ਜ਼ਿਲੇ ਦੇ ਪੁਲਿਸ ਸਾਂਝ ਕੇਂਦਰਾਂ ਦੀ ਲੋਕਾਂ ਨਾਲ ਸਾਂਝ ਹੋਈ ਹੋਰ ਗੂੜੀ
ਇਕ ਸਾਲ ਦੌਰਾਨ ਜ਼ਿਲਾ ਵਾਸੀਆਂ ਨੂੰ ਮੁਹੱਈਆ ਕਰਵਾਈਆਂ 85,262 ਸੇਵਾਵਾਂ
5 Dariya News
ਕਪੂਰਥਲਾ 16-Oct-2018
ਐਸ. ਐਸ. ਪੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਦੇ ਸਮੂਹ ਪੁਲਿਸ ਸਾਂਝ ਕੇਂਦਰਾਂ ਦਾ ਸਾਲਾਨਾ ਇਜਲਾਸ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਜ਼ਿਲਾ ਸਾਂਝ ਪੁਲਿਸ ਅਫ਼ਸਰ-ਕਮ-ਡੀ. ਐਸ. ਪੀ ਹੈੱਡਕੁਆਰਟਰ ਡਾ. ਮੁਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਇਆ। ਡੀ. ਐਸ. ਪੀ ਕੰਟਰੋਲ ਰੂਮ ਰਜਿੰਦਰ ਕੁਮਾਰ ਦੀ ਮੌਜੂਦਗੀ ਵਿਚ ਹੋਏ ਇਸ ਇਜਲਾਸ ਦੌਰਾਨ ਜ਼ਿਲੇ ਦੇ ਸਾਰੇ ਸਾਂਝ ਕੇਂਦਰਾਂ ਵੱਲੋਂ 2017-18 ਦੌਰਾਨ ਸੇਵਾ ਦਾ ਅਧਿਕਾਰ ਕਾਨੂੰਨ-2011 ਅਧੀਨ ਜਨਤਾ ਨੂੰ ਮੁਹੱਈਆ ਕਰਵਾਈਆਂ ਗਈਆਂ ਵੱਖ-ਵੱਖ ਸੇਵਾਵਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਇਸ ਵਰੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਚਰਚਾ ਕੀਤੀ ਗਈ। ਡਾ. ਮੁਕੇਸ਼ ਕੁਮਾਰ ਨੇ ਸਮੂਹ ਕਮੇਟੀ ਮੈਂਬਰਾਂ ਅਤੇ ਸਾਂਝ ਕੇਂਦਰਾਂ ਦੇ ਅਫ਼ਸਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਂਝ ਕੇਂਦਰਾਂ ਦੀ ਲੋਕਾਂ ਨਾਲ ਸਾਂਝ ਦਿਨੋ-ਦਿਨ ਗੂੜੀ ਹੁੰਦੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸਾਂਝ ਕੇਂਦਰਾਂ ਵੱਲੋਂ ਵਿੱਤੀ ਵਰੇ 2017-18 ਦੌਰਾਨ ਜ਼ਿਲੇ ਦੇ ਲੋਕਾਂ ਨੂੰ ਕੁਲ 85,262 ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ, ਜਿਨਾਂ ਤੋਂ 74,20,190 ਰੁਪਏ ਦੀ ਰਾਸ਼ੀ ਸਾਂਝ ਕੇਂਦਰਾਂ ਨੂੰ ਆਮਦਨ ਦੇ ਤੌਰ 'ਤੇ ਪ੍ਰਾਪਤ ਹੋਈ ਅਤੇ ਇਸ ਦੌਰਾਨ ਕੁਲ 56,99,890 ਰੁਪਏ ਦੇ ਖ਼ਰਚੇ ਹੋਏ। ਉਨਾਂ ਦੱਸਿਆ ਕਿ ਸਾਂਝ ਕੇਂਦਰਾਂ ਵੱਲੋਂ ਜ਼ਿਲੇ ਵਿਚ ਵਾਤਾਵਰਨ ਨੂੰ ਸਵੱਛ ਰੱਖਣ ਲਈ 500 ਤੋਂ ਵੱਧ ਪੌਦੇ ਲਗਾਏ ਗਏ ਹਨ। ਇਸੇ ਤਰਾਂ ਟ੍ਰੈਫਿਕ ਜਾਗਰੂਕਤਾ ਲਈ ਵੱਡੀ ਗਿਣਤੀ ਵਿਚ ਪੈਂਫਲਿਟ ਵੰਡੇ ਗਏ ਅਤੇ ਹਾਦਸਿਆਂ ਨੂੰ ਰੋਕਣ ਲਈ ਰਿਫਲੈਕਟਰ ਲਗਾਏ ਗਏ ਹਨ। ਉਨਾਂ ਦੱਸਿਆ ਕਿ ਸਾਂਝ ਕੇਂਦਰਾਂ ਕਾਰਨ ਪਾਸਪੋਰਟ ਵੈਰੀਫਿਕੇਸ਼ਨ ਦੇ ਕੰਮ ਵਿਚ ਬੇਹੱਦ ਤੇਜ਼ੀ ਆਈ ਹੈ ਅਤੇ ਜ਼ਿਲੇ ਵਿਚ 10 ਦਿਨਾਂ ਅੰਦਰ ਪ੍ਰਾਰਥੀ ਨੂੰ ਪਾਸਪੋਰਟ ਮੁਹੱਈਆ ਹੋ ਜਾਂਦਾ ਹੈ। ਉਨਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਚਲਾਈ ਗਈ ਮੋਬਾਈਲ ਐਪ 'ਸ਼ਕਤੀ' ਬਾਰੇ ਸਕੂਲਾਂ-ਕਾਲਜਾਂ ਵਿਚ ਜਾਗਰੂਕਤਾ ਫੈਲਾਈ ਗਈ ਹੈ।
ਇਸੇ ਤਰਾਂ ਆਮ ਲੋਕਾਂ ਲਈ ਚਲਾਈਆਂ ਗਈਆਂ ਐਪ ਜਿਵੇਂ 'ਨੋ ਯੂਅਰ ਪੁਲਿਸ' ਅਤੇ 'ਪੀ. ਪੀ ਸਾਂਝ' ਬੇਹੱਦ ਕਾਮਯਾਬ ਸਿੱਧ ਹੋਈਆਂ ਹਨ। ਉਨਾਂ ਦੱਸਿਆ ਕਿ ਸਾਂਝ ਕੇਂਦਰਾਂ ਵੱਲੋਂ ਮੌਜੂਦਾ ਸਮੇਂ ਵਿਚ ਚਲੰਤ ਕੁਰੀਤੀਆਂ ਨਸ਼ੇ, ਟ੍ਰੈਫਿਕ ਸਮੱਸਿਆ ਅਤੇ ਪ੍ਰਦੂਸ਼ਣ ਆਦਿ ਸਬੰਧੀ ਵਿੱਦਿਅਕ ਸੰਸਥਾਵਾਂ ਵਿਚ 100 ਤੋਂ ਵੱਧ ਸੈਮੀਨਾਰ ਕਰਵਾਏ ਗਏ ਹਨ। ਇਸ ਮੌਕੇ ਉਨਾਂ ਸਮੂਹ ਸਾਂਝ ਕੇਂਦਰਾਂ ਨੂੰ ਆਦੇਸ਼ ਦਿੱਤੇ ਕਿ ਉਹ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਬਣੇ ਹੋਏ ਡੇਂਗੂ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਉਨਾਂ ਕਿਹਾ ਕਿ ਇਸ ਸਬੰਧੀ ਸੈਮੀਨਾਰ ਕਰਵਾਏ ਜਾਣ ਅਤੇ ਪੈਂਫਲਿਟ ਵੰਡੇ ਜਾਣ। ਇਸ ਮੌਕੇ ਕਮੇਟੀ ਮੈਂਬਰਾਂ ਦੇ ਵਡਮੁੱਲੇ ਵਿਚਾਰ ਅਤੇ ਸੁਝਾਅ ਵੀ ਲਏ ਗਏ। ਜ਼ਿਲਾ ਸਾਂਝ ਕੇਂਦਰ ਦੇ ਸਕੱਤਰ ਸ੍ਰੀ ਬੀ. ਐਨ ਗੁਪਤਾ ਨੇ ਇਸ ਮੌਕੇ ਸਾਂਝ ਕੇਂਦਰਾਂ ਵੱਲੋਂ 2017-18 ਦੌਰਾਨ ਮੁਹੱਈਆ ਕਰਵਾਈਆਂ 85,262 ਸੇਵਾਵਾਂ ਅਤੇ ਹੋਰਨਾਂ ਕਾਰਜਾਂ ਦਾ ਵਿਸਥਾਰ ਨਾਲ ਵੇਰਵਾ ਦਿੱਤਾ। ਉਨਾਂ ਦੱਸਿਆ ਕਿ ਜ਼ਿਲਾ ਸਾਂਝ ਕੇਂਦਰ ਕਪੂਰਥਲਾ ਵੱਲੋਂ 4057, ਸਬ-ਡਵੀਜ਼ਨ ਸਾਂਝ ਕੇਂਦਰ ਕਪੂਰਥਲਾ ਵੱਲੋਂ 9647, ਸਬ-ਡਵੀਜ਼ਨ ਸਾਂਝ ਕੇਂਦਰ ਭੁਲੱਥ ਵੱਲੋਂ 13933, ਸਬ-ਡਵੀਜ਼ਨ ਸਾਂਝ ਕੇਂਦਰ ਫਗਵਾੜਾ ਵੱਲੋਂ 16152, ਸਬ-ਡਵੀਜ਼ਨ-ਕਮ-ਥਾਣਾ ਸਾਂਝ ਕੇਂਦਰ ਡਡਵਿੰਡੀ (ਸੁਲਤਾਨਪੁਰ ਲੋਧੀ) ਵੱਲੋਂ 17483, ਥਾਣਾ ਸਾਂਝ ਸੋਸਾਇਟੀ (ਸੀ. ਪੀ) ਸਿਟੀ ਕਪੂਰਥਲਾ ਵੱਲੋਂ 9737, ਥਾਣਾ ਸਾਂਝ ਸੋਸਾਇਟੀ (ਸੀ. ਪੀ) ਸਿਟੀ ਫਗਵਾੜਾ ਵੱਲੋਂ 8389 ਅਤੇ ਥਾਣਾ ਸਾਂਝ ਸੋਸਾਇਟੀ (ਸੀ. ਪੀ) ਬੇਗੋਵਾਲ ਵੱਲੋਂ 5864 ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਮੌਕੇ ਜ਼ਿਲਾ ਸਾਂਝ ਕੇਂਦਰ ਦੇ ਇੰਚਾਰਜ ਸੁਖਜਿੰਦਰ ਸਿੰਘ, ਭੁਲੱਥ ਸਾਂਝ ਕੇਂਦਰ ਦੇ ਇੰਚਾਰਜ ਸੁਖਜਿੰਦਰ ਸਿੰਘ, ਡਡਵਿੰਡੀ ਸਾਂਝ ਕੇਂਦਰ ਦੇ ਇੰਚਾਰਜ ਸੁਖਵਿੰਦਰ ਸਿੰਘ, ਬੇਗੋਵਾਲ ਦੇ ਇੰਚਾਰਜ ਦਵਿੰਦਰ ਸਿੰਘ, ਸਿਟੀ ਥਾਣਾ ਦੇ ਇੰਚਾਰਜ ਬੱਗਾ ਸਿੰਘ, ਸਾਂਝ ਕੇਂਦਰ ਫਗਵਾੜਾ ਦੇ ਇੰਚਾਰਜ ਭੁਪਿੰਦਰ ਸਿੰਘ, ਫਗਵਾੜਾ ਸਿਟੀ ਦੇ ਇੰਚਾਰਜ ਰਛਪਾਲ ਸਿੰਘ, ਸੀ. ਪੀ. ਆਰ. ਸੀ ਗਗਨਦੀਪ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਸਹਾਇਕ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਬਲਜਿੰਦਰ ਸਿੰਘ ਐਮ. ਸੀ, ਮਲਕੀਤ ਸਿੰਘ ਰਘਬੋਤਰਾ, ਬਲਵਿੰਦਰ ਸਿੰਘ ਡਡਵਿੰਡੀ, ਸ਼ਿਵਦੇਵ ਸਿੰਘ, ਸੇਵਾ ਸਿੰਘ, ਜੀਤ ਸਿੰਘ, ਜਸਵੀਰ ਸਿਘ , ਮੋਹਨ ਲਾਲ, ਨੀਰੂ ਸ਼ਰਮਾ, ਵਿਸ਼ਾਲ ਆਹੂਜਾ, ਡਾ. ਹਰਭਜਨ ਸਿੰਘ ਤੇ ਹੋਰ ਹਾਜ਼ਰ ਸਨ।