5 Dariya News

ਦਵਾਈਆਂ ਦੀ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ ਨਾਈਪਰ

ਸੰਸਥਾ ਦੇ 10ਵੇਂ ਡਿਗਰੀ ਵੰਡ ਸਮਾਗਮ ਦੌਰਾਨ 200 ਤੋਂ ਵੱਧ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

5 Dariya News

ਐਸ.ਏ.ਐਸ ਨਗਰ 13-Oct-2018

'ਇਹ ਇੱਕ ਵਿਲੱਖਣ ਦਿਨ ਹੈ, ਜਿਹੜਾ ਤੁਹਾਡੀ ਮਿਹਨਤ ਤੇ ਸਮਰਪਣ ਭਾਵਨਾ ਨੂੰ ਦਰਸਾਉਂਦਾ ਹੈ। ਤੁਹਾਡੇ ਮਾਪਅਿਾਂ ਤੁਹਾਡੀਆਂ ਪ੍ਰਾਪਦੀਆਂ 'ਤੇ ਮਾਣ ਹੈ ਤੇ ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾਂ ਹਾਂ। ਤੁਹਾਨੂੰ ਸਭ ਨੂੰ ਨਾਈਪਰ ਵਿੱਚ ਪੜ੍ਹਨ ਦਾ ਮਾਣ ਹਾਸਲ ਹੋਇਆ ਹੈ, ਜਿਹੜੀ ਸੰਸਥਾ ਦੇਸ਼ ਵਿੱਚ ਫਾਰਮਾਸਿਊਟੀਕਲ ਅਤੇ ਸਬੰਧਤ ਵਿਗਿਆਨਕ ਵਿਸ਼ਿਆਂ ਸਬੰਧੀ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਅਗਵਾਈ ਕਰਨ ਲਈ ਸਥਾਪਤ ਕੀਤੀ ਗਈ ਹੈ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੰਗਲੌਰ ਦੇ ਸਾਬਕਾ ਡਾਇਰੈਕਟਰ ਅਤੇ ਐਨ.ਏ.ਐਸ.ਆਈ ਪਲੈਟੀਨਮ ਜੁਬਲੀ ਸੀਨੀਅਰ ਵਿਗਿਆਨੀ ਤੇ ਕੇਂਦਰੀ ਯੂਨੀਵਰਸਿਟੀ ਤਾਮਿਲਨਾਡੂ ਦੇ ਚਾਂਸਲਰ ਪ੍ਰੋ.ਜੀ.ਪਦਮਨਾਬਨ ਨੇ ਨਾਈਪਰ ਆਡੀਟੋਰੀਅਮ ਵਿਖੇ ਸੰਸਥਾ ਦੇ 10ਵੇਂ ਡਿਗਰੀ ਵੰਡ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ।ਨਾਈਪਰ ਦੇ ਡਾਇਰੈਕਟਰ ਪ੍ਰੋ.ਰਘੂਰਾਮ ਰਾਓ ਅਕਿਨੇਪੈਲੀ ਨੇ ਡਿਗਰੀ ਵੰਡ ਸਮਾਗਮ ਦੀ ਪ੍ਰਧਾਨਗਰੀ ਕਰਦਿਆਂ ਮਹਿਮਾਨਾਂ, ਵਿਦਿਆਰਥੀਆਂ ਦੇ ਮਾਪਿਆਂ, ਵਿਦਿਆਰਥੀਆਂ , ਸਟਾਫ ਅਤੇ ਮੀਡੀਆ ਦਾ ਸਵਾਗਤ ਕੀਤਾ। ਡਾ. ਰਾਓ ਨੇ ਇਸ ਮੌਕੇ ਨਾਈਪਰ ਦੇ ਇਤਿਹਾਸ ਉਤੇ ਚਾਨਣ ਪਾਉਂਦਿਆਂ ਦੱਸਿਆ ਕਿ ਇਸ ਸੰਸਥਾ ਵਿੱਚ ਪਹਿਲੇ ਡਾਇਰੈਕਟਰ ਦੀ ਨਿਯੁਕਤੀ ਸੰਨ 1994 ਵਿੱਚ ਹੋਈ ਸੀ ਤੇ ਸੰਨ 1998 ਵਿੱਚ ਸੰਸਦ ਦੇ ਐਕਟ ਜ਼ਰੀਏ ਇਸ ਨੂੰ ''ਕੌਮੀ ਅਹਿਮੀਅਤ ਵਾਲੀ ਸੰਸਥਾ'' ਐਲਾਨਿਆ ਗਿਆ ਸੀ।ਮੁੱਖ ਮਹਿਮਾਨ ਪ੍ਰੋ.ਜੀ. ਪਦਮਨਾਬਨ ਨੇ ਕਾਨਵੋਕਸ਼ ਭਾਸ਼ਨ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਇਸ ਡਿਗਰੀ ਵੰਡ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਆਖਿਆ ਕਿ ਨਾਈਪਰ ਦੀ ਕਾਮਯਾਬੀ ਸਦਕਾ ਭਾਰਤ ਨੂੰ ਉਤਸ਼ਾਹ ਮਿਲਿਆ ਤੇ ਫਾਰਮਾਸਿਊਟੀਕਲ ਖੇਤਰ ਦੀ ਮੰਗ ਦੇ ਮੱਦੇਨਜ਼ਰ ਦੇਸ਼ ਵਿੱਚ ਹੋਰ ਨਾਈਪਰ ਸਥਾਪਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਖੇਤਰ ਨਾਲ ਸਬੰਧਤ ਸਨਅੱਤ ਵਿੱਚ ਨਾਈਪਰ ਦੇ ਵਿਦਿਆਰਥੀਆਂ ਦੀ ਬਹੁਤ ਮੰਗ ਹੈ ਤੇ ਇਸ ਖੇਤਰ ਦੀ ਸਿੱਖਿਆ ਵਿੱਚ ਨਾਈਪਰ ਦੇਸ਼ ਵਿੱਚੋਂ ਮੋਹਰੀ ਸੰਸਥਾ ਹੈ। ਉਨ੍ਹਾਂ ਕਿਹਾ ਕਿ ਸਮਾਂ ਆਗਿਆ ਹੈ ਕਿ ਦਵਾਈ ਦੀ ਨਵੀਂ ਖੋਜ ਅਤੇ ਇਲਾਜ ਦੇ ਪਰਿਪੇਖ ਵਿੱਚ ਵਿਕਾਸ ਲਈ ਖ਼ੁਦ ਨੂੰ ਪਾਵਰਹਾਊਸ ਵਜੋਂ ਮੁੜਸੁਰਜੀਤ ਕੀਤਾ ਜਾਵੇ।ਉਨ੍ਹਾਂ ਕਿਹਾ, 'ਮੇਰਾ ਮੰਨਣਾ ਹੈ ਕਿ ਮਜ਼ਬੂਤ ਖੋਜ ਤੇ ਵਿਕਾਸ ਦੇ ਆਧਾਰ ਦੇ ਨਾਲ ਨਾਈਪਰ ਉਦਯੋਗਿਕ ਖੇਤਰ ਅਤੇ ਮਾਨਵ ਸੰਸਾਧਨ ਨਾਲ ਜੁੜੀ ਜੈਨਰਿਕ ਅਤੇ ਗਿਆਨ ਆਧਾਰਿਤ ਛੋਟੀ ਬਾਇਓਟੈ ਕੰਪਨੀਆਂ ਵਿੱਚ ਮਜ਼ਬੂਤ ਆਧਾਰ ਨਾਲ ਅਹਿਮ ਭੁੂਮਿਕਾ ਨਿਭਾਅ ਸਕਦਾ ਹੈ। ਮੈਂ ਇਸ ਲਈ ਮਾਨਵਤਾ ਦੀ ਭਲਾਈ ਲਈ ਨਵੇਂ ਦਵਾਈ ਅਣੂਆਂ ਦੀ ਖੋਜ ਦੀ ਚੁਣੌਤੀ ਕਬੂਲ ਕਰਨ ਲਈ ਵਿਦਿਆਰਥੀਆਂ ਤੇ ਅਧਿਆਪਕਾ ਨੂੰ ਬੇਨਤੀ ਕਰਦਾ ਹਾਂ। ਇਸ ਦੇ ਨਾਲ ਹੀ ਮੈਂ ਨਾਈਪਰ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਉਸ ਨੇ ਇਸ ਖੇਤਰ ਵਿੱਚ ਆਪਣੇ ਉਚ ਮੁਕਾਮ ਨੂੰ ਕਾਇਮ ਰੱਖਿਆ ਹੋਇਆ ਹੈ।'

ਸਮਾਗਮ ਨੂੰ ਸੰਬੋਧਨ ਕਰਦਿਆਂ ਨਾਈਪਰ ਦੇ ਡਾਇਰੈਕਟਰ ਡਾ. ਰਘੂਰਾਮ ਰਾਓ ਨੇ ਕਿਹਾ ਕਿ ਨਾਈਪਰ ਨੇ ਪਿਛਲੇ 02 ਦਹਾਕਿਆਂ ਵਿੱਚ ਫਾਰਮੇਸੀ ਸਿੱਖਿਆ ਵਿੱਚ ਸੱਭਿਆਚਾਰਕ ਤਬਦੀਲੀ ਲਿਆਉਣ ਵਿੱਚ ਯੋਗਦਾਨ ਪਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਫਾਰਮੇਸੀ ਸਿੱਖਿਆ ਆਧੁਨਿਕ ਵਿਗਿਆਨਕ ਧਾਰਨਾਵਾਂ ਅਤੇ ਪ੍ਰਯੋਗਿਕੀ ਵਿਕਾਸ ਨਾਲ ਇਕੱਸੁਰ ਕੀਤੇ ਜਾਣ ਦੀ ਲੋੜ ਹੈ। ਇਸੇ ਮੰਤਵ ਨਾਲ ਨਾਈਪਰ ਦਵਾਈਆਂ ਦੀ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਅਗਵਾਈ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸਾਰੇ ਸਾਬਕਾ ਵਿਦਿਆਰਥੀ ਇਸ ਸਬੰਧੀ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਅੱਜ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀ ਵੀ ਉਸੇ ਰਾਹ ਦੇ ਪਾਂਧੀ ਬਣਨਗੇ। ਉਨ੍ਹਾਂ ਆਖਿਆ, 'ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਇਸ ਮਹਾਨ ਸੰਸਥਾ ਸਬੰਧੀ ਸਾਰਿਆਂ ਦੇ ਸਖ਼ਤ ਮਿਹਨਤ ਅਤੇ ਸਮਰਪਣ ਭਾਵਨਾ ਸਦਕਾ ਭਾਰਤ ਵਿਚਲੀਆਂ ਸਾਰੀਆਂ ਫਾਰਮੇਸੀ ਸੰਸਥਾਵਾਂ ਵਿੱਚੋਂ ਨਾਈਪਰ, ਐਸ.ਏ.ਐਸ ਨਗਰ ਨੂੰ ਐਨ.ਆਈ.ਆਰ.ਐਫ.-2018 ਰੈਕਿੰਗ ਵਿੱਚ ਪਹਿਲਾ ਸਥਾਨ ਮਿਲਿਆ ਹੈ ਤੇ ਸਾਨੂੰ ਵਿਸ਼ਵ ਰੈਕਿੰਗ ਵਿੱਚ ਵੀ ਅਜਿਹੇ ਪ੍ਰਦਰਸ਼ਨ ਦੀ ਆਸ ਹੈ। ਇਸ ਡਿਗਰੀ ਵੰਡ ਸਮਾਗਮ ਵਿੱਚ ਐਮ.ਫਾਰਮ. ਦੇ 21, ਐਮ.ਐਸ. ਫਾਰਮ. ਦੇ 165, ਐਮ.ਟੈਕ ਦੇ 23, ਐਮ.ਬੀ.ਏ. ਫਾਰਮ ਦੇ 35 ਅਤੇ ਪੀਐਚ.ਡੀ. ਦੇ 28 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਤਾਨਿਆ ਰੱਲੀ, ਐਮ.ਐਸ.ਫਾਰਮ ਬੈਚ 2016-18 ਅਤੇ ਮਿਸਬਾਹ ਇਜਾਜ਼ ਲੋਨ, ਐਮ.ਬੀ.ਏ. ਫਾਰਮ ਬੈਚ 2016-18 ਦਾ ਸੋਨ ਤਗ਼ਮਿਆਂ ਨਾਲ ਸਨਮਾਨ ਕੀਤਾ ਗਿਆ।ਪਿਛਲੇ ਕੁਝ ਵਰ੍ਹਿਆਂ ਦੌਰਾਨ ਨਾਈਪਰ ਨੇ ਨਵੇਂ ਅਤੇ ਉਦਯੋਗ ਸਬੰਧੀ ਕੋਰਸ ਜੋੜੇ ਹਨ ਤੇ ਮੌਜੂਦਾ ਸਮੇਂ ਨਾਈਪਰ 10 ਵਿਭਾਗਾਂ ਵਿੱਚ 15 ਐਮ.ਐਸ. ਅਤੇ ਪੀਐਚ.ਡੀ. ਦੇ ਕੋਰਸ ਕਰਵਾ ਰਿਹਾ ਹੈ। ਸੰਨ 2001 ਵਿੱਚ ਇਸ ਸੰਸਥਾ ਦਾ ਪਹਿਲਾ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿੱਚ ਪ੍ਰੋ. ਐਮ.ਐਮ. ਸ਼ਰਮਾ, ਆਈਸੀਟੀ, ਮੁੰਬਈ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਹੁਣ ਤਾਈਂ ਕੁਲ 09 ਡਿਗਰੀ ਵੰਡ ਸਮਾਗਮ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਡਾ. ਏ.ਪੀ.ਜੇ.ਅਬਦੁਲ ਕਲਾਮ, ਪ੍ਰੋ. ਵੀ. ਕ੍ਰਿਸ਼ਨਾਮੂਰਤੀ, ਪ੍ਰੋ. ਸੀ.ਐਨ.ਆਰ. ਰਾਵ, ਡਾ. ਐਮ.ਐਸ. ਗਿਲ ਵਰਗੀਆਂ ਸ਼ਖ਼ਸੀਅਤਾਂ ਸ਼ਿਰਕਤ ਕਰ ਚੁੱਕੀਆਂ ਹਨ। ਪਿਛਲੇ ਡਿਗਰੀ ਵੰਡ ਸਮਾਗਮ ਦੌਰਾਨ 2698 ਮਾਸਟਰਜ਼ ਵਿਦਿਆਰਥੀ ਅਤੇ 270 ਪੀਐਚ.ਡੀ. ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ ਸਨ।