5 Dariya News

ਐਸੋਸੀਏਟਿਡ ਸਕੂਲ ਬੰਦ ਨਹੀਂ ਕੀਤੇ ਜਾਣਗੇ- ਓ ਪੀ ਸੋਨੀ

ਪੰਜਾਬ ਸਰਕਾਰ ਇੰਨਾਂ ਦੀ ਮੰਗਾਂ 'ਤੇ ਹਮਦਰਦੀ ਨਾਲ ਕਰੇਗੀ ਗੌਰ, ਹੜਤਾਲੀ ਯੂਨੀਅਨ ਆਗੂਆਂ ਨੂੰ ਕੰਮ 'ਤੇ ਪਰਤਣ ਦੀ ਕੀਤੀ ਅਪੀਲ

5 Dariya News

ਅੰਮ੍ਰਿਤਸਰ 14-Oct-2018

ਸਿੱਖਿਆ ਅਤੇ ਵਾਤਾਵਰਣ ਮੰਤਰੀ ਓ ਪੀ ਸੋਨੀ ਨੇ ਪੰਜਾਬ ਵਿਚ ਚੱਲ ਰਹੇ 2000 ਤੋਂ ਵੱਧ ਐਸੋਸੀਏਟਿਡ ਸਕੂਲਾਂ ਬਾਰੇ ਬੋਲਦੇ ਕਿਹਾ ਕਿ ਇਹ ਸਕੂਲ ਘੱਟ ਫੀਸਾਂ 'ਤੇ ਚੰਗੀ ਪੜਾਈ ਲੋੜਵੰਦ ਬੱਚਿਆਂ ਨੂੰ ਕਰਵਾ ਰਹੇ ਹਨ ਅਤੇ ਸਰਕਾਰ ਇੰਨਾਂ ਨੂੰ ਬੰਦ ਕਰਨ ਦਾ ਫੈਸਲਾ ਹਰਗਿਜ਼ ਨਹੀਂ ਲਵੇਗੀ, ਕਿਉਂਕਿ ਇਸ ਨਾਲ ਜਿੱਥੇ ਘਰਾਂ ਨੇੜੇ ਬੱਚਿਆਂ ਦੀ ਪੜਾਈ ਸਬੰਧੀ ਜ਼ਰੂਰਤ ਪੂਰੀ ਹੋ ਰਹੀ ਹੈ, ਉਥੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ। ਉਨਾਂ ਕਿਹਾ ਕਿ ਇਹ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਪਣੀ ਮੁੱਢਲੀਆਂ ਜ਼ਰੂਰਤ ਜ਼ਰੂਰ ਪੂਰੀਆਂ ਕਰਨ ਅਤੇ ਬੱਚਿਆਂ ਨੂੰ ਨਿਰੰਤਰ ਪੜਾਈ ਕਰਵਾਉਣੀ ਜਾਰੀ ਰੱਖਣ। ਅੱਜ ਪੰਜਾਬ ਭਰ ਤੋਂ ਆਏ ਐਸੋਸੀਏਟਿਡ ਸਕੂਲ ਆਰਗੇਨਾਇਜੇਸ਼ਨ ਅੰਮ੍ਰਿਤਸਰ ਅਤੇ ਐਸੋਸੀਏਟਿਡ ਸਕੂਲ ਜੁਇੰਟ ਐਕਸ਼ਨ ਫਰੰਟ ਵੱਲੋਂ ਸਿੱਖਿਆ ਮੰਤਰੀ ਦੁਆਰਾ ਬਾਂਹ ਫੜਨ ਲਈ ਕਰਵਾਏ ਗਏ ਧੰਨਵਾਦ ਸਮਾਗਮ ਮੌਕੇ ਬੋਲਦੇ ਸ੍ਰੀ ਸੋਨੀ ਨੇ ਕਿਹਾ ਕਿ ਇਹ ਸਕੂਲ ਲੰਮੇ ਸਮੇਂ ਤੋਂ ਉਨਾਂ ਸਥਾਨਾਂ 'ਤੇ ਵਿਦਿਆ ਦਾ ਚਾਨਣ ਵੰਡ ਰਹੇ ਹਨ, ਜਿੱਥੇ ਕਿ ਸਿੱਖਿਆ ਦੀ ਵੱਡੀ ਲੋੜ ਹੈ। ਉਨਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੇ ਲੱਖਾਂ ਬੱਚੇ ਇਨਾਂ ਸਕੂਲਾਂ ਵਿਚ ਪੜ ਰਹੇ ਹਨ ਅਤੇ ਜੇਕਰ ਇਹ ਆਪਣੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਹਨ ਤਾਂ ਇੰਨਾਂ ਨੂੰ ਹਰਗਿਜ਼ ਬੰਦ ਨਹੀਂ ਕੀਤਾ ਜਾਵੇਗਾ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕ, ਜਿੰਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਗਿਆ ਹੈ, ਦੀ ਤਨਖਾਹ ਵਿਚ ਹੋਈ ਕਮੀ ਦਾ ਰੌਲਾ ਪਾ ਕੇ ਧਰਨਾ ਲਗਾ ਰਹੇ ਸਾਂਝਾ ਮੋਰਚਾ ਦੇ ਆਗੂਆਂ ਨੂੰ ਮੁੜ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਸਕੂਲਾਂ ਨੂੰ ਪਰਤ ਜਾਣ ਅਤੇ ਬੱਚਿਆਂ ਦੀ ਪੜਾਈ ਸ਼ੁਰੂ ਕਰਵਾਉਣ। ਸ੍ਰੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਉਨਾਂ ਨੂੰ ਤਿੰਨ ਸਾਲ ਦਿੱਤੀ ਜਾਣ ਵਾਲੀ ਮੁੱਢਲੀ ਤਨਖਾਹ ਵਿਚ ਕੀਤਾ ਗਿਆ 5 ਹਜ਼ਾਰ ਰੁਪਏ ਦਾ ਵਾਧਾ ਉਕਤ ਯੂਨੀਅਨ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਕਰਨ ਤੋਂ ਬਾਅਦ ਹੀ ਲਿਆ ਗਿਆ ਸੀ, ਪਰ ਹੁਣ ਉਕਤ ਆਗੂ ਹੀ ਅਧਿਆਪਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨਾਂ ਦੱਸਿਆ ਕਿ ਪੱਕੇ ਕੀਤੇ ਅਧਿਆਪਕ ਇਸ ਤੋਂ ਪਹਿਲਾਂ ਵੱਖ-ਵੱਖ ਸੁਸਾਇਟੀਆਂ ਦੇ ਮੁਲਾਜ਼ਮ ਸਨ, ਜਿੰਨਾ ਦਾ ਕੋਈ ਭਵਿੱਖ ਨਹੀਂ ਸੀ ਅਤੇ ਕਿਸੇ ਵੇਲੇ ਵੀ ਕੇਂਦਰ ਸਰਕਾਰ ਵੱਲੋਂ ਮਿਲਦੀ ਗਰਾਂਟ ਬੰਦ ਹੋਣ 'ਤੇ ਇੰਨਾ ਦੀ ਨੌਕਰੀ ਜਾ ਸਕਦੀ ਸੀ, ਪਰ ਸਰਕਾਰ ਨੇ ਇੰਨਾਂ ਵੱਲੋਂ ਵਿਭਾਗ ਲਈ ਕੀਤੇ ਕੰਮ ਨੂੰ ਧਿਆਨ ਵਿਚ ਰੱਖਦੇ ਪੱਕੀ ਨੌਕਰੀ ਦਿੱਤੀ ਹੈ, ਜਿਸਦਾ ਇੰਨਾ ਨੂੰ ਸਵਾਗਤ ਕਰਨਾ ਚਾਹੀਦਾ ਹੈ। 

ਇਸ ਮੌਕੇ ਸੰਬੋਧਨ ਕਰਦੇ ਜੁਇੰਟ ਐਕਸ਼ਨ ਫਰੰਟ ਦੇ ਪ੍ਰਧਾਨ ਸ. ਸੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਸਕੂਲਾਂ ਨੇ ਆਪਣੇ ਮੁੱਢਲੇ ਢਾਂਚੇ ਵਿਚ ਵੱਡਾ ਵਾਧਾ ਕੀਤਾ ਹੈ, ਬਹੁਤ ਹੀ ਘੱਟ ਫੀਸਾਂ 'ਤੇ ਸਮਾਜੇ ਦੇ ਲੋੜਵੰਦ ਵਰਗ ਨੂੰ ਵਿਦਿਆ ਦੇ ਰਹੇ ਹਨ। ਉਨਾਂ ਬੇਨਤੀ ਕੀਤੀ ਕਿ ਇੰਨਾਂ ਸਕੂਲਾਂ ਨੂੰ ਰੈਗੂਲਰ ਕਰਕੇ ਚਿੰਤਾ ਮੁੱਕਤ ਕੀਤਾ ਜਾਵੇ। ਸ੍ਰੀ ਮਨੋਜ ਸਰੀਨ ਸੈਕਟਰੀ ਨੇ ਕਿਹਾ ਕਿ ਸੋਨੀ ਜੀ ਪੰਜਾਬ ਦੇ ਗਰੀਬ ਲੋਕਾਂ ਦੇ ਮਸੀਹਾ ਹਨ ਅਤੇ ਬਿਨਾਂ ਕਿਸੇ ਭੇਦਭਾਵ ਨੇ ਇੰਨਾਂ ਸਮਾਜ ਦੇ ਹਰ ਲੋੜਵੰਦ ਦੀ ਮਦਦ ਕੀਤੀ ਹੈ ਅਤੇ ਇਸੇ ਸਦਕਾ ਇਹ 5 ਵਾਰ ਵਿਧਾਇਕ ਦੀ ਚੋਣ ਜਿੱਤੇ ਹਨ ਅਤੇ ਸਾਨੂੰ ਮਾਣ ਹੈ ਕਿ ਇਹ ਸਾਡੇ ਸਕੂਲ ਬੰਦ ਨਹੀਂ ਹੋਣ ਦੇਣਗੇ। ਸ੍ਰੀ ਜਗਜੀਤ ਚੰਦਰ ਰਾਣਾ ਚੇਅਰਮੈਨ ਐਸੋਸੀਏਡਟ ਸਕੂਲ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਵਿਚ ਪੰਜਾਬ ਤੋਂ ਆਏ ਪ੍ਰਿੰਸੀਪਲ ਤੇ ਅਧਿਆਪਕਾਂ  ਦਾ ਧੰਨਵਾਦ ਕੀਤਾ। ਇਸ ਮੋਕੇ ਐਸੋਸੀਏਟਿਡ ਸਕੂਲਜ਼ ਅੰਮ੍ਰਿਤਸਰ,ਗੁਰਦਾਸਪੁਰ ਅਤੇ ਲੁਧਿਆਣਾ ਦੇ ਅਹੁੱਦੇਦਾਰਾਂ ਵਲੋ ਸ਼੍ਰੀ ਸੋਨੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਸਮਾਗਮ ਵਿਚ ਸ: ਸਲਵਿੰਦਰ ਸਿੰਘ ਸਮਰਾ ਜਿਲਾਂ ਸਿੱਖਿਆ ਅਫਸਰ ਸੈਕੰਡਰੀ, ਸ਼੍ਰੀ ਪਵਨਦੀਪ ਖੇਤਰੀ ਮੈਨੇਜਰ ਪੰਜਾਬ ਸਕੂਲ ਸਿੱਖਿਆ  ਬੋਰਡ ਦਫਤਰ ਅੰਮ੍ਰਿਤਸਰ, ਐਸੋਸੀਏਟਿਡ ਸਕੂਲਜ਼ ਦੇ ਚੇਅਰਮੈਨ ਸ਼੍ਰੀ ਰਾਣਾ ਜਗਦੀਸ਼  ਸਿੰਘ, ਪ੍ਰਧਾਨ ਸ਼੍ਰੀ ਸੁਰਜੀਤ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਆਨੰਦ ਠਾਕੁਰ ਸਿੰਘ, ਕਾਰਜਕਾਰੀ ਮੈਬਰ  ਸ਼੍ਰੀ ਮਨੋਜ ਸਰੀਨ, ਸ਼੍ਰੀ ਜਤਿੰਦਰ ਸ਼ਰਮਾ, ਸ਼੍ਰੀ ਕੰਵਲ ਅਦਲੀਵਾਲ, ਸ਼੍ਰੀ ਪਰਮਜੀਤ ਮਿੰਟਾ,ਮਲਕੀਤ ਸਿੰਘ, ਰਾਜੀਵ ਸਰਮਾ, ਸ਼੍ਰੀ ਰਾਜੀਵ ਸਹਿਦੇਵ , ਸ਼੍ਰੀ ਅਸ਼ਵਨੀ ਤੋ ਇਲਾਵਾ ਵੱਡੀ ਗਿਣਤੀ ਵਿਚ ਲੁਧਿਆਣਾ,ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋ ਇੰਨਾਂ ਸਕੂਲਾ ਦੇ ਪ੍ਰਿੰਸੀਪਲ ਹਾਜ਼ਰ ਸਨ।