5 Dariya News

ਬਾਲ ਭਲਾਈ ਕਮੇਟੀ ਨੇ ਲਾਵਾਰਸ ਹਾਲ ਵਿੱਚ ਮਿਲੇ ਲੜਕੇ ਨੂੰ ਉਸ ਦੇ ਮਾਪਿਆਂ ਦੇ ਸਪੁਰਦ ਕੀਤਾ

ਬਾਲ ਭਲਾਈ ਕਮੇਟੀ ਨੂੰ ਆਮ ਖਾਸ ਬਾਗ ਤੋਂ 23 ਸਤੰਬਰ ਨੂੰ ਮਿਲਿਆ ਸੀ ਲਾਵਾਰਸ ਲੜਕਾ ਸੰਜੇ

5 Dariya News

ਫ਼ਤਹਿਗੜ੍ਹ ਸਾਹਿਬ 16-Oct-2018

ਬਾਲ ਭਲਾਈ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਭਲਾਈ ਕਮੇਟੀ ਦੇ ਮੈਂਬਰ ਅਜੀਤ ਸਿੰਘ ਤੇ ਨਰਿੰਦਰ ਸ਼ਰਮਾ ਨੂੰ 23 ਸਤੰਬਰ ਨੂੰ ਆਮ ਖਾਸ ਬਾਗ ਸਰਹਿੰਦ ਵਿਖੇ ਇੱਕ ਲਾਵਾਰਸ ਹਾਲਤ ਵਿੱਚ ਫਿਰਦਾ 14-15 ਸਾਲ ਦਾ ਲੜਕਾ ਮਿਲਿਆ ਸੀ ਜੋ ਕਿ ਨਾਂ ਹੀ ਬੋਲ ਸਕਦਾ ਸੀ ਅਤੇ ਨਾ ਹੀ ਸੁਣ ਸਕਦਾ ਸੀ। ਉਨ੍ਹਾਂ ਦੱਸਿਆ ਕਿ ਇਹ ਬੱਚਾ ਆਪਣੇ ਪਰਿਵਾਰ ਤੇ ਆਪਣੇ ਘਰ ਬਾਰੇ ਕੁਝ ਵੀ ਨਹੀਂ ਦੱਸ ਸਕਿਆ ਸੀ। ਜਿਸ ਕਾਰਨ ਬਾਲ ਭਲਾਈ ਕਮੇਟੀ ਨੇ ਇਸ ਬੱਚੇ ਨੂੰ ਮੁਢਲੀ ਡਾਕਟਰੀ ਸਹਾਇਤਾ ਦੇ ਕੇ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਵਿਖੇ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਲੜਕੇ ਬਾਰੇ ਕਾਊਂਸਲਰ ਅਨਿਲ ਕੁਮਾਰ ਲਗਾਤਾਰ ਲੋਕਾਂ ਤੋਂ ਜਾਣਕਾਰੀ ਇਕੱਤਰ ਕਰਦੇ ਰਹੇ ਅਤੇ ਇਸ ਕੰਮ ਵਿੱਚ ਹਰੀਸ਼ ਚਿਕਨ ਦੇ ਮਾਲਕ ਹਰੀਸ਼ ਕੁਮਾਰ ਨੇ ਬਹੁਤ ਸਹਿਯੋਗ ਦਿੱਤਾ। ਉਨ੍ਹਾਂ ਦੱਸਿਆ ਕਿ ਪੂਰੀ ਪੜਤਾਲ ਉਪਰੰਤ ਇਸ ਲੜਕੇ ਦੇ ਮਾਪਿਆਂ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੜਕਾ ਸੌਂਪ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਜਾਣਕਾਰੀ ਮਿਲੀ ਕਿ ਬਾਲ ਭਲਾਈ ਕਮੇਟੀ ਨੂੰ ਮਿਲੇ ਲੜਕੇ ਸੰਜੇ ਦਾ ਵਿਆਹ ਹੋ ਚੁੱਕਾ ਹੈ ਅਤੇ ਉਹ ਦੋ ਬੱਚਿਆਂ ਦਾ ਪਿਤਾ ਹੈ। ਇਸ ਲੜਕੇ ਨੂੰ ਪਰਿਵਾਰ ਨਾਲ ਮਿਲਾਉਣ ਵਿੱਚ ਬਾਲ ਭਲਾਈ ਕਮੇਟੀ ਦੇ ਮੈਂਬਰ ਅਜੀਤ ਸਿੰਘ, ਕ੍ਰਿਪਾਲ ਵਡੇਰਾ, ਸੰਗੀਤਾ ਸ਼ਰਮਾ ਅਤੇ ਗੁਰਸ਼ਰਨ ਸਿੰਘ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ। ਜਦੋਂ ਸੰਜੇ ਨੂੰ ਉਸ ਦੀ ਪਤਨੀ ਕਾਜਲ, ਭੈਣ, ਜੀਜੇ ਤੇ ਸਹੁਰੇ ਨਾਲ ਮਿਲਾਇਆ ਗਿਆ ਤਾਂ ਉਹ ਕਾਫੀ ਭਾਵੁਕ ਹੋ ਗਿਆ।