5 Dariya News

ਕੈਪਟਨ ਅਮਰਿੰਦਰ ਸਿੰਘ ਵੱਲੋਂ ਰੇਲ ਹਾਦਸੇ ਦੇ ਪੀੜਤਾਂ ਦਾ ਸਮਾਜਿਕ-ਆਰਥਿਕ ਬਿਓਰਾ ਤਿਆਰ ਕਰਨ ਦੇ ਹੁਕਮ

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੁਲੀਸ ਕਮਿਸ਼ਨਰ ਨੂੰ ਜਾਰੀ ਕੀਤੀਆਂ ਹਦਾਇਤਾਂ, ਜ਼ਖਮੀਆਂ ਦੇ ਮੁੜ ਵਸੇਬੇ ਨੂੰ ਛੇਤੀ ਤੋਂ ਛੇਤੀ ਯਕੀਨੀ ਬਣਾਉਣ ਲਈ ਆਖਿਆ

5 Dariya News

ਚੰਡੀਗੜ੍ਹ 21-Oct-2018

ਰੇਲ ਹਾਦਸੇ ਦੇ ਪੀੜਤਾਂ ਦੇ ਮੁੜ ਵਸੇਬੇ ਲਈ ਛੇਤੀ ਅਤੇ ਲੋੜ ਅਧਾਰਿਤ ਹੱਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਹਰੇਕ ਪੀੜਤ ਦਾ ਸਮਾਜਿਕ-ਆਰਥਿਕ ਬਿਓਰਾ ਵਿਸਥਾਰ ਵਿੱਚ ਤਿਆਰ ਕਰਨ ਦੇ ਹੁਕਮ ਦਿੱਤੇ ਹਨ।ਮੁੱਖ ਮੰਤਰੀ ਨੇ ਬੀਤੇ ਦਿਨ ਜਦੋਂ ਹਸਪਤਾਲਾਂ ਵਿੱਚ ਜਾ ਕੇ ਜ਼ਖਮੀਆਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਸੀ ਤਾਂ ਇਨ੍ਹਾਂ ਵਿੱਚ ਦੋ ਨੌਜਵਾਨ  ਲੜਕੀਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਤੇ ਪਤੀਆਂ ਸਮੇਤ ਸਮੁੱਚੇ ਪਰਿਵਾਰਾਂ ਨੂੰ ਇਸ ਹਾਦਸੇ ਵਿੱਚ ਗੁਆ ਲਿਆ ਅਤੇ ਇਨ੍ਹਾਂ ਵਿੱਚੋਂ ਇਕ ਦਾ ਤਾਂ ਸਹੁਰਾ ਪਰਿਵਾਰ ਵੀ ਸੀ। ਇਨ੍ਹਾਂ ਪੀੜਤਾਂ ਦੀ ਦਸ਼ਾ 'ਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਉਸ ਮੌਕੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਕਿਹਾ ਕਿ ਸਰਕਾਰ ਮ੍ਰਿਤਕਾਂ ਦੇ ਵਾਰਸਾਂ ਖਾਸ ਕਰਕੇ ਗਰੀਬ ਲੋਕਾਂ ਨੂੰ ਸਿਰਫ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਤੋਂ ਵੀ ਵੱਧ ਸਹਾਇਤਾ ਕਰੇਗੀ। ਮੁੱਖ ਮੰਤਰੀ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਸਪੱਸ਼ਟ ਕੀਤਾ ਕਿ ਇਸ ਲਈ ਢੁਕਵੀਂ ਪ੍ਰਣਾਲੀ ਅਪਣਾਈ ਜਾਵੇ ਤਾਂ ਕਿ ਸੂਬਾ ਸਰਕਾਰ ਵੱਲੋਂ ਮੁੜ ਵਸੇਬੇ ਦੇ ਕਾਰਜ ਛੇਤੀ ਤੋਂ ਛੇਤੀ ਨੇਪਰੇ ਚਾੜ੍ਹੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਾ ਰਹੇ।

ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਪੂਰੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਐਤਵਾਰ ਨੂੰ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਕਿ ਪੀੜਤਾਂ ਦਾ ਸਮਾਜਿਕ-ਆਰਥਿਤ ਬਿਓਰਾ ਵਿਸਥਾਰ ਵਿੱਚ ਤਿਆਰ ਕੀਤਾ ਜਾਵੇ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਪੀੜਤਾਂ ਨੂੰ ਰਾਸ਼ਨ, ਕੱਪੜੇ, ਦਵਾਈਆਂ ਆਦਿ ਹਰ ਤਰਾਂ ਦੀ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾਵੇ ਕਿਉਂਕਿ ਪੀੜਤਾਂ ਵਿੱਚ ਬਹੁਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨਾਲ ਸਬੰਧਤ ਹਨ।ਮੁੱਖ ਮੰਤਰੀ ਨੇ ਸਿਹਤ ਮੰਤਰੀ ਦੀ ਅਗਵਾਈ ਹੇਠ ਤਿੰਨ ਕੈਬਨਿਟ ਮੰਤਰੀਆਂ ਦੇ ਬਣਾਏ ਸੰਕਟ ਪ੍ਰਬੰਧਨ ਗਰੁੱਪ ਨਾਲ ਰਾਹਤ ਅਤੇ ਮੁੜ ਵਸੇਬਾ ਕੰਮਾਂ ਦਾ ਜਾਇਜ਼ਾ ਵੀ ਲਿਆ ਅਤੇ ਇਹ ਵੀ ਨਿਰਦੇਸ਼ ਦਿੱਤੇ ਕਿ ਪੀੜਤਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਰਾਸ਼ੀ ਵੰਡਣ ਲਈ ਫੌਰੀ ਕਦਮ ਚੁੱਕੇ ਜਾਣ।ਮੁੱਖ ਮੰਤਰੀ ਨੇ ਸੰਕਟ ਪ੍ਰਬੰਧਨ ਗਰੁੱਪ ਨੂੰ ਕਿਹਾ ਕਿ ਜ਼ਖਮੀਆਂ ਅਤੇ ਪੀੜਤਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਲਈ ਲੋੜੀਂਦੇ ਜ਼ਰੂਰੀ ਕਦਮ ਚੁੱਕੇ ਜਾਣ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀਆਂ ਦਾ ਇਹ ਸੰਕਟ ਪ੍ਰਬੰਧਨ ਗਰੁੱਪ ਮੁੱਖ ਮੰਤਰੀ ਵੱਲੋਂ ਸ਼ੁੱਕਰਵਾਰ ਰਾਤ ਨੂੰ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਤੁਰੰਤ ਬਣਾਇਆ ਗਿਆ ਸੀ ਤਾਂ ਜੋ ਰਾਹਤ ਅਤੇ ਮੁੜ ਵਸੇਬਾ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾਵੇ।