ਮੋਹਾਲੀ ਪ੍ਰੈਸ ਕਲੱਬ ਲਈ ਜਲਦੀ ਹੀ ਮੁਹੱਈਆ ਕਰਵਾਈ ਜਾਵੇਗੀ ਢੁਕਵੀਂ ਥਾਂ: ਬਲਬੀਰ ਸਿੰਘ ਸਿੱਧੂ
ਕੈਬਨਿਟ ਮੰਤਰੀ ਨੇ ਪ੍ਰੈਸ ਕਲੱਬ ਨੂੰ ਦਿੱਤਾ 02 ਲੱਖ ਰੁਪਏ ਦਾ ਚੈੱਕ ਅਤੇ ਕਲੱਬ ਦਾ ਸਟਿੱਕਰ ਕੀਤਾ ਰਿਲੀਜ਼
5 Dariya News
ਐਸ.ਏ.ਐਸ.ਨਗਰ (ਮੁਹਾਲੀ) 18-Oct-2018
ਪ੍ਰੈਸ ਜਮਹੂਰੀਅਤ ਦਾ ਚੌਥਾ ਥੰਮ ਹੈ ਜਿਸ ਲਈ ਪ੍ਰੈਸ ਦੀ ਆਜ਼ਾਦੀ ਲਾਜ਼ਮੀ ਹੈ ਤੇ ਪੰਜਾਬ ਸਰਕਾਰ ਵਲੋਂ ਪੱਤਰਕਾਰਾਂ ਦੀ ਬਿਹਤਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਦਿਸ਼ਾ ਵਿਚ ਕਦਮ ਪੁੱਟਦਿਆਂ ਮੋਹਾਲੀ ਪ੍ਰੈਸ ਕਲੱਬ ਨੂੰ ਜਲਦੀ ਹੀ ਸ਼ਹਿਰ 'ਚ ਢੁੱਕਵੀਂ ਥਾਂ ਮੁਹੱਈਆ ਕਰਵਾਈ ਜਾਵੇਗੀ ਤੇ ਜਲਦੀ ਹੀ ਪੱਤਰਕਾਰਾਂ ਦੇ ਵਫ਼ਦ ਨੂੰ ਨਾਲ ਲੈ ਕੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ , ਪੰਜਾਬ ਨਾਲ ਤਾਲਮੇਲ ਕੀਤਾ ਜਾਵੇਗਾ , ਬਾਸ਼ਰਤੇ ਮੋਹਾਲੀ ਦੇ ਸਾਰੇ ਪੱਤਰਕਾਰ ਅਤੇ ਪੱਤਰਕਾਰ ਐਸੋਸੀਏਸ਼ਨਾਂ ਇੱਕ ਮੰਚ 'ਤੇ ਇਕੱਠੇ ਹੋ ਜਾਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਪ੍ਰੈਸ ਕਲੱਬ, ਫੇਜ਼-04 ਵਿਖੇ ਕਲੱਬ ਦਾ ਸਟਿੱਕਰ ਰਿਲੀਜ਼ ਕਰਨ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਕੈਬਨਿਟ ਮੰਤਰੀ ਨੇ ਕਿਹਾ ਕਿ ਜਿਵੇਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੈਸ ਕਲੱਬ ਬਣਾਏ ਗਏ ਹਨ। ਉਵੇੇਂ ਹੀ ਮੋਹਾਲੀ ਪ੍ਰੈਸ ਕਲੱਬ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਕਲੱਬ ਨੂੰ 02 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ । ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਰਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਵਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਚਲਾਈਆਂ ਜਾ ਰਹੀਆਂ ਸਕੀਮਾਂ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਅਤੇ ਪੰਜਾਬ ਲੇਬਰ ਵੈੱਲਫੇਅਰ ਬੋਰਡ ਬਣਾਏ ਗਏ ਹਨ ਤੇ ਕਿਰਤੀਆਂ ਨੂੰ ਦੋਵੇਂ ਬੋਰਡਾਂ ਦੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਕਿਰਤੀਆਂ ਦਾ ਰਜਿਸਟਰ ਹੋਣਾ ਲਾਜ਼ਮੀ ਹੈ ਤੇ ਇਸੇ ਗੱਲ ਨੂੰ ਮੁੱਖ ਰੱਖ ਕੇ ਇਹ ਫੈਸਲਾ ਕੀਤਾ ਜਾ ਰਿਹਾ ਹੈ ਕਿ ਜਦੋਂ ਵੀ ਕਿਸੇ ਵੀ ਪ੍ਰਾਜੈਕਟ 'ਤੇ ਕੰਮ ਸ਼ੁਰੂ ਹੋਵੇਗਾ ਤਾਂ ਸਬੰਧਿਤ ਕਿਰਤੀਆਂ ਦੀ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ।
ਇਸ ਤੋਂ ਇਲਾਵਾ ਲੇਬਰ ਸੈੱਸ ਸਬੰਧੀ ਵਿਸ਼ੇਸ਼ ਆਡਿਟ ਕੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਤ ਮਜ਼ਦੂਰਾਂ ਨੂੰ ਵੀ ਕਿਰਤ ਵਿਭਾਗ ਦੀਆਂ ਸਕੀਮਾਂ ਦਾ ਲਾਭ ਦੇਣ ਸਬੰਧੀ ਪ੍ਰਸਤਾਵ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ। ਕਿਰਤ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਕਿਰਤ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤਹਿਤ ਯੋਗ ਲਾਭਪਾਤਰੀਆਂ ਨੂੰ 173 ਕਰੋੜ ਰੁਪਏ ਦੇ ਲਾਭ ਦਿੱਤੇ ਗਏ ਸਨ ਤੇ ਇਸ ਸਾਲ ਹੁਣ ਤੱਕ ਦੇ ਸਾਰੇ ਬਕਾਇਆ ਲਾਭ ਦਿਵਾਲੀ ਤੱਕ ਸਾਰੇ ਯੋਗ ਲਾਭਪਾਤਰੀਆਂ ਨੂੰ ਦੇ ਦਿੱਤੇ ਜਾਣਗੇ।ਕਿਰਤ ਵਿਭਾਗ ਦੀਆਂ ਸਕੀਮਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਸ਼ਕਨ ਵਰਕਰਜ਼ ਵੈੱਲਫੇਅਰ ਬੋਰਡ ਵਲੋਂ ਚਲਾਈ ਜਾ ਰਹੀ ਵਜੀਫਾ ਸਕੀਮ ਤਹਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਪਹਿਲੀ ਤੋਂ 5ਵੀਂ ਕਲਾਸ ਤੱਕ 04 ਹਜ਼ਾਰ ਰੁਪਏ (ਲੜਕੀਆਂ) ਅਤੇ 03 ਹਜ਼ਾਰ ਰੁਪਏ (ਲੜਕੇ), 6ਵੀਂ ਤੋਂ 8ਵੀਂ ਕਲਾਸ ਤੱਕ 07 ਹਜ਼ਾਰ ਰੁਪਏ (ਲੜਕੀਆਂ) ਅਤੇ 05 ਹਜ਼ਾਰ ਰੁਪਏ (ਲੜਕੇ), 11ਵੀਂ ਤੋਂ 12ਵੀਂ ਕਲਾਸ ਤੱਕ 13 ਹਜ਼ਾਰ ਰੁਪਏ (ਲੜਕੀਆਂ) ਅਤੇ 10 ਹਜ਼ਾਰ ਰੁਪਏ (ਲੜਕੇ) ਵਜੀਫੇ ਵਜੋਂ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਉਸਾਰੀ ਕਿਰਤੀਆਂ ਦੇ ਕਾਲਜਾਂ ਵਿਚ ਪੜ੍ਹਖ਼ਦੇ ਬੱਚਿਆਂ ਨੂੰ ਵੀ ਵਜੀਫੇ ਦਿੱਤੇ ਜਾਂਦੇ ਹਨ। ਉਸਾਰੀ ਕਿਰਤੀਆਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਤਹਿਤ 31 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ ਜੋ ਕਿ ਵਧਾ ਕੇ 50 ਹਜ਼ਾਰ ਰੁਪਏ ਕੀਤੇ ਗਏ ਹਨ। ਇਹਨਾਂ ਤੋਂ ਇਲਾਵਾ ਐਕਸ਼ਗਰੇਸ਼ੀਆ, ਐਲ.ਟੀ.ਸੀ., ਪੈਨਸ਼ਨ ਸਕੀਮ, ਬਾਲੜੀ ਤੋਹਫਾ ਸਕੀਮ ਵਰਗੀਆਂ ਵੱਡੀ ਗਿਣਤੀ ਸਕੀਮਾਂ ਬੋਰਡ ਵਲੋ ਚਲਾਈਆਂ ਜਾ ਰਹੀਆਂ ਹਨ ਜਿਹਨਾਂ ਦਾ ਲਾਭ ਉਸਾਰੀ ਕਿਰਤੀ ਲੈ ਸਕਦੇ ਹਨ। ਇਸ ਮੌਕੇ ਮੀਡੀਆ ਵਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਿਲਾਵਟਖੋਰੀ ਨੂੰ ਨੱਥ ਪਾਉਣ ਅਤੇ ਲੋਕਾਂ ਨੂੰ ਮਿਆਰੀ ਉਤਪਾਦ ਮਿਲਣੋ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਸਰਗਰਮੀ ਨਾਲ ਕੰਮ ਕਰ ਰਹੀ ਹੈ ਤੇ ਤਿਉਹਾਰਾਂ ਦੇ ਮੱਦੇਨਜ਼ਰ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਮਿਆਰੀ ਹੋਣਾ ਯਕੀਨੀ ਬਣਾਉਣ ਲਈ ਖਾਣ-ਪੀਣ ਵਾਲੀਆਂ ਚੀਜ਼ਾਂ ਬਣਾਉਣ ਤੇ ਸਪਲਾਈ ਕਰਨ ਵਾਲਿਆਂ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਗੈਰ ਮਿਆਰੀ ਉਤਪਾਦ ਤਿਆਰ ਕਰਨ ਅਤੇ ਸਪਲਾਈ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਪਹਿਲਾਂ ਸ. ਬਲਬੀਰ ਸਿੰਘ ਸਿੱਧੂ ਦਾ ਪ੍ਰੈਸ ਕਲੱਬ ਵਿੱਚ ਪਹੁੰਚਣ 'ਤੇ ਕਲੱਬ ਦੇ ਜਨਰਲ ਸਕੱਤਰ ਹਰਬੰਸ ਬਾਗੜੀ ਨੇ ਸਵਾਗਤ ਕਰਦਿਆਂ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ 1991 ਤੋਂ ਲਗਾਤਾਰ ਪੱਤਰਕਾਰਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਸ੍ਰੀ ਸਿੱਧੂ ਵੱਲੋਂ ਕਿਸਾਨਾਂ ਅਤੇ ਹੋਰ ਲੋਕਾਂ ਲਈ ਲਾਹੇਵੰਦ ਧੰਦੇ ਸ਼ੁਰੂ ਕਰਵਾਉਣ ਅਤੇ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੰਜਾਬ ਵਿਚ ਕਿਰਤੀਆਂ ਦੀਆਂ ਉਜ਼ਰਤਾਂ ਵਧਾਉਣ ਦੀ ਮੰਗ ਕੈਬਨਿਟ ਮੰਤਰੀ ਅੱਗੇ ਰੱਖੀ ਜਿਸ ਸਬੰਧੀ ਕੈਬਨਿਟ ਮੰਤਰੀ ਨੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੀ ਅੰਤਰਰਾਸ਼ਟਰੀ ਪੱਧਰ 'ਤੇ ਮਹੱਤਤਾ ਵਿੱਚ ਵਾਧਾ ਹੋਇਆ ਹੈ ਤੇ ਕਿਸੇ ਵੀ ਸਰਕਾਰ ਦੀਆਂ ਉਪਲੱਬਧੀਆਂ ਨੂੰ ਘਰ-ਘਰ ਪਹੁੰਚਾਉਣ ਵਿੱਚ ਪ੍ਰੈਸ ਦਾ ਮਹੱਤਵਪੂਰਨ ਰੋਲ ਹੁੰਦਾ ਹੈ। ਇਸ ਲਈ ਮੋਹਾਲੀ ਦੇ ਪੱਤਰਕਾਰਾਂ ਲਈ ਪ੍ਰੈਸ ਕਲੱਬ ਲਈ ਢੁਕਵੀਂ ਥਾਂ ਅਲਾਟ ਕਰਕੇ ਕਲੱਬ ਦੀ ਉਸਾਰੀ ਕੀਤੀ ਜਾਵੇ। ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਸ. ਬਲਬੀਰ ਸਿੰਘ ਸਿੱਧੂ ਵੱਲੋਂ ਬ੍ਰਿਗੇਡੀਅਰ ਆਰ.ਐਸ.ਕਾਹਲੋਂ ਅਤੇ ਸ੍ਰੀਮਤੀ ਜਗਜੀਤ ਕੌਰ ਕਾਹਲੋਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਟੀਵਾਣਾ, ਮੀਤ ਪ੍ਰਧਾਨ ਧਰਮ ਸਿੰਘ, ਰਜੀਵ ਤਨੇਜਾ, ਸੰਯੁਕਤ ਸਕੱਤਰ ਸੰਦੀਪ ਸੰਨੀ ਅਤੇ ਰਾਜ ਕੁਮਾਰ ਅਰੋੜਾ, ਸੰਗਠਨ ਸਕੱਤਰ ਵਿਜੈ ਪਾਲ ਅਤੇ ਕੈਸ਼ੀਅਰ ਗੁਰਮੀਤ ਸਿੰਘ ਸ਼ਾਹੀ, ਗੁਰਦੀਪ ਬੈਨੀਪਾਲ, ਜਸਬੀਰ ਸਿੰਘ ਜੱਸੀ, ਸੁਖਵਿੰਦਰ ਸ਼ਾਨ ਅਤੇ ਮਾਇਆ ਰਾਮ ਅਤੇ ਕਾਂਗਰਸੀ ਆਗੂ ਜੀ.ਐਸ. ਰਿਆੜ ਸਮੇਤ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰ ਹਜ਼ਾਰ ਸਨ।