5 Dariya News

ਕਣਕ ਦੇ ਪ੍ਰਵਾਨਿਤ ਬੀਜ ’ਤੇ ਕੀਮਤ ਦਾ 50 ਫ਼ੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਮਿਲੇਗੀ

ਖੇਤੀਬਾੜੀ ਦਫ਼ਤਰਾਂ ’ਚ ਅਰਜ਼ੀਆਂ ਦੇਣ ਦੀ ਆਖਰੀ ਮਿਤੀ 25 ਅਕਤੂਬਰ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 22-Oct-2018

ਪੰਜਾਬ ਸਰਕਾਰ ਵੱਲੋ ਇਸ ਸਾਲ ਕਣਕ ਦੇ ਬੀਜ ’ਤੇ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਤਸਦੀਕਸ਼ੁਦਾ (ਸਰਟੀਫ਼ਾਈਡ) ਬੀਜ ਦੀ ਕੀਮਤ ਦਾ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 1000/ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦਿਤੀ ਜਾਵੇਗੀ। ਇਸ ਸਬੰਧੀ ਅਰਜ਼ੀਆਂ ਬਲਾਕ ਖੇਤੀਬਾੜੀ ਦਫ਼ਤਰਾਂ ’ਚ 25 ਅਕਤੂਬਰ ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਸਰਕਾਰ ਵੱਲੋ ਕਣਕ ਦੀਆਂ ਪੀ.ਬੀ.ਡਬਲਯੂ 725, ਪੀ.ਬੀ.ਡਬਲਯੂ 677, ਐਚ.ਡੀ. 3086, ਡਬਲਯੂ.ਐਚ 1105, ਐਚ.ਡੀ 2967, ਪੀ.ਬੀ.ਡਬਲਯੂ 621, ਪੀ.ਬੀ.ਡਬਲਯੂ 550, ਪੀ.ਬੀ.ਡਬਲਯੂ 658, ਪੀ.ਬੀ.ਡਬਲਯੂ 343, ਪੀ.ਬੀ.ਡਬਲਯੂ 660 ਕਿਸਮਾਂ ’ਤੇ ਹੀ ਸਬਸਿਡੀ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਸਬਸਿਡੀ ਦੀ ਇਹ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਜਮ੍ਹਾਂ ਕਰਵਾਈ ਜਾਵੇਗੀ। ਇੱਕ ਕਿਸਾਨ ਨੂੰ ਵੱਧ ਤੋ ਵੱਧ ਪੰਜ ਏਕੜ ਲਈ ਬੀਜ ’ਤੇ ਹੀ ਸਬਸਿਡੀ ਦਿੱਤੀ ਜਾਵੇਗੀ। ਸਰਕਾਰ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨ ਕੇੇਵਲ ਪੰਜਾਬ ਰਾਜ ਬੀਜ ਪ੍ਰਮਾਣਨ ਸਸੰਥਾ ਵੱਲੋਂ ਰਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾਂ/ਅਦਾਰੇ ਆਦਿ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪਨਸੀਡ ਐਨ.ਐਸ.ਸੀ, ਇਫਕੋ, ਆਈ.ਐਫ.ਐਫ.ਡੀ.ਸੀ ਅਤੇ ਕਰਿਭਕੋ ਤੋਂ ਹੀ ਤਸਦੀਕਸ਼ੁਦਾ ਬੀਜ ਪੂਰੀ ਕੀਮਤ ’ਤੇ ਪ੍ਰਾਪਤ ਕਰਨਗੇ। ਪ੍ਰਾਈਵੇਟ ਬੀਜ ਵਿਕ੍ਰੇਤਾ ਤੋਂ ਖਰੀਦੇ ਬੀਜ ’ਤੇ ਸਬਸਿਡੀ ਨਹੀਂ ਦਿਤੀ ਜਾਵੇਗੀ। 

ਉਨ੍ਹਾਂ ਦੱਸਿਆ ਕਿ ਕਿਸਾਨ ਕਣਕ ਦਾ ਬੀਜ ਪ੍ਰਾਪਤ ਕਰਨ ਲਈ ਆਪਣਾ ਬਿਨੈ ਪੱਤਰ ਨਿਰਧਾਰਿਤ ਪ੍ਰੋਫ਼ਾਰਮੇ ਵਿੱਚ ਭਰ ਕੇ ਅਤੇ ਆਪਣੇ ਪਿੰਡ ਦੇ ਸਰਪੰਚ/ਨੰਬਰਦਾਰ/ਐਮ.ਸੀ. ਤੋੋਂ ਤਸਦੀਕ ਕਰਵਾ ਕੇ ਆਪਣੇ ਬਲਾਕ ਦੇੇ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਮਿਤੀ 25.10.2018 ਤੱਕ ਜਮ੍ਹਾਂ ਕਰਵਾ ਸਕਦਾ ਹੈ। ਮਿਤੀ 25.10.2018 ਤੋਂ ਬਾਅਦ ਕੋਈ ਵੀ ਨਵਾਂ ਬਿਨੈ ਪੱਤਰ ਨਹੀਂ ਲਿਆ ਜਾਵੇਗਾ। ਬਿਨੈ ਪੱਤਰ ਬਲਾਕ ਖੇਤੀਬਾੜੀ ਦਫ਼ਤਰ/ਖੇਤੀਬਾੜੀ ਵਿਕਾਸ ਅਫ਼ਸਰ ਦੇ ਦਫਤਰ ਤੋਂ ਅਤੇ ਵਿਭਾਗ ਦੀ ਵੈਬਸਾਇਟ www.agripb.gov.in  ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ। ਯੋਗ ਪਾਏ ਗਏ ਕਿਸਾਨਾਂ ਨੂੰ ਮਿਤੀ 29.10.2018 ਤੋਂ 10.11.2018 ਤੱਕ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਵੱਲੋਂ ਪਰਮਿਟ ਜਾਰੀ ਕੀਤੇ ਜਾਣਗੇ। ਕਣਕ ਬੀਜ ਦੀ ਸਬਸਿਡੀ ਦੀ ਵੰਡ ਪਹਿਲਾਂ ਢਾਈ ਏਕੜ ਰਕਬੇ ਵਾਲੇ ਕਿਸਾਨਾਂ/ਕਾਸ਼ਤਕਾਰਾਂ ਨੂੰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਪੰਜ ਏਕੜ ਰਕਬੇ ਵਾਲੇ ਕਿਸਾਨਾਂ/ਕਾਸ਼ਤਕਾਰਾਂ ਨੂੰ ਦਿੱਤੀ ਜਾਵੇਗੀ ਅਤੇ ਜੇਕਰ ਰਾਸ਼ੀ ਬਚਦੀ ਹੈ ਤਾਂ ਪੰਜ ਏਕੜ ਤੋਂ ਵੱਧ ਮਾਲਕੀ ਵਾਲੇ ਕਿਸਾਨਾਂ ਦੀਆਂ ਅਰਜ਼ੀਆਂ ਵਿਚਾਰੀਆਂ ਜਾਣਗੀਆਂ। ਕਿਸਾਨ ਪਰਮਿਟ ਦੇ ਅਧਾਰ ’ਤੇ ਬੀਜ ਖ੍ਰੀਦਣ ਉਪਰੰਤ ਤਸਦੀਕਸ਼ੁਦਾ ਬੀਜ ਦਾ ਬਿੱਲ ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ ਦੇ ਦਫਤਰ ਵਿੱਚ 10 ਦਿਨਾਂ ਦੇ ਅੰਦਰ ਅੰਦਰ ਜਮ੍ਹਾਂ ਕਰਵਏਗਾ ਤਾਂ ਹੀ ਸਬਸਿਡੀ ਉਸ ਦੇ ਖਾਤੇ ’ਚ ਤਬਦੀਲ ਕੀਤੀ ਜਾਵੇਗੀ।