5 Dariya News

ਮਾੜੇ ਦਰਜੇ ਦੇ ਦੁੱਧ ਅਤੇ ਅਜਿਹੇ ਦੁੱਧ ਤੋਂ ਬਣੇ ਉਤਪਾਦਾਂ ਵਿੱਚ ਆਈ 15 ਫੀਸਦ ਤੱਕ ਕਮੀ

5 Dariya News

ਚੰਡੀਗੜ੍ਹ 19-Oct-2018

ਪੰਜਾਬ ਫੂਡ ਸੇਫਟੀ ਵਿਭਾਗ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਟੀਆ ਕਿਸਮ ਦੇ ਦੁਧ ਅਤੇ ਇਸ ਤੋਂ ਬਣੇ ਉਤਪਾਦਾਂ ਦੇ ਸੈਂਪਲ ਜੋ ਅਗਸਤ ਤੇ ਸਤੰਬਰ ਮਹੀਨਿਆਂ ਦੌਰਾਨ ਜਾਂਚ ਲਈ ਭਰੇ ਗਏ ਸਨ, ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਅਜਿਹੇ ਮਿਲਾਵਟੀ ਦੁੱਧ ਤੇ ਉਸ ਤੋਂ ਬਣੇ ਉਤਪਾਦਾਂ ਵਿੱਚ 15 ਫੀਸਦ ਤੱਕ ਕਮੀ ਆਈ ਹੈ। ਪੰਨੂ ਨੇ ਕਿਹਾ  ਡਿਪਟੀ ਕਮਿਸ਼ਨਰਾਂ ਤੇ ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਕੀਤੀ ਨਿਰੰਤਰ ਜਾਂਚ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਯਤਨਾਂ ਨੂੰ ਬੂਰ ਪਿਆ ਹੈ। ਪਿਛਲੇ ਦੋ ਮਹੀਨਿਆਂ ਵਿੱਚ ਦੁੱਧ ਵਪਾਰੀਆਂ ਨੂੰ ਦਿੱਤੀਆਂ ਚੇਤਾਵਨੀਆਂ ਅਤੇ ਜਾਗਰੂਕਤਾ ਮੁਹਿੰਮਾਂ ਸਦਕਾ ਅਸੀਂ ਅਸਰਦਾਰ ਢੰਗ ਨਾਲ ਦੁੱਧ ਦੀ ਮਿਲਾਵਟਖੋਰੀ ਵਿੱਚ ਕਮੀ ਲਿਆਉਣ ਵਿੱਚ ਸਫਲ ਹੋਏ ਹਾਂ। ਉਹਨਾਂ ਕਿਹਾ ਇਹ ਤਾਂ ਸਿਰਫ ਸ਼ੁਰੂਆਤ ਹੈ ਅਤੇ ਇਹ ਮੁਹਿੰਮ ਉਦੋਂ ਤੱਕ ਚੱਲੇਗੀ ਜਦ ਤੱਕ ਅਸੀਂ ਮਿਲਾਵਟਖ਼ੋਰੀ ਨੂੰ ਜੜ੍ਹੋਂ ਖ਼ਤਮ ਨਹੀਂ ਕਰ ਦਿੰਦੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਅਗਸਤ ਮਹੀਨੇ ਵਿੱਚ ਭਰੇ ਗਏ ਕੁੱਲ 1429 ਸੈਂਪਲਾਂ ਵਿੱਚੋਂ 666 ਸੈਂਪਲ ਗੁਣਵੱਤਾ ਦੇ ਪੈਮਾਨੇ 'ਤੇ ਖ਼ਰੇ ਨਹੀਂ ਉੱਤਰੇ ਸਨ, ਇਨ੍ਹਾਂ ਦੀ  ਪ੍ਰਤੀਸ਼ਤ 46.6 ਫੀਸਦ ਬਣਦੀ ਹੈ ਜਦਕਿ ਸਤੰਬਰ ਵਿੱਚ ਲਏ ਗਏ 1023 ਸੈਂਪਲਾਂ ਵਿੱਚੋਂ ਸਿਰਫ 337 ਸੈਂਪਲ ਹੀ  ਗੁਣਵੱਤਾ ਦੇ ਲਿਹਾਜ਼ ਨਾਲ ਫੇਲ ਹੋਏ ਜਿੰਨਾਂ ਦੀ ਪ੍ਰਤੀਸ਼ਤ 32.9 ਫੀਸਦ ਬਣਦੀ ਹੈ। ਇਸ ਬਾਰੇ ਹੋਰ ਦੱਸਦਿਆਂ ਉਹਨਾਂ ਕਿਹਾ ਕਿ ਦੁੱਧ ਦੀ ਮਿਲਾਵਟਖੋਰੀ ਵਿੱਚ 21 ਫੀਸਦੀ ਤੱਕ ਕਮੀ ਆਈ ਹੈ , ਮੱਖਣ, ਘੀ ਤੇ ਹੋਰ ਦੁੱਧ ਉਤਪਾਦਾਂ ਵਿੱਚ 11 ਫੀਸਦੀ ਜਦਕਿ ਬਨਾਸਪਤੀ ਤੇ ਖਾਣ ਵਾਲੇ ਤੇਲਾਂ ਵਿੱਚ ਮਿਲਾਵਟ ਦੀ ਪ੍ਰਤੀਸ਼ਤ ਵਿੱਚ 15 ਫੀਸਦੀ ਤੱਕ ਦੀ ਕਮੀ ਦਰਜ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਹਲਵਾਈ ਐਸੋਸੀਏਸ਼ਨਾਂ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਹਲਵਾਈਆਂ ਨੇ ਇਹ ਭਰੋਸਾ ਦਵਾਇਆ ਹੈ ਕਿ ਉਹ ਹੁਣ ਕਿਸੇ ਭਰੋਸੇਯੋਗ ਸਥਾਨ ਤੋਂ ਖਰੀਦੇ ਜਾਂ ਆਪਣੇ ਬਣਾਏ ਵਧੀਆ ਕਿਸਮ ਦੇ ਖੋਏ ਤੋਂ ਮਠਿਆਈਆਂ ਬਣਾਉਣਗੇ ਤਾਂ ਜੋ ਉਹਨਾਂ ਦੀ  ਸ਼ਾਖ 'ਤੇ ਲੱਗਿਆ ਦਾਗ਼ ਸਾਫ਼ ਹੋ ਸਕੇ। ਉਹਨਾਂ ਕਿਹਾ ਇਸ ਨਾਲ ਬਾਜ਼ਾਰ ਵਿੱਚ ਮਿਲਾਵਟੀ ਮਠਿਆਈਆਂ ਦੀ ਆਮਦ ਵਿੱਚ ਕਟੌਤੀ ਹੋਵੇਗੀ ਤੇ ਅਸੀਂ ਆਸ ਕਰਦੇ ਹਾਂ ਕਿ ਤਿਉਹਾਰਾਂ ਦਾ ਇਹ ਮੌਸਮ ਪੰਜਾਬੀਆਂ ਲਈ ਸਿਹਤਮੰਦ ਤੇ ਸੁਰੱਖਿਅਤ ਰਹੇਗਾ।