪੱਧਰ 'ਤੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਮਾਸਟਰ ਬਡੀਜ਼ ਗਰੁੱਪਾਂ ਦੇ ਵਟਸਐਪ ਗਰੁੱਪ ਵੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਲੋੜੀਂਦੇ ਦਿਸ਼ਾ ਨਿਰਦੇਸ਼ ਭੇਜੇ ਜਾ ਸਕਣ। ਉਨ੍ਹਾਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਨੂੰ ਕਿਹਾ ਕਿ ਹਫਤੇ ਵਿੱਚ ਵਿਦਿਆਰਥੀਆਂ ਨੂੰ ਘੱਟੋ ਘੱਟ ਅੱਧਾ ਘੰਟਾ ਨਸ਼ਾ ਵਿਰੋਧੀ ਅਭਿਆਨ ਲਈ ਜਰੂਰ ਦਿੱਤਾ ਜਾਵੇ। ਉਨ੍ਹਾਂ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਕਿਹਾ ਕਿ ਸਾਂਝ ਕੇਂਦਰਾਂ ਰਾਹੀਂ ਹੋਰ ਵੱਧ ਤੋਂ ਵੱਧ ਡੈਪੋ ਰਜਿਸਟਰ ਕਰਨ ਦੇ ਪ੍ਰੋਗਰਾਮ ਨੂੰ ਪਹਿਲੀ ਤਰਜ਼ੀਹ ਦਿੱਤੀ ਜਾਵੇ।ਵਧੀਕ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ 1 ਦਸੰਬਰ ਤੋਂ 15 ਦਸੰਬਰ ਤੱਕ ਵੱਖ-ਵੱਖ ਵਿਭਾਗਾਂ ਦੇ ਗਜਟਿਡ ਅਧਿਕਾਰੀ ਜ਼ਿਲ੍ਹੇ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਚੱਲ ਰਹੇ ਬਡੀਜ਼ ਪ੍ਰੋਗਰਾਮ ਦਾ ਨਰੀਖਣ ਕਰਨ ਲਈ ਸਮੇਂ-ਸਮੇਂ 'ਤੇ ਦੌਰੇ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 6820 ਡੈਪੋ ਰਜਿਸਟਰਡ ਹੋ ਚੁੱਕੇ ਹਨ। ਉਨ੍ਹਾਂ ਸਮੂਹ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਜਿਨ੍ਹਾਂ ਨੇ ਅਜੇ ਤੱਕ ਡੈਪੋ ਪ੍ਰੋਗਰਾਮ ਵਿੱਚ ਆਪਣੀ ਰਜਿਸਟਰੇਸ਼ਨ ਨਹੀਂ ਕਰਵਾਈ ਉਹ ਜਰੂਰ ਅਪਣੀ ਰਜਿਸਟਰੇਸ਼ਨ ਕਰਵਾਉਣ। ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਡੈਪੋ ਪ੍ਰੋਗਰਾਮ ਅਧੀਨ ਆਪਣੇ ਆਪ ਨੂੰ ਸਾਂਝ ਕੇਂਦਰ ਵਿਖੇ ਕੋਈ ਇੱਕ ਪਹਿਚਾਣ ਪੱਤਰ ਦਿਖਾ ਕੇ ਰਜਿਸਟਰ ਕਰਵਾ ਸਕਦਾ ਹੈ। ਇਸ ਮੀਟਿੰਗ ਵਿੱਚ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਦੇ ਮੁਖੀਆਂ ਤੋਂ ਇਲਾਵਾ ਐਸ.ਪੀ. (ਡੀ) ਹਰਪਾਲ ਸਿੰਘ, ਐਸ.ਡੀ.ਐਮ. ਅਮਲੋਹ ਸ਼੍ਰੀ ਆਨੰਦ ਸਾਗਰ ਸ਼ਰਮਾ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਅਮਿਤ ਬੈਂਬੀ, ਐਸ.ਡੀ.ਐਮ. ਬਸੀ ਪਠਾਣਾ ਜਗਦੀਸ਼ ਸਿੰਘ ਜੌਹਲ, ਡੀ.ਐਸ.ਪੀ. (ਐਚ) ਸੰਦੀਪ ਕੌਰ ਸੈਣੀ, ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀਮਤੀ ਪਰਮਜੀਤ ਕੌਰ ਸਿੱਧੂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਭਾਗ ਲਿਆ।