5 Dariya News

ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਗ ਨਾਲ ਨੁਕਸਾਨੀ ਫਰਨੀਚਰ ਮਾਰਕੀਟ ਦਾ ਲਿਆ ਜਾਇਜ਼ਾ

ਪ੍ਰਭਾਵਿਤ ਹੋਏ ਦੁਕਾਨਦਾਰਾਂ ਨਾਲ ਖੜ੍ਹੀ ਹੈ ਪੰਜਾਬ ਸਰਕਾਰ : ਬਲਬੀਰ ਸਿੰਘ ਸਿੱਧੂ

5 Dariya News

ਐਸ.ਏ.ਐਸ. ਨਗਰ (ਮੁਹਾਲੀ) 21-Oct-2018

ਅੱਗ ਲੱਗਣ ਨਾਲ ਨੁਕਸਾਨੀ ਲਖਨੌਰ ਸਥਿਤ ਫਰਨੀਚਰ ਮਾਰਕੀਟ ਦਾ ਜਾਇਜ਼ਾ ਲੈਂਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ, ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਪ੍ਰਭਾਵਿਤ ਦੁਕਾਨਦਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਫਰਨੀਚਰ  ਮਾਰਕੀਟਾਂ 'ਚ ਵਾਰ-ਵਾਰ ਅੱਗ ਲੱਗਣ ਨਾਲ ਦੁਕਾਨਦਾਰਾਂ ਦਾ ਕਾਫੀ ਮਾਲੀ ਨੁਕਸਾਨ ਹੋ ਜਾਂਦਾ ਹੈ ਤੇ ਇਨ੍ਹਾਂ ਦੁਕਾਨਦਾਰਾਂ ਅਤੇ ਹੋਰਨਾਂ ਕਈ ਮਾਰਕੀਟਾਂ ਦੇ ਦੁਕਾਨਦਾਰਾਂ ਨੂੰ ਅਜਿਹੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾਉਣ ਲਈ ਐਸ.ਏ.ਐਸ ਨਗਰ 'ਚ ਇੱਕ ਢੁੱਕਵੀਂ ਥਾਂ ਮੁਹੱਈਆ ਕਰਵਾਈ  ਜਾਵੇਗੀ, ਜਿਥੇ ਅਜਿਹੇ ਹਾਦਸਿਆਂ ਤੋਂ ਬਚਾਅ ਦੇ ਪੂਰੇ ਪ੍ਰਬੰਧ ਹੋਣਗੇ।ਸ. ਸਿੱਧੂ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ 'ਚ ਜਦੋਂ ਵੱਡੇ ਪੱਧਰ 'ਤੇ ਫਰਨੀਚਰ ਦੀ ਖਰੀਦੋ-ਫਰੋਖਤ ਹੁੰਦੀ ਹੈ, ਉਸ ਸਮੇਂ ਉਨ੍ਹਾਂ ਦੇ ਹਲਕੇ ਅੰਦਰ ਅੱਗ ਨਾਲ ਹੋਏ ਇੰਨੇ ਵੱਡੇ ਨੁਕਸਾਨ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ ਅਤੇ  ਉਹ ਪ੍ਰਭਾਵਿਤ ਦੁਕਾਨਦਾਰਾਂ ਦੇ ਨਾਲ ਖੜ੍ਹੇ ਹਨ। ਦੁਕਾਨਦਾਰਾਂ ਨੇ ਇਸ ਮੌਕੇ ਸ. ਸਿੱਧੂ ਨੂੰ ਦੱਸਿਆ ਕਿ ਇਹ ਮਾਰਕੀਟ ਤਕਰੀਬਨ ਸਾਢੇ ਤਿੰਨ ਏਕੜ 'ਚ ਬਣੀ ਹੋਈ ਸੀ, ਜਿਸ ਵਿਚ ਤਕਰੀਬਨ 10 ਕਰੋੜ ਰੁਪਏ ਤੋਂ ਵੱਧ ਦਾ ਫਰਨੀਚਰ ਪਿਆ ਸੀ। ਉਨ੍ਹਾਂ ਦੱਸਿਆ ਕਿ ਅੱਗ ਨਾਲ ਮਾਲੀ  ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।