5 Dariya News

ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ- ਸਹਾਇਕ ਕਮਿਸ਼ਨਰ (ਫੂਡ)

ਸਾਫ਼-ਸਫ਼ਾਈ ਨਾ ਰੱਖਣ ਵਾਲੇ ਅਦਾਰਿਆਂ ਦੇ ਕੀਤੇ ਜਾਣਗੇ ਕੋਰਟ ਚਲਾਨ, ਸਾਫ਼-ਸਫ਼ਾਈ ਨਾ ਰੱਖਣ ਦੇ ਦੋਸ਼ ਅਧੀਨ ਹੋ ਸਕਦਾ 1 ਲੱਖ ਰੁਪਏ ਤੱਕ ਦਾ ਜੁਰਮਾਨਾ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 22-Oct-2018

ਪੰਜਾਬ ਸਰਕਾਰ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤਿਉਹਾਰਾਂ ਦੀ ਆਮਦ ਨੂੰ ਲੈ ਕੇ ਮਿਠਾਈਆਂ ਦੀ ਗੁਣਵੱਤਾ ਜਾਨਣ ਅਤੇ ਘਟੀਆ ਮਿਆਰ ਵਾਲੀਆਂ ਮਿਠਾਈਆਂ ਤਿਆਰ ਕਰਨ ਵਾਲਿਆ ’ਤੇ ਸ਼ਿਕੰਜਾ ਕਸਣ ਦੇ ਮੰਤਵ ਤਹਿਤ ਫੂਡ ਸੇਫਟੀ ਵਿੰਗ ਸ਼ਹੀਦ ਭਗਤ ਸਿੰਘ ਨਗਰ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਕਸਬਿਆਂ, ਦਿਹਾਤੀ ਇਲਾਕਿਆਂ ਅਤੇ ਹਲਵਾਈਆਂ ਦੀਆਂ ਦੁਕਾਨਾਂ/ਵਰਕਸ਼ਾਪਾਂ ਵਿਚ ਤਿਆਰ ਹੋ ਰਹੀਆਂ ਮਿਠਾਈਆਂ ਦਾ ਮਿਆਰ ਅਤੇ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਆਰੰਭੀ ਗਈ ਚੈਕਿੰਗ ਦੌਰਾਨ ਅਕਤੂਬਰ ਮਹੀਨੇ 12 ਦੁਕਾਨਦਾਰਾਂ ਨੂੰ ਸੁਧਾਰ ਨੋਟਿਸ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਫੂਡ ਸੇਫਟੀ ਅਫ਼ਸਰ ਸ਼੍ਰੀਮਤੀ ਰਾਖੀ ਵਿਨਾਇਕ ਅਤੇ ਸੰਗੀਤਾ ਸਹਿਦੇਵ ਦੀਆਂ ਟੀਮਾਂ ਵਲੋ ਇਸ ਮਹੀਨੇ ਮਿਠਾਈਆਂ ਅਤੇ ਹੋਰ ਵਸਤਾਂ ਦੇ 36 ਸੈਂਪਲ ਭਰੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਮਨੋਜ ਖੋਸਲਾ ਸਹਾਇਕ ਕਮਿਸ਼ਨਰ (ਫੂਡ) ਨੇ ਦੱਸਿਆ ਕਿ ਵਿਭਾਗ ਵੱਲੋਂ ਵਾਰ-ਵਾਰ ਅਪੀਲਾਂ ਕਰ ਕੇ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਆਪਣੇ ਅਦਾਰਿਆਂ ਵਿਚ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਵਰਕਸ਼ਾਪ ਦੇ ਆਸ ਪਾਸ ਗੰਦਗੀ ਨਾ ਹੋਵੇ, ਜਾਲੇ ਨਾ ਲੱਗੇ ਹੋਣ, ਫਰਸ਼ ਗੰਦਾ ਨਾ ਹੋਵੇ ਅਤੇ ਫਰਸ਼ ਅਤੇ ਦੀਵਾਰਾਂ ’ਤੇ ਟਾਈਲਾਂ ਲਗਾਈਆਂ ਜਾਣ। 

ਵਰਕਰਾਂ ਦੇ ਨਹੁੰ ਸਮੇਂ ਸਿਰ ਕੱਟੇ ਜਾਣ ਅਤੇ ਉਨ੍ਹਾਂ ਦੀ ਆਪਣੀ ਸਾਫ਼-ਸਫ਼ਾਈ ਦਾ ਧਿਆਨ ਰੱਖਣ ਦੇ ਨਾਲ-ਨਾਲ ਹੱਥਾਂ ਵਿਚ ਦਸਤਾਨੇ, ਸਿਰ ਉਪਰ ਟੋਪੀਆਂ ਪਹਿਨ ਕੇ ਰੱਖਣ, ਐਪਰਨ ਦਾ ਇਸਤੇਮਾਲ ਕਰਨ, ਵਰਕਸ਼ਾਪ ਅੰਦਰ ਜਾਣ ਲਈ ਅਲੱਗ ਤੌਰ ’ਤੇ ਜੁੱਤੀਆਂ ਦਾ ਇਸਤੇਮਾਲ ਕਰਨ ਅਤੇ ਵਰਕਰਾਂ ਦੀ ਮੈਡੀਕਲ ਜਾਂਚ ਕਰਵਾਈ ਜਾਵੇ। ਖਾਣ-ਪੀਣ ਵਾਲੀਆਂ ਵਸਤਾਂ ਨੂੰ ਚੰਗੇ ਤਰੀਕੇ ਨਾਲ ਸਟੋਰ ਕੀਤਾ ਜਾਵੇ। ਅਖਬਾਰਾਂ ਦੀ ਜਗ੍ਹਾ ਵਸਤਾਂ ਨੂੰ ਢਕਣ ਲਈ ਸਾਫ਼-ਸੁੱਥਰੇ ਕੱਪੜੇ ਦਾ ਇਸਤੇਮਾਲ ਕੀਤਾ ਜਾਵੇ। ਮੱਖੀਆਂ, ਮੱਛਰਾਂ, ਕੀੜੇ-ਮਕੌੜਿਆਂ ਤੋਂ ਬਚਾਅ ਲਈ ਯੋਗ ਪ੍ਰਬੰਧ ਕੀਤਾ ਜਾਵੇ। ਅਦਾਰੇ ਦਾ ਫੂਡ ਸੇਫਟੀ ਲਾਇਸੰਸ ਬਣਵਾ ਕੇ ਯੋਗ ਸਥਾਨ ’ਤੇ ਲਗਾਇਆ ਜਾਵੇ। ਗ੍ਰਾਹਕਾਂ ਦੀ ਜਾਣਕਾਰੀ ਲਈ ਫੂਡ ਸੇਫਟੀ ਡਿਸਪਲੇ ਬੋਰਡ ਲਗਾਇਆ ਜਾਵੇ। ਕਵਰ ਵਾਲੇ ਡਸਟਬਿਨ ਇਸਤੇਮਾਨ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਈ ਦੁਕਾਨਦਾਰ ਅਜੇ ਵੀ ਵਿਭਾਗ ਵੱਲੋਂ ਵਾਰ-ਵਾਰ ਕੀਤੀਆਂ ਜਾ ਰਹੀਆਂ ਅਪੀਲਾਂ ਦੀ ਪ੍ਰਵਾਹ ਨਹੀ ਕਰ ਰਹੇ ਹਨ, ਇਸ ਲਈ ਨਰਮੀ ਦਾ ਵਤੀਰਾ ਛੱਡ ਕੇ ਵਿਭਾਗ ਵੱਲੋਂ ਆਉਦੇਂ ਦਿਨਾਂ ਵਿਚ ਹੋਰ ਸਖਤੀ ਦਾ ਰੁੱਖ ਅਪਣਾਉਦੇਂ ਹੋਏ ਸਾਫ਼-ਸਫ਼ਾਈ ਅਤੇ ਫੂਡ ਸੇਫਟੀ ਦੇ ਮਾਪਦੰਡਾਂ ਅਨੁਸਾਰ ਕੰਮ ਨਾ ਕਰਨ ਵਾਲੇ ਅਦਾਰਿਆਂ ਦੇ ਕੋਰਟ ਚਲਾਨ ਕੀਤੇ ਜਾਣਗੇ, ਜਿਸ ਦੇ ਦੋਸ਼ ਅਧੀਨ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਗੈਰ-ਮਿਆਰੀ ਵਸਤਾਂ ਤਿਆਰ ਕਰਨ/ਵੇਚਣ ਦੇ ਦੋਸ਼ ਅਧੀਨ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਲਈ ਚੰਦ ਪੈਸੇ ਦੇ ਲਾਲਚ ਵਿਚ ਦੁਕਾਨਦਾਰ ਲੋਕਾਂ ਦੀਆਂ ਕੀਮਤੀ ਜਾਂਨਾ ਨਾਲ ਖਿਲਵਾੜ ਨਾ ਕਰਨ।