5 Dariya News

'ਆਟੇ ਦੀ ਚਿੜੀ' ਦੇ ਨਿਰਮਾਤਾਂਵਾ ਨੇ ਪ੍ਭ ਆਸਰਾ ਦੇ ਬੱਚਿਆਂ ਲਈ ਆਯੋਯਿਤ ਕਰਵਾਈ ਇਕ ਖਾਸ ਸਕਰੀਨਿੰਗ

ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਦੀ ਫਿਲ਼ਮ ਨੂੰ ਅਨਾਥ ਆਸ਼ਰਮ ਦੇ ਬੱਚਿਆਂ ਨੇ ਕੀਤਾ ਖੂਬ ਪਸੰਦ

5 Dariya News

ਚੰਡੀਗੜੵ 21-Oct-2018

ਪੰਜਾਬੀ ਮਨੋਰੰਜਨ ਜਗਤ ਹਮੇਸ਼ਾ ਉਹਨਾਂ ਕਹਾਣੀਆਂ ਨੂੰ ਉਜਾਗਰ ਕਰਦਾ ਹੈ ਜੋ ਦਰਸ਼ਕਾਂ ਦੇ ਦਿਲ ਨੂੰ ਛੂਣ। ਪੋਲੀਵੁੱਡ ਚ ਫਿਲਮਾਂ ਜ਼ਜਬਾਤ, ਕਾਮੇਡੀ ਅਤੇ ਪੰਜਾਬੀਅਤ ਨੂੰ ਮੱਦੇਨਜ਼ਰ ਰੱਖ ਕੇ ਲਿਖੀਆਂ ਜਾਂਦੀਆਂ ਹਨ। ਇਸ ਕਾਰਨ ਹੀ ਇਹ ਕਹਾਣੀਆਂ ਨੂੰ ਦਰਸ਼ਕਾਂ ਵੱਲੋਂ ਜਿਆਦਾ ਪਿਆਰ ਮਿਲਦਾ ਹੈ ਅਤੇ ਇਹ ਲੰਬੇ ਸਮੇਂ ਤੱਕ ਯਾਦ ਰੱਖੀਆਂ ਜਾਦੀਆਂ ਹਨ। ਇੱਕ ਅਜਿਹੀ ਫਿਲਮ ਜੋ ਦਰਸ਼ਕਾਂ ਤੋਂ ਭਰਵਾਂ ਹੁੰਗਾਰਾ ਲੈ ਰਹੀ ਹੈ ਅਤੇ ਇੱਕ ਚੰਗਾ ਪ੍ਭਾਵ ਛੱਡ ਰਹੀ ਹੈ ਉਹ ਹੈ ਹਾਲ ਹੀ ਚ ਰਿਲੀਜ਼ ਹੋਈ ਫਿਲਮ 'ਆਟੇ ਦੀ ਚਿੜੀ'।ਇਸ ਫਿਲਮ ਦੇ ਨਿਰਮਾਤਾਵਾਂ ਨੇ ਪ੍ਭ ਆਸਰਾ ਅਨਾਥ ਆਸ਼ਰਮ, ਮੋਹਾਲੀ ਦੇ ਬੱਚਿਆਂ ਲਈ ਵੀਆਰ ਪੰਜਾਬ'ਚ ਫਿਲਮ ਦੀ ਖਾਸ ਸਕਰੀਨਿੰਗ ਰੱਖੀ। ਇਹ ਫ਼ਿਲਮ ਆਪਣੀ ਘੋਸ਼ਣਾ ਤੋਂ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ। ਇਸਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਜੋ ਪਹਿਲੀ ਵਾਰ ਪਰਦੇ ਤੇ ਇੱਕਠੀ ਦਿੱਸੇਗੀ। ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫ਼ਿਲਮ ਵਿੱਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜ਼ੁਰਬੇਕਾਰ ਅਭਿਨੇਤਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਬਲਵੀਰ ਬੋਪਾਰਾਏ,  ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ ਅਤੇ ਅਨਮੋਲ ਵਰਮਾ। ਰਿਲੀਜ਼ ਹੋਏ ਟ੍ਰੇਲਰ ਦੇ ਅਨੁਸਾਰ, ਆਟੇ ਦੀ ਚਿੜੀ ਇਕ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸ ਰਸ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਹੈਰੀ ਭੱਟੀ ਅਤੇ ਇਸਦੀ ਕਹਾਣੀ ਲਿਖੀ ਹੈ ਰਾਜੂ ਵਰਮਾ ਨੇ। ਇਹ ਫ਼ਿਲਮ ਤੇਗ ਪ੍ਰੋਡਕਸ਼ਨਸ ਦੀ ਪੇਸ਼ਕਸ਼ ਹੈ। ਇਸਦੀ ਸ਼ੂਟਿੰਗ ਪੰਜਾਬ ਅਤੇ ਕਨੇਡਾ ਵਿੱਚ ਕੀਤੀ ਗਈ ਹੈ। ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ। ਇਹਨਾਂ ਦੇ ਨਾਲ ਜੀ ਆਰ ਐਸ ਛੀਨਾ(ਕੈਲਗਰੀ, ਕੈਨੇਡਾ) ਇਸ ਫਿਲਮ ਦੇ ਸਹਿ ਨਿਰਮਾਤਾ ਹਨ।

ਸਿਨੇਮਾਘਰਾਂ ਚ ਦਰਸ਼ਕਾਂ ਤੋਂ ਵਾਹ ਵਾਹੀ ਬਟੋਰਣ ਤੋਂ ਬਾਅਦ, ਫਿਲਮ ਦੇ ਨਿਰਮਾਤਾਵਾਂ ਨੇ ਮੋਹਾਲੀ ਦੇ ਪ੍ਭ ਆਸਰਾ ਵਿਖੇ ਬੱਚਿਆਂ ਤੇ ਵੱਡਿਆਂ ਲਈ ਮੋਹਾਲੀ ਦੇ ਵੀਆਰ ਪੰਜਾਬ ਮਾਲ ਵਿੱਚ ਇੱਕ ਖਾਸ ਸਕਰੀਨਿੰਗ ਰੱਖੀ। ਇਸ ਮੌਕੇ ਤੇ ਫਿਲਮ ਦੇ ਬਾਲ ਕਲਾਕਾਰ ਅਨਮੋਲ ਵਰਮਾ, ਅਦਾਕਾਰਾ ਪ੍ਰੀਤੋ ਸਾਹਨੀ, ਲਾਈਨ ਪ੍ਰੋਡੂਸਰ ਪ੍ਰਵੀਨ ਕੁਮਾਰ ਅਤੇ ਨਿਰਮਾਤਾ ਚਰਨਜੀਤ ਸਿੰਘ ਵਾਲਿਆਂ ਮੌਜੂਦ ਰਹੇ। ਇਸ ਫਿਲਮ ਨੇ ਬਾਖੂਬੀ ਨਾਲ ਪੰਜਾਬ ਦੇ ਕਈ ਗੰਭੀਰ ਮੁੱਦੇ ਜਿਵੇਂ ਨਸ਼ੇਖੋਰੀ, ਸ਼ਹਿਰੀਕਰਨ, ਲੋਕਾਂ ਦੀ ਵਿਦੇਸ਼ਾਂ ਨੂੰ ਜਾਣ ਦੀ ਹੋੜ ਅਤੇ ਸੂਬੇ ਦੇ ਵਿਰਸੇ ਦੀ ਹੋਲੀ ਹੋਲੀ ਖ਼ਤਮ ਹੋ ਰਹੀ ਹੋਂਦ ਤੇ ਰੋਸ਼ਨੀ ਪਾਈ।'ਆਟੇ ਦੀ ਚਿੜੀ' ਇਹ ਇੱਕ ਪਰਿਵਾਰ ਦੇ ਰੂਪ ਵਿੱਚ ਪੇਸ਼ ਕਰਦੀ ਹੈ ਜੋ ਇਹ ਸੰਦੇਸ਼ ਦਿੰਦੇ ਹਨ ਕਿ ਕੋਈ ਵੀ ਬਦਲਾਵ ਆਪਣੇ ਘਰ ਤੋਂ ਹੀ ਸ਼ੂਰੂ ਹੁੰਦਾ ਹੈ। ਪ੍ਭ ਆਸਰਾ ਦੀ ਇੱਕ ਨਿਵਾਸੀ, ਨਿਸ਼ਾ ਨੇ ਕਿਹਾ,“ਅਸੀਂ ਫਿਲਮਾਂ ਦੇਖਦੇ ਹਾਂ ਪਰ ਆਟੇ ਦੀ ਚਿੜੀ ਖਾਸ ਹੈ ਕਿਉਂਕਿ ਇਹ ਅਸੀਂ ਖ਼ੁਦ ਫਿਲਮ ਦੇ ਨਿਰਮਾਤਾ ਨਾਲ ਦੇਖੀ ਹੈ।ਮੈਂ ਨੀਰੂ ਬਾਜਵਾ ਦੀ ਫੈਨ ਹਾਂ। ਮੈਂਨੂੰ ਉਹਨਾਂ ਦੀ ਅਦਾਕਾਰੀ ਬਹੁਤ ਪਸੰਦ ਆਈ ਅਤੇ ਉਹ ਫਿਲਮ ਵਿੱਚ ਬਹੁਤ ਖੂਬਸੂਰਤ ਵੀ ਲੱਗੇ। ਪਰ ਸਭ ਤੋਂ ਖਾਸ ਹੈ ਇਸ ਫਿਲਮ ਦੀ ਕਹਾਣੀ।ਅਸੀਂ ਅਕਸਰ ਆਸ਼ਰਮ ਵਿੱਚ ਆਟੇ ਦੀ ਚਿੜੀ ਅਤੇ ਪੰਜਾਬ ਦੀ ਖੂਬਸੂਰਤੀ ਦੀਆਂ ਕਹਾਣੀਆਂ ਸੁਣਦੇ ਰਹਿਣੇ ਹਾਂ ਅਤੇ ਇਸ ਫਿਲਮ ਨੇ ਵੀ ਉਹੀ ਸੰਦੇਸ਼ ਦਿੱਤਾ ਹੈ। ਮੈਂਨੂੰ ਫਿਲਮ ਬਹੁਤ ਵਧੀਆ ਲੱਗੀ ਅਤੇ ਆਪਣੇ ਦੋਸਤਾਂ ਨਾਲ ਇਸਨੂੰ ਦੇਖ ਕੇ ਬਹੁਤ ਮਜ਼ਾ ਆਇਆ।“ ਪ੍ਭ ਆਸਰਾ ਦੀ ਮੇਨੈਜਮੈਂਟ ਤੋਂ ਇੱਕ ਮੈਂਬਰ ਨੇ ਕਿਹਾ,“ਜਦੋਂ ਸਰਦਾਰ ਚਰਨਜੀਤ ਸਿੰਘ ਵਾਲੀਆ ਨੇ ਸਾਨੂੰ ਫਿਲਮ ਦੀ ਸਕਰੀਨਿੰਗ ਆਯੋਯਿਤ ਕਰਨ ਲਈ ਫੋਨ ਕੀਤਾ ਕਿ ਉਹ ਬੱਚਿਆਂ ਨੂੰ ਸਕਰੀਨਿੰਗ ਲਈ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਅਸੀਂ ਬਹੁਤ ਖੁਸ਼ ਹੋਏ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਫਿਲਮ ਨਿਰਮਾਤਾ ਨੇ ਬੱਚਿਆਂ ਨੂੰ ਖਾਸ ਮਹਿਸੂਸ ਕਰਵਾਉਣ ਲਈ ਇਸ ਤਰਾਂ ਦਾ ਕੋਈ ਉਪਰਾਲਾ ਕੀਤਾ ਹੋਵੇ। 

ਆਟੇ ਦੀ ਚਿੜੀ ਇੱਕ ਪਰਿਵਾਰਿਕ ਫਿਲਮ ਹੈ, ਪ੍ਭ ਆਸਰਾ ਦੇ ਪੂਰੇ ਪਰਿਵਾਰ ਵੀ ਆਰ ਪੰਜਾਬ ਚ ਇਕੱਠੇ ਬੈਠ ਕੇ ਇਸ ਫਿਲਮ ਦਾ ਆਨੰਦ ਲਿਆ। ਕਹਾਣੀ ਨੂੰ ਬਹੁਤ ਹੀ ਸੰਜੀਦਗੀ ਨਾਲ ਅਤੇ ਸਹੀ ਕਾਮੇਡੀ ਨਾਲ ਪੇਸ਼ ਕੀਤਾ ਗਿਆ ਹੈ ਕਿ ਤੁਹਾਨੂੰ ਖ਼ੁਦ ਲੱਗੇਗਾ ਕਿ ਸਾਨੂੰ ਮਾਤ ਭੂਮੀ ਵੱਲ ਧਿਆਨ ਦੇਣ ਦੀ ਜਰੂਰਤ ਹੈ ਉਹ ਵੀ ਤੁਰੰਤ। ਮੈਂ ਅਤੇ ਸਾਰੇ ਬੱਚੇ ਫਿਲਮ ਦੇ ਨਿਰਮਾਤਾਵਾਂ ਦੇ ਬਹੁਤ ਹੀ ਧੰਨਵਾਦੀ ਹਾਂ ਸਾਡੇ ਲਈ ਇਹ ਖਾਸ ਦਿਨ ਆਯੋਯਿਤ ਕਰਨ ਲਈ।““ਇਹ ਫਿਲਮ ਹਮੇਸ਼ਾ ਤੋਂ ਹੀ ਵਪਾਰਕ ਤੋਂ ਜਿਆਦਾ ਦਰਸ਼ਕਾਂ ਨਾਲ ਜੌੜਨ ਦਾ ਜ਼ਰੀਆ ਰਹੀ ਹੈ।ਅਸੀਂ ਇਸ ਫਿਲਮ ਦਾ ਸੰਦੇਸ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਅਤੇ ਇਸ ਕੰਮ ਲਈ ਯੁਵਾ ਪੀੜੀ ਤੋਂ ਬਿਹਤਰ ਜ਼ਰੀਆ ਹੋਰ ਕੀ ਹੋ ਸਕਦਾ ਹੈ। ਇਸ ਕਰਕੇ ਅਸੀਂ ਪ੍ਭ ਆਸਰਾ ਦੇ ਬੱਚਿਆਂ  ਨੂੰ ਸਪੈਸ਼ਲ ਸਕਰੀਨਿੰਗ ਲਈ ਚੁਣਿਆ। ਅਸੀਂ ਇਸ ਮੌਕੇ ਤੇ ਇਹ ਵੀ ਘੋਸ਼ਿਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਪੂਰੇ ਪੰਜਾਬ ਦੇ ਸਾਰੇ ਬਿਰਧ ਅਤੇ ਅਨਾਥ ਆਸ਼ਰਮਾਂ ਵਿੱਚ ਦਿਖਾਉਣ ਲਈ ਇਹ ਫਿਲਮ ਫਰੀ ਕਰ ਦਿੱਤੀ ਹੈ।ਅਸੀਂ ਪੰਜਾਬ ਦੇ ਵਿਰਸੇ ਨੂੰ ਬਚਾਉਣਾ ਚਾਹੁੰਦੇ ਹਾਂ, ਜੇ ਇਹ ਫਿਲਮ ਦਰਸ਼ਕਾਂ ਵਿੱਚ ਉਹ ਜਾਗਰੂਕਤਾ ਪੈਦਾ ਕਰ ਸਕਦੀ ਹੈ ਤਾਂ ਅਸੀਂ ਸਮਝਾਗੇ ਕਿ ਸਾਡੀ ਕੋਸ਼ਿਸ਼ ਸਫਲ ਰਹੀ,“ ਫਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਅਤੇ ਤ਼ੇਗਬੀਰ ਸਿੰਘ ਵਾਲੀਆ ਨੇ ਕਿਹਾ। 'ਆਟੇ ਦੀ ਚਿੜੀ 18 ਅਕਤੂਬਰ ਨੂੰ ਰਿਲੀਜ਼ ਹੋ ਚੁੱਕੀ ਹੈ।