5 Dariya News

ਰੇਲ ਹਾਦਸੇ ਦੇ ਪੀੜਤਾਂ ਦੇ ਇਲਾਜ ਤੇ ਮੁੜ ਵਸੇਬਾ ਦੀ ਯੋਜਨਾਬੰਦੀ ਲਈ ਕੈਬਨਿਟ ਮੰਤਰੀਆਂ ਵੱਲੋਂ ਮੀਟਿੰਗ

ਬ੍ਰਹਮ ਮਹਿੰਦਰਾ, ਸੁੱਖ ਸਰਕਾਰੀਆ, ਸਿੱਧੂ ਅਤੇ ਧਰਮਸੋਤ ਵੱਲੋਂ ਜਿਲ੍ਹਾ ਅਕਾਰੀਆਂ ਨਾਲ ਵਿਚਾਰਾਂ, ਲੋਕਾਂ ਨੂੰ ਸਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ

5 Dariya News

ਅੰਮ੍ਰਿਤਸਰ 21-Oct-2018

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉਤੇ ਅੱਜ ਲਗਾਤਾਰ ਦੂਸਰੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ,  ਮਾਲ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਰੇਲ ਹਾਦਸੇ ਦੇ ਪੀੜਤਾਂ ਦੇ ਚੱਲ ਰਹੇ ਇਲਾਜ, ਪੀੜਤਾਂ ਦੇ ਮੁੜ ਵਸੇਬੇ ਦੀ ਯੋਜਨਾਬੰਦੀ ਅਤੇ ਰਾਹਤ ਕਾਰਜਾਂ ਦੀ ਨਜ਼ਰਸਾਨੀ ਕਰਨ ਲਈ ਪੁੱਜੇ। ਇੰਨਾਂ ਨੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ ਸ੍ਰੀਵਾਸਤਵਾ, ਮੇਅਰ  ਕਰਮਜੀਤ ਸਿੰਘ ਰਿੰਟੂ, ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਪਿੰਸੀਪਲ ਮੈਡੀਕਲ ਕਾਲਜ ਸੁਜਾਤਾ ਸ਼ਰਮਾ ਅਤੇ ਇਲਾਜ ਪ੍ਰੰਬਧਾਂ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਉਪਰੰਤ ਸਾਰੇ ਮੰਤਰੀ ਸਾਹਿਬਾਨ ਗੁਰੂ ਨਾਨਕ ਹਸਪਤਾਲ ਅਤੇ ਸਿਵਲ ਹਸਪਤਾਲ ਵਿਚ ਮਰੀਜਾਂ ਦਾ ਹਾਲ-ਚਾਲ ਅਤੇ ਡਾਕਟਰਾਂ ਕੋਲੋਂ ਮਰੀਜਾਂ ਲਈ ਕਿਸੇ ਕਿਸਮ ਦੀ ਜ਼ਰੂਰਤ ਦਾ ਪਤਾ ਲਗਾਉਣ ਲਈ ਪੁੱਜੇ। ਉਨਾਂ ਜਿੱਥੇ ਸੰਕਟ ਦੀ ਘੜੀ ਜਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਸਿਹਤ ਵਿਭਾਗ ਵੱਲੋਂ ਜਖਮੀਆਂ ਦੇ ਇਲਾਜ ਲਈ ਕੀਤੇ ਗਏ ਬਾਕਮਾਲ ਪ੍ਰਬੰਧਾਂ ਦੀ ਸਰਾਹਨਾ ਕਰਦੇ ਡਾਕਟਰਾਂ ਨੂੰ ਸਾਬਾਸ਼ ਦਿੱਤੀ ਉਥੇ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਸਹਿਯੋਗ ਲਈ ਅੱਗੇ ਆਈਆਂ ਗੈਰ ਸਰਕਾਰੀ ਜਥੇਬੰਦੀਆਂ ਅਤੇ ਸਮਾਜ ਸੇਵੀ ਵਿਅਕਤੀਆਂ, ਜਿੰਨਾਂ ਨੇ ਲੋੜਵੰਦ ਲਈ ਖੂਨ, ਲੰਗਰ, ਪਾਣੀ, ਸਸਕਾਰ ਲਈ ਲੱਕੜਾਂ, ਮਾਨਵੀ ਸਹਾਇਤਾ ਦਾ ਪ੍ਰਬੰਧ ਕੀਤਾ, ਉਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। 

ਬ੍ਰਹਮ ਮਹਿੰਦਰਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਮਰੀਜਾਂ ਦੀ ਸਿਹਤ ਦਾ ਹਾਲ-ਚਾਲ ਪੁੱਛਦੇ ਨਿਰਦੇਸ਼ ਦਿੱਤੇ ਕਿ ਉਹ ਮਰੀਜ਼ ਦੀ ਹਾਲਤ ਨੂੰ ਵੇਖਦੇ ਹੋਏ ਉਨਾਂ ਨੂੰ ਵੱਡੇ ਹਸਪਤਾਲ ਚਾਹੇ ਉਹ ਨਿੱਜੀ ਖੇਤਰ ਦੇ ਹੀ ਕਿਉਂ ਨਾ ਹੋਣ, ਰੈਫਰ ਕਰ ਸਕਦੇ ਹਨ। ਉਨਾਂ ਕਿਹਾ ਕਿ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ ਅਤੇ ਇੰਨਾਂ ਨੂੰ ਪੈਰਾਂ ਸਿਰ ਖੜੇ ਕਰਨ ਤੱਕ ਜਾਰੀ ਰਹੇਗਾ।ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁੱਝ ਇਕ ਸ਼ਰਾਰਤੀ ਕਿਸਮ ਦੇ ਰਾਜਸੀ ਵਿਅਕਤੀ ਦੇ ਮਗਰ ਲੱਗ ਕੇ ਮਾਹੌਲ ਨੂੰ ਪੁੱਠੀ ਰੰਗਤ ਨਾ ਦੇਣ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਤੇ ਮੁੜ ਵਸੇਬੇ ਦੇ ਕੰਮਾਂ ਨੂੰ ਰੋਕਣ ਨਾ, ਸਗੋਂ ਆਪ ਇੰਨਾਂ ਲੋਕਾਂ ਦੀ ਮਦਦ ਲਈ ਅੱਗੇ ਆਉਣ। ਉਨਾਂ ਸਮੁੱਚਾ ਜਿਲ੍ਹਾ ਵਾਸੀਆਂ ਨੂੰ ਸਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਕੈਬਨਿਟ ਮੰਤਰੀਆਂ ਨੇ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਤਲਾਸ਼ ਕਰਕੇ ਉਨਾਂ ਨੂੰ ਸਰਕਾਰ ਵੱਲੋਂ ਐਲਾਨੀ ਮੁਆਵਜ਼ਾ ਰਾਸ਼ੀ ਛੇਤੀ ਜਾਰੀ ਕਰਨ ਅਤੇ ਉਨਾਂ ਦੇ ਪਿੱਛੇ ਰਹਿ ਗਏ ਮੈਂਬਰਾਂ ਨੂੰ ਮੁੜ ਪੈਰਾਂ ਸਿਰ ਖੜਾ ਕਰਨ ਲਈ ਹੁਨਰਮੰਦ ਸਿੱਖਿਆ ਦੇਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਹੈ, ਜਿੰਨਾਂ ਪਰਿਵਾਰਾਂ ਦੇ ਇਕੱਲੇ ਬੱਚੇ ਪਿੱਛੇ ਰਹਿ ਗਏ ਹਨ, ਉਨਾਂ ਨੂੰ ਸਮਾਜ ਸੇਵੀ ਸੰਸਥਾਵਾਂ ਜਾਂ ਵਿਅਕਤੀਆਂ ਦੇ ਗੋਦ ਲੈਣ ਦੀ ਪ੍ਰੀਕ੍ਰਿਆ ਵੀ ਸ਼ੁਰੂ ਕੀਤੀ ਜਾਵੇ, ਤਾਂ ਜੋ ਉਨਾਂ ਦਾ ਪਾਲਣ-ਪੋਸ਼ਣ ਸਹੀ ਹੋ ਸਕੇ। ਇਸ ਮੌਕੇ  ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਸ੍ਰੀ ਰਜਤ ਉਬਰਾਏ ਵੀ ਹਾਜ਼ਰ ਸਨ।