5 Dariya News

ਸੈਨਿਕ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼-ਵਿਦੇਸ਼ ਵਿਚ ਨਾਂਅ ਚਮਕਾਇਆ - ਓ. ਪੀ ਸੋਨੀ

ਮਿਹਨਤ ਤੇ ਲਗਨ ਨਾਲ ਆਪਣੇ ਟੀਚੇ ਪ੍ਰਾਪਤ ਕਰਨ ਵਿਦਿਆਰਥੀ, ਸਿੱਖਿਆ ਮੰਤਰੀ ਨੇ ਸੈਨਿਕ ਸਕੂਲ ਦੀ ਸਾਲਾਨਾ ਐਥਲੈਟਿਕਸ ਮੀਟ ਦੇ ਜੇਤੂਆਂ ਨੂੰ ਵੰਡੇ ਇਨਾਮ

5 Dariya News

ਕਪੂਰਥਲਾ 14-Oct-2018

ਸੈਨਿਕ ਸਕੂਲ ਪੰਜਾਬ ਦਾ ਮਾਣ ਹੈ, ਜਿਸ ਦੇ ਵਿਦਿਆਰਥੀਆਂ ਨੇ ਆਪਣੀਆਂ ਮਾਣਮੱਤੀਆਂ  ਪ੍ਰਾਪਤੀਆਂ ਨਾਲ ਦੇਸ਼-ਵਿਦੇਸ਼ ਵਿਚ ਨਾਂਅ ਕਮਾਇਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਸੈਨਿਕ ਸਕੂਲ ਦੀ 57ਵੀਂ ਸਾਲਾਨਾ ਐਥਲੈਟਿਕਸ ਮੀਟ ਦੇ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਸੈਨਿਕ ਸਕੂਲ ਨੇ 1100 ਤੋਂ ਵੱਧ ਸੈਨਿਕ ਅਧਿਕਾਰੀ ਮੁਲਕ ਨੂੰ ਦਿੱਤੇ ਹਨ, ਜਿਨਾਂ ਵਿਚ 50 ਲੈਫਟੀਨੈਂਟ ਜਨਰਲ ਅਤੇ ਮੇਜਰ ਜਨਰਲ ਵੀ ਸ਼ਾਮਿਲ ਹਨ। ਉਨਾਂ ਸਕੂਲ ਦੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਬਹੁਤ ਕਿਸਮਤ ਵਾਲੇ ਹਨ, ਜਿਨਾਂ ਨੂੰ ਇਸ ਵੱਕਾਰੀ ਸੰਸਥਾ ਵਿਚ ਸਿੱਖਿਆ ਗ੍ਰਹਿਣ ਕਰਨ ਦਾ ਮੌਕਾ ਮਿਲਿਆ ਹੈ। ਉਨਾਂ ਕਿਹਾ ਕਿ ਇਸ ਤਰਾਂ ਦੀ ਸੰਸਥਾ ਵਿਚ ਪੜਿਆ ਵਿਦਿਆਰਥੀ ਜੀਵਨ ਵਿਚ ਕਦੇ ਮਾਰ ਨਹੀਂ ਖਾਂਦਾ ਅਤੇ ਉੱਚ ਮੁਕਾਮ ਹਾਸਲ ਕਰਦਾ ਹੈ। ਇਸ ਮੌਕੇ ਉਨਾਂ ਤਿੰਨ ਰੋਜ਼ਾ ਐਥਲੈਕਟਿਸ ਮੀਟ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਕਿਹਾ ਕਿ ਉਹ ਭਵਿੱਖ ਦੇ ਨਿਰਮਾਤਾ ਹਨ, ਇਸ ਲਈ ਉਹ ਮਿਹਨਤ ਤੇ ਲਗਨ ਨਾਲ ਆਪਣੇ ਜੀਵਨ ਦੇ ਟੀਚੇ ਹਾਸਲ ਕਰਨ। ਇਸ ਮੌਕੇ ਸਕੂਲ ਦੇ ਕੈਡਿਟਾਂ ਨੇ ਆਪਣੇ ਸਬੰਧਤ ਹਾਊਸਾਂ ਤਹਿਤ ਸ਼ਾਨਦਾਰ ਮਾਰਚ ਪਾਸਟ ਕੀਤਾ ਅਤੇ ਸਕੂਲ ਦੇ ਵਿਸ਼ਵ ਪ੍ਰਸਿੱਧ ਬੈਂਡ ਨੇ ਲਾਜਵਾਬ ਪੇਸ਼ਕਾਰੀ ਦਿੱਤੀ।

ਇਸੇ ਤਰਾਂ ਮਾਸ ਪੀ. ਟੀ ਸ਼ੋਅ ਹੋਇਆ ਅਤੇ ਵਿਦਿਆਰਥੀਆਂ ਨੇ ਜਿਮਨਾਸਟਿਕ, ਐਰੋਬਿਕਸ ਅਤੇ ਹੋਰਨਾਂ ਹੈਰਤਅੰਗੇਜ਼ ਵੰਨਗੀਆਂ ਰਾਹੀਂ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਮਹਿਲਾਵਾਂ ਦੀ ਦੌੜ ਅਤੇ ਭੰਗੜਾ ਖਾਸ ਆਕਰਸ਼ਨ ਦਾ ਕੇਂਦਰ ਰਹੇ। ਇਸ ਤੋਂ ਪਹਿਲਾਂ ਸਕੂਲ ਪਹੁੰਚਣ 'ਤੇ ਪ੍ਰਿੰਸੀਪਲ ਕਰਨਲ ਵਿਕਾਸ ਮੋਹਨ ਅਤੇ ਐਡਮ ਅਫ਼ਸਰ ਲੈ. ਕਮਾਂਡਰ ਦਿਲਪ੍ਰੀਤ ਸਿੰਘ ਕੰਗ ਨੇ ਸਿੱਖਿਆ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਅਤੇ ਉਨਾਂ ਨੂੰ ਸਕੂਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।ਐਥਲੈਕਟਿਸ ਮੀਟ ਦੇ ਨਤੀਜਿਆਂ ਅਨੁਸਾਰ ਸੀਨੀਅਰ ਵਰਗ ਵਿਚ ਭਗਤ ਹਾਊਸ ਨੇ ਚੈਂਪੀਅਨਸ਼ਿਪ ਟਰਾਫ਼ੀ ਜਿੱਤੀ ਜਦਕਿ ਕੈਡਿਟ ਸੁਮਿਤ ਸਿੰਘ ਸਰਬੋਤਮ ਐਥਲੀਟ ਐਲਾਨਿਆ ਗਿਆ। ਇਸੇ ਤਰਾਂ ਜੂਨੀਅਰ ਹਾਊਸਾਂ ਵਿਚੋਂ ਮੋਤੀਲਾਲ ਹਾਊਸ ਪਹਿਲੇ ਸਥਾਨ 'ਤੇ ਰਿਹਾ ਅਤੇ ਕੈਡਿਟ ਅਲੋਕ ਸਰਬੋਤਮ ਐਥਲੀਟ ਬਣਿਆ। ਇਸ ਤੋਂ ਇਲਾਵਾ ਹੋਲਡਿੰਗ ਹਾਊਸਾਂ ਵਿਚੋਂ ਨਲਵਾ ਹਾਊਸ ਨੇ ਬਾਜ਼ੀ ਮਾਰੀ ਅਤੇ ਕੈਡਿਟ ਹਿਮਾਲਿਆ ਸਰਬੋਤਮ ਐਥਲੀਟ ਚੁਣਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ, ਇੰਨ ਸਰਵਿਸ ਟ੍ਰੇਨਿੰਗ ਸੈਂਟਰ ਕਪੂਰਥਲਾ ਦੇ ਕਮਾਂਡੈਂਟ ਸ. ਰਾਜਪਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਸਕੂਲ ਦੇ ਵਾਈਸ ਪ੍ਰਿੰਸੀਪਲ ਲੈਫਟੀਨੈਂਟ ਕਰਨਲ ਸੀਮਾ ਮਿਸ਼ਰਾ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ, ਪੁਰਾਣੇ ਵਿਦਿਆਰਥੀ, ਵਿਦਿਆਰਥੀ ਅਤੇ ਉਨਾਂ ਦੇ ਮਾਪੇ ਹਾਜ਼ਰ ਸਨ।