5 Dariya News

ਕੈਪਟਨ ਅਮਰਿੰਦਰ ਸਿੰਘ ਵੱਲੋਂ ਇਜ਼ਰਾਈਲ ਦੌਰੇ ਦੇ ਪਹਿਲੇ ਦਿਨ ਪ੍ਰਮੁੱਖ ਕੰਪਨੀਆਂ ਦੇ ਨਾਲ ਮੀਟਿੰਗਾਂ ਰਾਹੀਂ ਨਿਵੇਸ਼ ਨੂੰ ਹੁਲਾਰਾ ਦੇਣ ਵਾਸਤੇ ਬੁਨਿਆਦ ਤਿਆਰ

5 Dariya News

ਤਲ ਅਵੀਵ (ਇਜ਼ਰਾਈਲ) 22-Oct-2018

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਬੁਨਿਆਦੀ ਢਾਂਚੇ, ਖੇਤੀਬਾੜੀ ਅਤੇ ਜਲ ਪ੍ਰਬੰਧਨ ਸੈਕਟਰਾਂ ਵਿੱਚ ਸਹਿਯੋਗ ਦੀ ਸੱਮਰਥਾ ਦਾ ਪਤਾ ਲਾਉਣ ਅਤੇ ਨਿਵੇਸ਼ ਦੇ ਮੌਕਿਆਂ ਨੂੰ ਤਲਾਸ਼ਣ ਦੇ ਵਾਸਤੇ ਇਜ਼ਰਾਈਲ ਦੀਆਂ ਕੁੱਝ ਉੱਘੀਆਂ ਕੰਪਨੀਆਂ ਦੇ ਅਧਿਕਾਰੀਆਂ ਦੇ ਨਾਲ ਲੜੀਵਾਰ ਉੱਚ ਪੱਧਰੀ ਮੀਟਿੰਗਾਂ ਦੌਰਾਨ ਵਿਚਾਰ-ਵਟਾਂਦਰਾ ਕੀਤਾ।ਇਨ੍ਹਾਂ ਮੀਟਿੰਗਾਂ ਦੇ ਰਾਹੀਂ ਪੰਜਾਬ ਦੇ ਕੁੱਝ ਅਹਿਮ ਖੇਤਰਾਂ ਵਿੱਚ ਵਿਕਾਸ ਦੇ ਬਾਰੇ ਦੋਵਾਂ ਧਿਰਾਂ ਵਿਚਕਾਰ ਮਜ਼ਬੂਤ ਸਹਿਯੋਗ ਲਈ ਬੁਨਿਆਦ ਰੱਖ ਦਿੱਤੀ ਗਈ ਹੈ ਅਤੇ ਪੰਜਾਬ ਤੇ ਇਜ਼ਰਾਈਲ ਵਿਚਕਾਰ ਆਰਥਿਕ ਅਤੇ ਇਤਿਹਾਸਕ ਸਮਝੌਤਿਆਂ ਦੇ ਰਾਹੀਂ ਵਿਕਾਸ ਨੂੰ ਹੁਲਾਰਾ ਦੇਣ ਲਈ ਰਾਹ ਪੱਧਰਾ ਹੋ ਗਿਆ ਹੈ। ਟਾਇਰੋਸ ਇੰਟਰਨੈਸ਼ਨਲ ਗਰੁੱਪ ਲਿ. ਦੇ ਨਾਲ ਇਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਸ ਗਰੁੱਪ ਵੱਲੋਂ ਉਰਜਾ, ਜਲ, ਵਾਜ਼ਿਬ ਦਰਾਂ ਦੇ ਘਰਾਂ, ਸਕੂਲਾਂ ਅਤੇ ਹਸਪਤਾਲਾ ਦੇ ਨਿਰਮਾਣ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਦੇ ਵਫਦ ਨੂੰ ਅਧਿਕਾਰੀਆਂ ਨੇ ਗਰੁੱਪ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ। ਇਹ ਗਰੁੱਪ ਇੰਪੈਕਟ ਇਨਵੈਸਟਮੈਂਟ ਐਂਡ ਪ੍ਰਾਜੈਕਟਸ ਦਾ ਮਾਹਿਰ ਹੈ ਅਤੇ ਇਸ ਨੇ ਭਾਰਤ ਵਿੱਚ ਆਪਣੀ ਭਵਿੱਖੀ ਯੋਜਨਾਵਾਂ ਦੇ ਹਿੱਸੇ ਵੱਲੋਂ ਇੰਪੈਕਟ ਅਨੁਮਾਨ ਦੇ ਲਈ ਸਮਰਪਿਤ ਐਫ.ਡੀ.ਆਈ ਫੰਡ ਖੋਲ੍ਹਣ ਦਾ ਫੈਸਲਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਦੇ ਨਾਲ ਪੰਜਾਬ ਵਿੱਚ ਗਰੁੱਪ ਵੱਲੋਂ ਕੀਤੇ ਜਾ ਸਕਣ ਵਾਲੇ ਨਿਵੇਸ਼ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਕਿਉਂਕਿ ਸੂਬੇ ਵਿੱਚ ਨਿਵੇਸ਼ ਲਈ ਪੂੰਜੀ ਫੰਡ ਕੰਪਨੀਆਂ ਦੇ ਲਈ ਵੱਡੀ ਸੱਸਰਥਾ ਹੈ ਅਤੇ ਇਸ  ਸਬੰਧ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਸਨਅਤੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਬਹੁਤ ਜਿਆਦਾ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਨੈਨਦਾਨਜੈਨ ਸਿੰਜਾਈ ਫਾਰਮ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ 80 ਸਾਲਾਂ ਪੁਰਾਣੀ ਕੰਪਨੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਜਿਸ ਨੂੰ ਇਕ ਪ੍ਰਮੁੱਖ ਮਾਈਕ੍ਰੋ ਸਿੰਜਾਈ ਆਧਾਰਿਤ ਭਾਰਤੀ ਕੰਪਨੀ ਨੇ ਪ੍ਰਾਪਤ ਕੀਤਾ ਹੈ। ਅਜਿਹਾ ਉਤਪਾਤਕਤਾ ਨੂੰ ਵਧਾਉਣ ਵਾਸਤੇ ਢੁੱਕਵੀ ਖੇਤੀਬਾੜੀ ਅਤੇ ਬਾਗਬਾਨੀ ਦੇ ਖੇਤਰ ਵਿੱਚ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਬੈਂਗਣ/ ਚਿੱਟੇ ਤੇ ਬੈਂਗਣੀ ਪੌਦੇ ਅਤੇ ਨਿੰਬੂ ਜਾਤੀ ਦੀਆਂ ਕਿਸਮਾਂ ਦੇ ਵੱਖ-ਵੱਖ ਫਲਾਂ ਅਤੇ ਸਬਜੀਆਂ ਮਿਆਰ ਅਤੇ ਝਾੜ ਵਿੱਚ ਸੁਧਾਰ ਲਿਆਉਣ ਲਈ ਕੰਪਨੀ ਵੱਲੋਂ ਆਪਣੇ ਫਾਰਮਾਂ 'ਤੇ ਵਰਤੀ ਜਾ ਰਹੀ ਅਤਿ ਆਧੁਨਿਕ ਤਕਨਾਲੌਜੀ ਦਾ ਵੀ ਅਧਿਐਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਖੇਤੀਬਾੜੀ ਦੇ ਵਿਕਾਸ ਨੂੰ ਬੜ੍ਹਾਵਾ ਦੇਣ ਲਈ ਕੰਪਨੀ ਵੱਲੋਂ ਵਰਤੀ ਜਾ ਰਹੀ ਅਤਿ ਆਧੁਨਿਕ ਤਕਨੌਲੋਜੀ ਨੂੰ ਅਪਣਾਏ ਜਾਣ ਦੀ ਸੱਮਰਥਾ ਦਾ ਵੀ ਜਾਇਜ਼ਾ ਲਿਆ। 

ਨੈਨਦਾਨਜੈਨ ਆਪਣੇ ਵੱਖ ਵੱਖ ਮੁਕੰਮਲ ਹੋਏ ਅਤੇ ਚੱਲ ਰਹੇ ਪ੍ਰਾਜੈਕਟਾਂ ਦੇ ਕਾਰਨ 1993 ਤੋਂ ਹੀ ਪੰਜਾਬ ਵਿੱਚ ਮੌਜੂਦ ਹੈ। ਇਨ੍ਹਾਂ ਪ੍ਰਾਜੈਕਟਾਂ ਵਿੱਚ ਫਸਲੀ ਵਿਭਿੰਨਤਾ ਫਾਰਮਫਰੈਸ਼ (ਫਾਰਮ ਤੋਂ ਘਰ) ਪ੍ਰਾਜੈਕਟ ਵੀ ਸ਼ਾਮਲ ਹੈ ਜੋ ਕਿ ਫੂਡ ਐਂਡ ਸਪਾਈਸ ਪ੍ਰਾਸੈਸਿੰਗ ਉਦਯੋਗ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਇਕ ਜਲ ਸੰਭਾਲ ਪ੍ਰਾਜੈਕਟ ਵੀ ਹੈ ਜੋ ਕਿ ਕੰਢੀ ਖੇਤਰ ਵਿੱਚ ਪਾਇਲਟ ਪ੍ਰਾਜੈਕਟ ਵੱਜੋਂ ਅਮਲ ਵਿੱਚ ਹੈ। ਕੰਪਨੀ ਨੇ ਸਮੁਦਾਏ ਅਤੇ ਵਿਅਕਤੀਗਤ ਲੋੜਾਂ ਵਾਸਤੇ ਵਿਸ਼ਵ ਦਾ ਸੱਭ ਤੋਂ ਵੱਡਾ ਪਾਵਰ ਮਾਈਕ੍ਰੋ ਸਿੰਜਾਈ ਸਿਸਟਮ ਸਥਾਪਤ ਕੀਤਾ ਹੈ। ਕੰਪਨੀ ਪੰਜਾਬ ਦੇ ਪਿੰਡਾਂ ਦੇ ਛਪੜਾਂ ਅਤੇ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਤੋਂ ਸੋਧੇ ਹੋਏ ਪਾਣੀ ਦੀ ਵਰਤੋਂ ਦੁਆਰਾ ਸਿੰਜਾਈ ਦੇ ਬਦਲਵੇ ਸ੍ਰੋਤਾਂ ਨੂੰ ਪੈਦਾ ਕਰਨ ਲਈ ਵੀ ਕਾਰਜ ਕਰ ਰਹੀ ਹੈ। ਇਸ ਤੋਂ ਇਲਾਵਾ ਇਹ ਖਾਸਕਰ ਆਲੂ ਅਤੇ ਆਲੂ ਦੇ ਬੀਜ਼ ਦੇ ਉਤਪਾਦ ਵਿੱਚ ਹਾਈਡਰੋਫੋਨਿਕਸ ਅਤੇ ਐਰੋਫੋਨਿਕਸ ਤਕਨੌਲੋਜੀ ਵੀ ਅਮਲ ਵਿੱਚ ਲਿਆ ਰਹੀ ਹੈ।  ਇਸ ਦੇ ਨਾਲ ਹੀ ਇਹ ਖੁਲ੍ਹੀ ਨਹਿਰੀ ਪ੍ਰਣਾਲੀ ਨੂੰ ਐਚ.ਡੀ.ਪੀ.ਈ ਪਾਈਪਸ ਵਿੱਚ ਤਬਦੀਲ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਅਤੇ ਆਰਥਿਕ ਵਿਕਾਸ ਨੂੰ ਬੜ੍ਹਾਵਾ ਦੇਣ ਲਈ ਅਜਿਹੇ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਜਰੂਰਤ 'ਤੇ ਜ਼ੋਰ ਦਿੱਤਾ। ਦੋਵੇ ਧਿਰਾਂ ਪੰਜਾਬ ਦੇ ਪ੍ਰਗਤੀ ਦੇ ਮੁਖ ਖੇਤਰਾਂ ਵਿੱਚ ਵਧੀਆ ਸਹਿਯੋਗ ਅਤੇ ਜ਼ਰੂਰੀ ਵਾਤਾਵਰਨ ਪੈਦਾ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਵੀ ਸਹਿਮਤ ਹੋਈਆਂ। ਇਜ਼ਰਾਈਲ ਦੇ ਦੌਰੇ ਦੇ ਪਹਿਲੇ ਦਿਨ ਮੁੱਖ ਮੰਤਰੀ ਨੇ ਡੈਨ ਰੀਜ਼ਨ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ( ਸ਼ਾਫਦਾਨ) ਦਾ ਵੀ ਦੌਰਾ ਕੀਤਾ ਅਤੇ ਇਜ਼ਰਾਈਲ ਦੀ ਰਾਸ਼ਟਰੀ ਜਲ ਕੰਪਨੀ ਮੇਕੋਰੋਟ ਦੇ ਅਧਿਕਾਰੀਆਂ ਨਾਲ ਮਿਲਣੀ ਕੀਤੀ। ਸ਼ਾਫਦਾਨ ਇਕ ਇੰਟਰ ਰੀਜ਼ਨਲ ਸਿਸਟਮ ਹੈ ਜੋ ਘਣੀ ਆਬਾਦੀ ਵਾਲੇ ਸ਼ਹਿਰੀ ਇਲਾਕਿਆਂ ਅਤੇ ਸਨਅਤੀ ਜੋਨਾਂ ਵਿੱਚ ਮਿਉਂਸਪਲ ਰਹਿੰਦ-ਖੁਹੰਦ ਨੂੰ ਇਕੱਤਰ ਕਰਦਾ, ਸੋਧਦਾ ਅਤੇ ਵਰਤਣਯੋਗ ਬਣਾਉਂਦਾ ਹੈ। ਇਹ ਇਜ਼ਰਾਈਲ ਵਿੱਚ ਸੱਭ ਤੋਂ ਵੱਡਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਹੈ। 

ਡੈਨ ਖੇਤਰ ਵਿੱਚ ਪਾਣੀ ਨੂੰ ਸੋਧਣ ਦੇ ਵਾਸਤੇ ਇਹ ਪਲਾਂਟ ਇਗੁਡਾਨ ਇਨਵਾਇਰਮੈਂਟ ਇਨਫਰਾਸਟਰਕਚਰ ਵੱਲੋਂ ਤਿਆਰ ਕੀਤਾ ਗਿਆ ਸੀ। ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਮਹਾਨਗਰ ਡੈਨ ਰੀਜ਼ਨ ਦੇ 120,000,000 ਐਮ3 ਪ੍ਰਤੀ ਸਾਲ ਦੂਸ਼ਤ ਪਾਣੀ ਨਾਲ ਨਿਪਟਿਆ ਜਾਂਦਾ ਹੈ। ਇਸ ਕਰਕੇ ਇਹ ਅਣਸੋਧਿਆ ਪਾਣੀ ਮੈਡੀਟੇਰਿਅਨ ਸਮੁੰਦਰ ਵਿੱਚ ਨਹੀਂ ਛੱਡਿਆ ਜਾਂਦਾ। ਸੋਧੇ ਹੋਏ ਪਾਣੀ ਨੂੰ ਨੇਗਵ ਰੇਗਿਸਤਾਨ ਅਤੇ ਹੋਰਨਾਂ ਖਾਲਿਆਂ ਵਿੱਚ ਭੇਜਿਆ ਜਾਂਦਾ ਹੈ। ਨੇਗਵ ਦੀ 60 ਫੀਸਦੀ ਤੋਂ ਜ਼ਿਆਦਾ ਖੇਤੀ ਦੀ ਸਿੰਜਾਈ ਸ਼ਾਫਦਾਨ ਦੇ ਪਾਣੀ ਨਾਲ ਕੀਤੀ ਜਾਂਦੀ ਹੈ।ਮੁੱਖ ਮੰਤਰੀ ਨੇ ਇੰਟੈਲੀਜੈਂਸ ਜਨਰੇਸ਼ਨ ਐਂਡ ਅਨੈਲਸਿਸ, ਸੋਸ਼ਲ ਮੀਡੀਆ ਸੈਂਟੀਮੈਂਟ ਅਨੈਲਸਿਸ ਅਤੇ ਪੁਲਿਸ ਦੇ ਕੰਮ ਕਾਜ ਵਿੱਚ ਤਕਨੌਲੋਜੀ ਦੀ ਵਰਤੋਂ ਸਬੰਧੀ ਖੇਤਰਾਂ ਦੀਆਂ ਮੰਨੀਆਂ- ਪ੍ਰਮੰਨੀਆਂ ਇਜ਼ਰਾਇਲੀ ਕੰਪਨੀਆਂ ਦੀਆਂ ਪੇਸ਼ਕਾਰੀਆਂ ਦੌਰਾਨ ਪਹਿਲਾਂ ਦਿਨ ਗੁਜ਼ਾਰਿਆ। ਇਹ ਕੰਪਨੀਆਂ ਕਾਨੂੰਨ ਨੂੰ ਲਾਗੂ ਕਰਨ ਦੇ ਖੇਤਰ ਵਿੱਚ ਪ੍ਰਮੁੱਖ ਕੰਪਨੀਆਂ ਹਨ ਅਤੇ ਇਹ ਬਹੁਤ ਸਾਰੀਆਂ ਅੰਤਰਰਾਸ਼ਟਰੀ ਖੂਫੀਆ ਏਜੰਸੀਆਂ ਅਤੇ ਪੁਲਿਸ ਫੋਰਸ ਨਾਲ ਕੰਮ ਕਰ ਰਹੀਆਂ ਹਨ। ਮੁੱਖ ਮੰਤਰੀ ਨੇ ਪੁਲਿਸ ਅਤੇ ਖੂਫੀਆ ਖੇਤਰ ਦੇ ਕੰਮ-ਕਾਜ ਵਿੱਚ ਅਤਿ ਆਧੁਨਿਕ ਤਕਨੌਲੋਜੀ ਦੀ ਮਹਤੱਤਾ 'ਤੇ ਜ਼ੋਰ ਦਿੱਤਾ। ਅੱਤਵਾਦ, ਅਪਰਾਧ ਅਤੇ ਪੰਜਾਬ ਵਰਗੇ ਸਰਹੱਦੀ ਸੂਬੇ ਵਿੱਚ ਸ਼ਾਤੀ ਅਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਇਸ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਬਾਅਦ ਵਿੱਚ ਇਜ਼ਰਾਈਲ ਵਿੱਚ ਭਾਰਤ ਦੇ ਰਾਜਦੂਤ ਪਵਨ ਕਪੂਰ ਨੇ ਮੁੱਖ ਮੰਤਰੀ ਦੀ ਮੇਜ਼ਬਾਨੀ ਵਿੱਚ ਰਾਤਰੀ ਭੋਜ ਦਿੱਤਾ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਵਿਸ਼ਵਜੀਤ ਖੰਨਾ, ਡੀ.ਜੀ.ਪੀ ਦਿਨਕਰ ਗੁਪਤਾ ਅਤੇ ਮੀਸ਼ਨ ਡਾਇਰੈਕਟਰ ਗਰਾਉਂਡ ਵਾਟਰ ਪ੍ਰਬੰਧਨ ਅਰੁਣਜੀਤ ਸਿੰਘ ਮਿਗਲਾਨੀ ਹਾਜ਼ਰ ਸਨ।