5 Dariya News

ਜ਼ਿਲ੍ਹਾ ਪੁਲਿਸ ਨੇ ਮੋਬਾਇਲ ਫੋਨ 'ਤੇ ਫਿਰੋਤੀ ਦੇ 6 ਲੱਖ ਦੀ ਮੰਗ ਕਰਨ ਵਾਲੇ ਕਥਿਤ ਦੋਸ਼ੀ ਨੂੰ ਕੀਤਾ ਕਾਬੂ : ਅਲਕਾ ਮੀਨਾ

ਕਾਬੂ ਕੀਤੇ ਕਥਿਤ ਦੋਸ਼ੀ ਨੇ 13 ਅਕਤੂਬਰ ਨੂੰ ਚਨਾਰਥਲ ਕਲਾਂ ਦੇ ਮਨਪ੍ਰੀਤ ਸਿੰਘ ਦੇ ਅਗਵਾ ਹੋਣ ਬਾਰੇ ਉਸ ਦੇ ਪਰਿਵਾਰ ਨੂੰ ਕੀਤਾ ਸੀ ਫੋਨ

5 Dariya News

ਫ਼ਤਹਿਗੜ੍ਹ ਸਾਹਿਬ 14-Oct-2018

ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਅਗਵਾ ਬਦਲੇ 6 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ ਕਥਿਤ ਦੋਸ਼ੀ ਨੂੰ 16 ਘੰਟਿਆਂ ਵਿੱਚ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ 8 ਅਕਤੂਬਰ ਨੂੰ ਪਿੰਡ ਚਨਾਰਥਲ ਕਲਾਂ ਦੇ ਸਤਨਾਮ ਸਿੰਘ ਪੁੱਤਰ ਹ੍ਰੁਸ਼ਿਆਰ ਸਿੰਘ ਨੇ ਆਪਣੇ ਲੜਕੇ ਮਨਪ੍ਰੀਤ ਸਿੰਘ, ਜੋ ਕਿ ਮਾਤਾ ਗੁਜ਼ਰੀ ਕਾਲਜ਼ ਵਿਖੇ 4 ਅਕਤੂਬਰ ਨੂੰ ਪੜ੍ਹਨ ਲਈ ਆਇਆ ਸੀ ਅਤੇ ਵਾਪਸ ਘਰ ਨਹੀਂ ਸੀ ਪਰਤਿਆ, ਬਾਰੇ ਥਾਣਾ ਮੂਲੇਪੁਰ ਵਿਖੇ ਗੁੰਮਸ਼ੁਦਗੀ ਦੀ ਰਪਟ ਦਰਜ਼ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਨੇ 13  ਅਕਤੂਬਰ    ਨੂੰ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਨੂੰ ਇੱਕ ਅਨਜਾਣ ਮੋਬਾਇਲ ਨੰਬਰ ਤੋਂ ਫੋਨ ਆਇਆ ਸੀ ਕਿ ਤੁਹਾਡਾ ਪੁੱਤਰ ਮੇਰੇ ਕੋਲ ਹੈ ਅਤੇ ਜੇਕਰ ਤੁਸੀਂ ਉਸ ਨੂੰ ਸਹੀ ਸਲਾਮਤ ਵੇਖਣਾ ਚਾਹੁੰਦੇ ਹੋ ਤਾਂ 6 ਲੱਖ ਰੁਪਏ ਲੈ ਕੇ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਪਹੁੰਚ ਜਾਵੋ। ਸ਼੍ਰੀਮਤੀ ਮੀਨਾ ਨੇ ਦੱਸਿਆ ਕਿ ਇਸ ਸਬੰਧੀ ਐਸ.ਪੀ. (ਜਾਂਚ) ਸ. ਹਰਪਾਲ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਤੁੱਲ ਸੋਨੀ, ਮੁੱਖ ਥਾਣਾ ਅਫਸਰ ਮੂਲੇਪੁਰ ਸਬ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਅਤੇ ਥਾਣਾ ਮੂਲੇਪੁਰ ਦੇ ਏ.ਐਸ.ਆਈ. ਬਲਦੇਵ ਸਿੰਘ ਦੀ ਇੱਕ ਟੀਮ ਬਣਾਈ ਗਈ ਅਤੇ ਮੋਬਾਇਲ ਫੋਨ 'ਤੇ ਫਿਰੋਤੀ ਮੰਗਣ ਵਾਲੇ ਵਿਅਕਤੀ ਵਿਰੁੱਧ ਥਾਣਾ ਮੂਲੇਪੁਰ ਵਿਖੇ ਧਾਰਾ 365, 384 ਅਤੇ 34 ਅਧੀਨ ਮੁਕੱਦਮਾ ਨੰਬਰ 72 ਮਿਤੀ 131018 ਨੂੰ ਦਰਜ਼ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਉਪਰੰਤ ਪੁਲਿਸ ਟੀਮ ਨੇ ਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹੋਏ ਮੋਬਾਇਲ ਫੋਨ 'ਤੇ ਫਿਰੋਤੀ ਮੰਗਣ ਵਾਲੇ ਕਥਿਤ ਦੋਸ਼ੀ ਵਿਜੈ ਵਰਮਾ ਉਰਫ ਗੌਰੀ ਪੁੱਤਰ ਰਜਿੰਦਰ ਸਿੰਘ ਵਾਸੀ ਮਕਾਨ ਨੰ: 2873, ਪੁਰਾਣਾ ਬਜਾਰ ਕਸਾਈਆਂ ਵਾਲੀ ਗਲੀ ਜੰਡਿਆਲਾ ਗੁਰੂ (ਅੰਮ੍ਰਿਤਸਰ) ਨੂੰ 16 ਘੰਟੇ ਦੇ ਅੰਦਰ ਕਾਬੂ ਕਰ ਲਿਆ ਗਿਆ।ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਗਿਆ ਕਥਿਤ ਦੋਸ਼ੀ ਏਨਾ ਸ਼ਾਤਰ ਹੈ ਕਿ ਉਸ ਨੇ ਫਿਰੋਤੀ ਦੀ ਰਕਮ ਹਾਸਲ ਕਰਨ ਲਈ ਦਾੜੀ ਕਟਵਾ ਕੇ ਆਪਣਾ ਹੁਲੀਆ ਬਦਲ ਲਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਕਥਿਤ ਦੋਸ਼ੀ ਜਿਆਦਾਤਰ ਫੇਸਬੁੱਕ 'ਤੇ ਐਕਟਿਵ ਰਹਿੰਦਾ ਹੈ ਅਤੇ ਜਦੋਂ ਫੇਸਬੁੱਕ 'ਤੇ ਬਣੇ ਇੱਕ ਪੇਜ਼ '' ਕਰ ਭਲਾ ਹੋ ਭਲਾ '' 'ਤੇ ਮਨਪ੍ਰੀਤ ਸਿੰਘ ਦੇ ਗੁੰਮ ਹੋਣ ਸਬੰਧੀ ਪੋਸਟ ਪਾਈ ਤਾਂ ਉਸ ਨੇ ਮਨਪ੍ਰੀਤ ਸਿੰਘ ਦੀਆਂ ਫੋਟੋਆਂ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦਾ ਨੰਬਰ ਸੇਵ ਕਰ ਲਿਆ ਅਤੇ ਮਨਪ੍ਰੀਤ ਸਿੰਘ ਦੇ ਪਿਤਾ ਸਤਨਾਮ ਸਿੰਘ ਨੂੰ ਫੋਨ ਕਰਕੇ ਉਸ ਤੋਂ 6 ਲੱਖ ਰੁਪਏ ਦੀ ਫਿਰੋਤੀ ਮੰਗੀ।ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੀ ਮੁਢਲੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀ ਵਿਜੈ ਵਰਮਾ ਉਰਫ ਗੌਰੀ ਜੋ ਕਿ ਜੰਡਿਆਲਾ ਗੁਰੂ ਵਿਖੇ ਰਹਿੰਦਾ ਹੈ, ਦੀ ਘਰ ਵਿੱਚ ਹੀ ਚੱਪਲਾਂ ਦੀ ਦੁਕਾਨ ਹੈ ਅਤੇ ਇਹ ਵਿਅਕਤੀ ਫੇਸਬੁੱਕ 'ਤੇ ਬਣੇ ਪੇਜ਼ਾਂ ਵਿੱਚ ਗੁੰਮਸ਼ੁਦਾ ਹੋਏ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਫੋਨ ਕਰਕੇ ਗੁੰਮਸ਼ੁਦਾ ਵਿਅਕਤੀ ਨੂੰ ਖੁਦ ਅਗਵਾ ਕਰਨ ਦਾ ਦਾਅਵਾ ਕਰਦਾ ਹੈ ਅਤੇ ਫਿਰੋਤੀ ਦੀ ਮੰਗ ਕਰਦਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਹਿਲਾਂ ਵੀ ਦੋ ਵਾਰ ਅਜਿਹਾ ਕਰ ਚੁੱਕਾ ਹੈ।