5 Dariya News

ਰਿਵਾਇਜ਼ਡ ਕੌਮੀ ਟੀ ਬੀ ਕੰਟਰੋਲ ਪ੍ਰੋਗਰਾਮ ਤਹਿਤ ਮਿਲ ਰਿਹਾ ਹੈ ਟੀ ਬੀ ਦੇ ਮਰੀਜ਼ਾਂ ਨੂੰ ਮੁਫ਼ਤ ਇਲਾਜ

ਇਲਾਜ ਦੌਰਾਨ ਪੌਸ਼ਟਿਕ ਖੁਰਾਕ ਲਈ 500 ਰੁਪਏ ਮਾਸਿਕ ਤੇ ਪੰਜੀਰੀ ਵੀ ਉਪਲਬਧ, ਪਿਛਲੇ ਸਾਲ 749 ਤੇ ਇਸ ਸਾਲ 603 ਮਰੀਜ਼ ਹੋਏ ਰਜਿਸਟ੍ਰਡ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 22-Oct-2018

ਰਿਵਾਇਜ਼ਡ ਕੌਮੀ ਟੀ ਬੀ ਕੰਟਰੋਲ ਪ੍ਰੋਗਰਾਮ ਤਹਿਤ ਟੀ ਬੀ ਦੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੁਣ ਪੌਸ਼ਟਿਕ ਖੁਰਾਕ ਲਈ 500 ਰੁਪਏ ਮਾਸਿਕ ਤੇ ਐਮ. ਡੀ. ਆਰ. ਮਰੀਜ਼ਾਂ ਲਈ ਪ੍ਰਤੀ ਦਸ ਦਿਨ ਇੱਕ ਕਿਲੋਗ੍ਰਾਮ ਪੰਜੀਰੀ ਦੀ ਸਹੂਲਤ ਵੀ ਦੇਣੀ ਸ਼ੁਰੂ ਕੀਤੀ ਹੋਈ ਹੈ। ਜ਼ਿਲ੍ਹਾ ਟੀ ਬੀ ਅਫ਼ਸਰ ਡਾ. ਰਾਜੇਸ਼ ਅਨੁਸਾਰ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਰਜਿਸਟ੍ਰਡ ਉਨ੍ਹਾਂ ਮਰੀਜ਼ਾਂ ਜਿਨ੍ਹਾਂ ਦਾ ਇਲਾਜ ਚਾਲੂ ਮਾਲੀ ਸਾਲ ਦੌਰਾਨ ਅਪਰੈਲ ਤੋਂ ਬਾਅਦ ਵੀ ਜਾਰੀ ਰਹਿਣਾ ਹੈ, ਨੂੰ 500 ਰੁਪਏ ਪ੍ਰਤੀ ਮਹੀਨਾ ਪੌਸ਼ਟਿਕ ਖੁਰਾਕ ਲਈ ਯੋਗ ਮੰਨਿਆ ਗਿਆ ਹੈ। ਇਸੇ ਤਰ੍ਹਾਂ ਟੀ ਬੀ ਦੇ ਉਹ ਮਰੀਜ਼ ਜੋ ਮਲਟੀ ਡਰੱਗ ਰਜ਼ਿਸਟੈਂਟ ਹਨ, ਲਈ ਹਰ 10 ਦਿਨ ਬਾਅਦ ਇੱਕ ਕਿਲੋਗ੍ਰਾਮ ਮਾਰਕਫ਼ੈਡ ਵੱਲੋਂ ਤਿਆਰ ਪੰਜੀਰੀ ਸਰੀਰਕ ਤਾਕਤ ਲਈ ਦਿੱਤੀ ਜਾਂਦੀ ਹੈ। ਜ਼ਿਲ੍ਹੇ ’ਚ ਸੋਧੇ ਹੋਏ ਰਾਸ਼ਟਰੀ ਟੀ ਬੀ ਕੰਟਰੋਲ ਪ੍ਰੋਗਰਾਮ ਤਹਿਤ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਮ ਟੀ ਬੀ ਦੇ ਮਰੀਜ਼ਾਂ ਦਾ ਬਲਗਮ ਦੀ ਜਾਂਚ ਤੋਂ ਹੀ ਪਤਾ ਲੱਗ ਜਾਂਦਾ ਹੈ ਪਰੰਤੂ ਉਹ ਕੇਸ ਜਿਨ੍ਹਾਂ ’ਚ ਟੀ ਬੀ ਦੀ ਪੁਸ਼ਟੀ ਸੀ ਬੀ ਨੈਟ ਪ੍ਰੀਖਣ ਰਾਹੀਂ ਹੀ ਹੁੰਦੀ ਹੈ, ਵੀ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ’ਚ ਕਰਨ ਦਾ ਪ੍ਰਬੰਧ ਹੈ। ਇਹ ਟੈਸਟ ਬਾਹਰੋਂ 2500 ਤੋਂ 3000 ਰੁਪਏ ਦਾ ਹੁੰਦਾ ਹੈ ਪਰ ਜ਼ਿਲ੍ਹਾ ਹਸਪਤਾਲ ’ਚ ਆਧੁਨਿਕ ਮਸ਼ੀਨਾਂ ਦੀ ਉਪਲਬਧੀ ਹੋਣ ਨਾਲ ਜ਼ਿਲ੍ਹੇ ਦੇ ਟੀ ਬੀ ਮਰੀਜ਼ ਇਸ ਦਾ ਵੱਡੇ ਪੱਧਰ ’ਤੇ ਲਾਭ ਲੈ ਰਹੇ ਹਨ। ਟੀ ਬੀ ਦੇ ਲੱਛਣਾਂ ਅਤੇ ਕਿਸਮਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਆਮ ਤੌਰ ’ਤੇ 90 ਫ਼ੀਸਦੀ ਮਰੀਜ਼ ਫ਼ੇਫੜਿਆਂ ਦੀ ਟੀ ਬੀ ਦੇ ਪਾਏ ਜਾਂਦੇ ਹਨ ਜਦਕਿ 10 ਫ਼ੀਸਦੀ ਮਰੀਜ਼ ਗੰਢ, ਅੰਤੜੀਆਂ, ਚਮੜੀ, ਜਨਾਨਾ ਅੰਗਾਂ ਦੀ, ਪੇਟ ਦੀ ਤੇ ਅੱਖਾਂ ਦੀ ਜਾਂ ਹੋਰ ਕਾਰਨਾਂ ਦੀ ਟੀ ਬੀ ਤੋਂ ਪੀੜਿਤ ਹੁੰਦੇ ਹਨ। 

ਉਨ੍ਹਾਂ ਦੱਸਿਆ ਕਿ ਕੇਵਲ ਨਹੁੰ ਤੇ ਵਾਲਾਂ ਨੂੰ ਛੱਡ ਕੇ ਟੀ ਬੀ ਸਰੀਰ ਦੇ ਕਿਸੇ ਵੀ ਅੰਗ ਨਾਲ ਸਬੰਧਤ ਹੋ ਸਕਦੀ ਹੈ। ਖਾਂਸੀ, ਬੁਖਾਰ, ਮੱਠਾ ਬੁਖਾਰ (ਖ਼ਾਸ ਤੌਰ ’ਤੇ ਸ਼ਾਮ ਨੂੰ ਚੜ੍ਹਨਾ), ਭੁੱਖ ਘੱਟ ਲੱਗਣਾ, ਭਾਰ ਘਟਣਾ, ਸਾਹ ਚੜ੍ਹਨਾ ਤੇ ਰਾਤੀਂ ਸੁੱਤੇ ਪਏ ਤ੍ਰੇਲੀਆਂ ਆਉਣਾ ਇਸ ਬਿਮਾਰ ਦੇ ਮੁਢਲੇ ਲੱਛਣਾਂ ’ਚੋਂ ਹਨ ਜਿਨ੍ਹਾਂ ਲਈ ਜਾਂਚ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਟੀ ਬੀ ਇਲਾਜ਼ ਯੋਗ ਹੈ ਅਤੇ ਕਿਸੇ ਨੂੰ ਵੀ ਇਸ ਦੇ ਨਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਅਤੇ ਨਾ ਹੀ ਇਸ ਦੇ ਪੀੜਤਾਂ ਨਾਲ ਕੋਈ ਭੇਦਭਾਵ ਕਰਨਾ ਚਾਹੀਦਾ ਹੈ। ਡਾ. ਰਾਜੇਸ਼ ਅਨੁਸਾਰ ਨਵੇਂ ਕੇਸਾਂ ’ਚ ਇਲਾਜ਼ ਦਾ ਸਮਾਂ 6 ਮਹੀਨੇ ਹੈ ਜਦਕਿ ਪੁਰਾਣੇ ਤੇ ਵਿਗੜੇ ਕੇਸਾਂ ’ਚ ਇਲਾਜ਼ 8 ਮਹੀਨੇ ਤੱਕ ਚਲਦਾ ਹੈ। ਮਲਟੀ ਡਰੱਗ ਰਜ਼ਿਸਟੈਂਟ ਕੇਸਾਂ ’ਚ ਇਲਾਜ ਦਾ ਸਮਾਂ 9 ਤੋਂ 24 ਮਹੀਨੇ ਦਾ ਹੁੰਦਾ ਹੈ। ਇੱਕ ਵਾਰ ਸੀ ਬੀ ਨੈਟ ਪ੍ਰੀਖਣ ਰਾਹੀਂ ਟੀ ਬੀ ਦੀ ਤਸਦੀਕ ਹੋਣ ਬਾਅਦ ਮਰੀਜ਼ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਜੋ ਕਿ ਦਵਾਈ ਦੀ ਲਗਾਤਾਰਤਾ ਨਾਲ ਜੁੜਿਆ ਹੋਇਆ ਹੈ। ਦਵਾਈ ਦੀ ਲਗਾਤਾਰਤਾ ਨੂੰ ਟੁੱਟਣ ਨਾ ਦੇਣ ਲਈ ਜ਼ਿਲ੍ਹੇ ’ਚ 525 ਡਾਟ ਸੈਂਟਰ ਸਥਾਪਿਤ ਕੀਤੇ ਹੋਏ ਹਨ, ਜਿੱਥੋਂ ਮਰੀਜ਼ ਆਪਣੀ ਪਰਚੀ ’ਤੇ ਲਿਖੀ ਦਵਾਈ ਦੀ ਮਿਆਦ ਮੁਤਾਬਕ ਦਵਾਈ ਹਾਸਲ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ’ਚ 749 ਟੀ ਬੀ ਦੇ ਮਰੀਜ਼ ਰਜਿਸਟਰ ਕਰਕੇ ਉਨ੍ਹਾਂ ਦੀ ਦਵਾਈ ਸ਼ੁਰੂ ਕੀਤੀ ਗਈ ਸੀ ਅਤੇ ਇਸ ਸਾਲ ਹੁਣ ਤੱਕ 603 ਮਰੀਜ਼ ਰਜਿਸਟਰ ਹੋ ਕੇ ਦਵਾਈ ਲੈ ਰਹੇ ਹਨ। ਇਸ ਤੋਂ ਇਲਾਵਾ 13 ਐਮ ਡੀ ਆਰ ਕੇਸ ਹਨ, ਜਿਨ੍ਹਾਂ ਨੂੰ ਇਲਾਜ ਦੇ ਨਾਲ ਪੰਜੀਰੀ ਦਿੱਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਦੋ ਹਫ਼ਤੇ ਤੋਂ ਜ਼ਿਆਦਾ ਖਾਂਸੀ ਤੇ ਬੁਖਾਰ ਰਹਿਣ ’ਤੇ ਬਲਗਮ ਦੀ ਜਾਂਚ ਲਾਜ਼ਮੀ ਕਰਵਾਉਣੀ ਚਾਹੀਦੀ ਹੈ ਅਤੇ ਇਹ ਜ਼ਿਲ੍ਹੇ ’ਚ ਸਥਿਤ ਸਰਕਾਰੀ ਸਿਹਤ ਕੇਂਦਰਾਂ ਨਵਾਂਸ਼ਹਿਰ, ਸੁੱਜੋਂ, ਮੁਕੰਦਪੁਰ, ਬੰਗਾ, ਬਲਾਚੋਰ ਤੇ ਸੜੋਆ ਵਿਖੇ ਮੁਫ਼ਤ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਟੀ ਬੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਸਰਕਾਰ ਵੱਲੋਂ ਟੋਲ ਫ੍ਰੀ ਨੰ. 1800116666 ਵੀ ਚਲਾਇਆ ਹੋਇਆ ਹੈ।