5 Dariya News

ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ, 7 ਵੱਖ-ਵੱਖ ਖੇਡਾਂ ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਕਰਵਾਏ ਫਾਈਨਲ ਮੁਕਾਬਲੇ

ਤਲਵੰਡੀ ਅਕਲੀਆ ਦੀ ਲੜਕਿਆਂ ਦੀ ਕਬੱਡੀ ਟੀਮ ਰਹੀ ਜੇਤੂ, ਹਾਕੀ ਵਿੱਚ ਬੁਢਲਾਡਾ ਦੀ ਟੀਮ ਨੇ ਮਾਰੀ ਬਾਜ਼ੀ

5 Dariya News

ਮਾਨਸਾ 14-Oct-2018

ਮਾਨਸਾ ਜ਼ਿਲ੍ਹੇ ਵਿੱਚ ਚੱਲ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਅੱਜ 7 ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲਿਆਂ ਦੌਰਾਨ ਤਲਵੰਡੀ ਅਕਲੀਆ ਕਬੱਡੀ ਦੀ ਟੀਮ ਚਹਿਲਾਂਵਾਲੀ ਨੂੰ ਹਰਾ ਕੇ ਪਹਿਲੇ ਸਥਾਨ 'ਤੇ ਕਾਬਜ਼ ਹੋਈ। ਇਸੇ ਤਰ੍ਹਾਂ ਹਾਕੀ ਵਿੱਚ ਬੁਢਲਾਡਾ ਦੀ ਟੀਮ ਨੇ ਕੋਟ ਧਰਮੂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਖੇਡਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਦੇ ਫਾਈਨਲ ਮੁਕਾਬਲੇ ਕਾਫ਼ੀ ਰੋਮਾਂਚਕ ਅਤੇ ਫਸਵੇਂ ਰਹੇ ਅਤੇ ਹਰੇਕ ਟੀਮ ਵੱਲੋਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਕੱਬਡੀ ਮੁਕਾਬਲਿਆਂ ਵਿੱਚ ਕੋਟ ਧਰਮੂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਬਾਸਕਟਬਾਲ ਦੇ ਮੁਕਾਬਲਿਆਂ ਵਿੱਚ ਭੈਣੀ ਬਾਘਾ ਦੀ ਲੜਕਿਆਂ ਦੀ ਟੀਮ ਨੇ ਅਤੇ ਲੜਕੀਆਂ ਦੀ ਬਾਸਕਿਟਬਾਲ ਵਿੱਚ ਭੀਖੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਲੜਕੀਆਂ ਦੀ ਹਾਕੀ ਖੇਡ ਵਿੱਚੋਂ ਮਾਨਸਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਲੜਕਿਆਂ ਦੇ ਫੁੱਟਬਾਲ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਮਾਨਸਾ ਦੀ ਟੀਮ ਨੇ ਅਤੇ ਲੜਕੀਆਂ ਦੇ ਫੁਟਬਾਲ ਮੁਕਾਬਲਿਆਂ ਵਿੱਚ ਜੋਗਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਲੜਕਿਆਂ ਦੇ ਹੈਂਡਬਾਲ ਦੇ ਹੋਏ ਫਸਵੇਂ ਮੁਕਾਬਲਿਆਂ ਵਿੱਚ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਜੋੜਕੀਆਂ ਨੇ ਪਹਿਲਾ ਅਤੇ ਲੜਕੀਆਂ ਦੇ ਹੈਂਡਬਾਲ ਮੁਕਾਬਲਿਆਂ ਵਿੱਚ ਵੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋੜਕੀਆਂ ਦੀ ਝੰਡੀ ਰਹੀ। 

ਵਾਲੀਬਾਲ ਦੇ ਲੜਕਿਆਂ ਦੇ ਮੈਚਾਂ ਵਿੱਚ ਸਰਕਾਰੀ ਸਕੂਲ ਬੁਰਜ ਹਰੀ ਪਹਿਲੇ ਅਤੇ ਲੜਕੀਆਂ ਦੇ ਵਾਲੀਵਾਲ ਮੁਕਾਬਲਿਆਂ ਵਿੱਚ ਕੋਚਿੰਗ ਸੈਂਟਰ ਪਿੰਡ ਸੈਦੇਵਾਲਾ ਦੀ ਟੀਮ ਨੇ ਖ਼ਿਤਾਬ ਆਪਣੇ ਨਾਂਅ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੜਕਿਆਂ ਦੇ ਹੋਏ ਖੋਹ-ਖੋਹ ਮੁਕਾਬਲਿਆਂ ਵਿੱਚ ਫੱਤਾ ਮਾਲੋਕਾ ਦੀ ਟੀਮ ਪਹਿਲੇ ਅਤੇ ਲੜਕੀਆਂ ਦੀ ਖੋਹ-ਖੋਹ ਮੁਕਾਬਲਿਆਂ ਵਿੱਚ ਵਿਦਿਆ ਭਾਰਤੀ ਸਕੂਲ ਮਾਨਸਾ ਦੀ ਟੀਮ ਪਹਿਲੇ ਸਥਾਨ 'ਤੇ ਕਾਬਜ਼ ਹੋਣ 'ਚ ਕਾਮਯਾਬ ਰਹੀ।ਅੱਜ ਦੇ ਇਨਾਮ ਵੰਡ ਸਮਾਰੋਹ ਦੌਰਾਨ ਸੀਨੀਅਰ ਕਾਂਗਰਸੀ ਆਗੂ ਡਾ. ਮੰਜੂ ਬਾਂਸਲ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੰਡਣ ਦੀ ਰਸਮ ਅਦਾ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਤਰ੍ਹਾਂ ਦੇ ਖੇਡ ਮੇਲਿਆਂ ਦੀ ਬਹੁਤ ਜਰੂਰਤ ਹੈ। ਉਨ੍ਹਾਂ ਖਿਡਾਰੀਆਂ ਨੂੰ ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸੀਨੀਅਰ ਸਹਾਇਕ ਖੇਡ ਵਿਭਾਗ ਸ਼੍ਰੀ ਮਨਪ੍ਰੀਤ ਸਿੰਘ ਸਿੱਧੂ, ਬਾਸਕਟਬਾਲ ਕੋਚ ਕੈਪ: ਗੁਲਜਾਰ ਸਿੰਘ, ਕੁਸ਼ਤੀ ਕੋਚ ਸ਼੍ਰੀ ਸ਼ਾਹਬਾਜ ਸਿੰਘ, ਵਾਲੀਬਾਲ ਕੋਚ ਸ਼੍ਰੀ ਗੁਰਪ੍ਰੀਤ ਸਿੰਘ, ਫੁਟਬਾਲ ਕੋਚ ਸ਼੍ਰੀ ਸੰਗਰਾਮਜੀਤ ਸਿੰਘ, ਐਕਲੈਟਿਕਸ ਕੋਚ ਸ਼੍ਰੀ ਗੁਰਮੀਤ ਸਿੰਘ, ਕਬੱਡੀ ਕੋਚ ਸ਼੍ਰੀ ਅਨਿਲ ਕੁਮਾਰ, ਬਾਕਸਿੰਗ ਕੋਚ ਸ਼੍ਰੀ ਦੀਦਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਆਏ ਵਿਦਿਆਰਥੀ ਮੌਜੂਦ ਸਨ।