ਪਰਾਲੀ ਨਾ ਸਾੜਨ ਦੀ ਮੁਹਿੰਮ 'ਚ ਮੋਹਰੀ ਬਣ ਰਹੇ ਹਨ ਜ਼ਿਲ੍ਹਾ ਸੰਗਰੂਰ ਦੇ ਕਿਸਾਨ : ਘਨਸ਼ਿਆਮ ਥੋਰੀ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ 100 ਅਗਾਂਹਵਧੂ ਕਿਸਾਨਾਂ ਨੂੰ ਕੀਤਾ ਗਿਆ ਸਨਮਾਨਿਤ
5 Dariya News
ਸੰਗਰੂਰ 18-Oct-2018
ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਨਿਰੋਗ ਜਿੰਦਗੀ ਜਿਊਣ ਅਤੇ ਸਾਫ ਸੁਥਰਾ ਮਾਹੌਲ ਦੇਣ ਤੇ ਮੰਤਵ ਨਾਲ ਵਿੱਢੀ ਮੁਹਿੰਮ 'ਮਿਸ਼ਨ ਤੰਦਰੁਸਤ ਪੰਜਾਬ' ਨੂੰ ਜ਼ਿਲ੍ਹੇ ਅੰਦਰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਖੇਤੀ ਕਰਨ ਵਾਲੇ ਜ਼ਿਲ੍ਹੇ ਦੇ 100 ਅਗਾਂਹਵਧੂ ਕਿਸਾਨਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਅਗਾਂਹਵਧੂ ਕਿਸਾਨਾਂ ਨੂੰ ਰਾਜ ਸਰਕਾਰ ਵੱਲੋਂ ਸਬਸਿਡੀ 'ਤੇ ਮੁਹੱਈਆ ਕਰਵਾਏ ਜਾ ਰਹੇ ਖੇਤੀ ਸੰਦਾਂ ਨੂੰ ਵਰਤੋਂ ਵਿੱਚ ਲਿਆਉਣ ਦੀ ਤਕਨੀਕ ਬਾਰੇ ਹੋਰਨਾਂ ਕਿਸਾਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ। ਸ੍ਰੀ ਥੋਰੀ ਨੇ ਕਿਹਾ ਕਿ ਜ਼ਿਲ੍ਹੇ ਦੇ ਹਰੇਕ ਕਿਸਾਨ ਨੂੰ ਆਪਣੇ ਆਲੇ-ਦੁਆਲੇ ਨੂੰ ਗੰਧਲਾ ਨਾ ਹੋਣ ਦੇਣ ਅਤੇ ਆਪਣੇ ਬੱਚਿਆ ਦੀ ਚੰਗੀ ਸਿਹਤ ਲਈ ਪਰਾਲੀ ਨੂੰ ਅੱਗ ਨਾ ਲਾਉਣ ਦਾ ਪ੍ਰਣ ਲੈਣ ਦੀ ਲੋੜ ਹੈ। ਸ੍ਰੀ ਥੋਰੀ ਨੇ ਕਿਹਾ ਕਿ ਹਰੇਕ ਕੰਮ ਅੰਦਰ ਕੁਝ ਔਕੜਾਂ ਦਾ ਆਉਣਾ ਸੰਭਵ ਹੈ, ਪਰੰਤੂ ਹਿੰਮਤ ਅਤੇ ਮਿਹਨਤ ਨਾਲ ਕਿਸੇ ਵੀ ਟੀਚੇ ਨੂੰ ਪੂਰਾ ਕਰਨਾ ਮੁਸ਼ਕਿਲ ਕੰਮ ਨਹੀ ਹੈ। ਉਨ੍ਹਾਂ ਕਿਹਾ ਕਿ ਔਕੜਾ ਦਾ ਖਿੜੇ ਮੱਥੇ ਸਾਹਮਣਾ ਕਰਨ ਨਾਲ ਯਕੀਨੀ ਤੌਰ 'ਤੇ ਸਫ਼ਲਤਾ ਮਿਲਦੀ ਹੈ।
ਇਸ ਤੋਂ ਪਹਿਲਾ ਵੱਖ-ਵੱਖ ਅਗਾਂਹਵਧੂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨਾਲ ਆਧੁਨਿਕ ਖੇਤੀ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਮੌਜੂਦਾ ਸਮੇਂ ਝੋਨੇ ਦੀ ਪਰਾਲੀ ਅਤੇ ਭਵਿੱਖ ਵਿੱਚ ਕਣਕ ਦੇ ਸੀਜ਼ਨ ਦੌਰਾਨ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਹੋਰਨਾਂ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਭਰੋਸਾ ਦਿੱਤਾ। ਪਿੰਡ ਭੱਦਲਵੱਡ ਦੇ ਕਿਸਾਨ ਹਰਵਿੰਦਰ ਸਿੰਘ ਅਤੇ ਉੱਪਲੀ ਦੇ ਕਿਸਾਨ ਦਰਸ਼ਨ ਸਿੰਘ, ਯਾਦਵਿੰਦਰ ਸਿੰਘ ਰਾਜੋਮਾਜਰਾ, ਸੁਰਜੀਤ ਸਿੰਘ ਕਾਲਾਬੁੱਲਾ, ਜਗਦੀਪ ਸਿੰਘ ਕਨੌਈ, ਸੋਹਨ ਸਿੰਘ ਭੰਗੂ ਸੁਨਾਮ ਅਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਖੇਤੀ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਝਾੜ ਵੀ ਵਧੀਆ ਮਿਲਦਾ ਹੈ ਅਤੇ ਮਨੁੱਖੀ ਜਾਨਾਂ, ਵਾਤਾਵਰਣ ਅਤੇ ਨਿਰੋਗ ਜਿੰਦਗੀ ਲਈ ਸਿੱਧੀ ਬਿਜਾਈ ਲਾਹੇਵੰਦ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਦੀਪ ਸਿੰਘ ਬਰਾੜ ਨੇ ਕਿਸਾਨ ਭਰਾਵਾਂ ਨੂੰ ਅੱਗ ਨਾ ਲਗਾ ਕੇ ਖੇਤੀ ਦੇ ਲਾਭ ਬਾਰੇ ਵੱਧ ਤੋਂ ਵੱਧ ਸ਼ੋਸਲ ਮੀਡੀਆ 'ਤੇ ਪ੍ਰਚਾਰ ਕਰਨ ਦੀ ਅਪੀਲ ਕੀਤੀ, ਤਾਂ ਕਿ ਦੂਜੇ ਕਿਸਾਨ ਵੀ ਪ੍ਰੇਰਿਤ ਹੋ ਕੇ ਵਾਤਾਵਰਣ ਪ੍ਰੇਮੀ ਬਣਨ ਲਈ ਅੱਗੇ ਆਉਣ।ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆ, ਸਿਖਲਾਈ ਕੈਂਪਾਂ ਵਿੱਚ ਵੱਧ ਤੋਂ ਵੱਧ ਸਮੂਲੀਅਤ ਕੀਤੀ ਜਾਵੇ, ਤਾਂ ਕਿ ਸਮੇਂ ਸਮੇਂ ਸਰਕਾਰ ਦੀਆਂ ਯੋਜਨਾਵਾਂ, ਆਧੁਨਿਕ ਮਸ਼ੀਨਰੀ ਬਾਰੇ ਜਾਣਕਾਰੀ ਮਿਲ ਸਕੇ। ਡਾ. ਜਸਵਿੰਦਰ ਸਿੰਘ ਗਰੇਵਾਲ ਖੇਤੀਬਾੜੀ ਅਫ਼ਸਰ ਬਲਾਕ ਧੂਰੀ ਅਤੇ ਸ਼ੇਰਪੁਰ ਨੇ ਕਿਸਾਨਾਂ ਨੂੰ ਖੇਤੀ ਮਾਹਿਰਾਂ ਦੀ ਸਲਾਹ ਮੁਤਾਬਿਕ ਕੀਟਨਾਸ਼ਕ ਵਰਤਣ ਦੀ ਸਲਾਹ ਦਿੱਤੀ।