5 Dariya News

ਪਿੰਡ ਪੱਟੀ ਸਦੀਕ ਦਾ ਕਿਸਾਨ ਗੁਰਪ੍ਰੀਤ ਸਿੰਘ ਹੋਰ ਕਿਸਾਨਾਂ ਲਈ ਬਣਿਆ ਚਾਨਣ ਮੁਨਾਰਾ

5 Dariya News

ਫਾਜ਼ਿਲਕਾ 14-Oct-2018

ਅਬੋਹਰ ਉਪਮੰਡਲ ਦੇ ਪਿੰਡ ਪੱਟੀ ਸਦੀਕ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਜਿਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਸਾਲ ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਹੈ, ਉਹ ਇਕ ਪਾਸੇ ਜ਼ਿਥੇ ਡੇਅਰੀ ਦੇ ਕਿੱਤੇ ਵਿਚ ਨਾਮਨਾ ਖੱਟ ਰਿਹਾ ਹੈ ਉਥੇ ਹੀ ਫਸਲੀ ਵਿਭਿੰਨਤਾ ਦਾ ਵੀ ਇਹ ਕਿਸਾਨ ਸੁਤਰਧਾਰ ਬਣਿਆ ਹੋਇਆ ਹੈ।ਇਸ ਸਮੇਂ ਇਹ ਕਿਸਾਨ ਹੋਰਨਾ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਵੀ ਪ੍ਰੇਰਿਤ ਕਰ ਰਿਹਾ ਹੈ। ਗੁਰਪ੍ਰੀਤ ਸਿੰਘ ਆਖਦਾ ਹੈ ਪੰਜਾਬ ਵਿੱਚ 10 ਲੱਖ ਤੋਂ ਵੱਧ ਅਜਿਹੇ ਕਿਸਾਨ ਪਰਿਵਾਰ ਹਨ ਜਿਨ੍ਹਾਂ ਦੀ ਜਮੀਨ 5 ਏਕੜ ਤੋਂ ਘੱਟ ਹੈ ਅਤੇ ਅਜਿਹੇ ਲਗਭਗ ਸਾਰੇ ਕਿਸਾਨ ਪਸ਼ੂ ਪਾਲਣ ਦਾ ਕੰਮ ਵੀ ਨਾਲੋ-ਨਾਲ ਕਰਦੇ ਹਨ। ਉਹ ਆਪਣੇ ਤਜਰਬੇ ਤੋਂ ਆਖਦਾ ਹੈ ਕਿ ਜੇਕਰ ਪਰਾਲੀ ਨੂੰ ਸਿਆਲ ਦੀ ਰੁਤ ਵਿੱਚ ਦੂਧਾਰੂ ਜਾਨਵਰਾਂ ਦੇ ਥੱਲੇ ਵਿਛਾ ਦਿੱਤਾ ਜਾਵੇ ਤਾਂ ਇਸ ਨਾਲ ਇਕ ਪਾਸੇ ਜਾਨਵਰਾਂ ਦਾ ਠੱਢ ਤੋਂ ਬਚਾਓ ਹੁੰਦਾ ਹੈ ਉਥੇ ਹੀ ਇਹ ਪਰਾਲੀ ਗੋਬਰ ਅਤੇ ਪਸ਼ੂਆਂ ਦੇ ਪੇਸ਼ਾਬ ਨਾਲ ਮਿਲ ਕੇ ਉਤਮ ਕਿਸਮ ਦੀ ਖਾਦ ਵਿੱਚ ਬਦਲ ਸਕਦੀ ਹੈ। ਉਸ ਨੇ ਦੱਸਿਆ ਕਿ ਉਹ ਖੁਦ ਭਾਵੇ ਝੋਨੇ ਦੀ ਕਾਸਤ ਨਹੀਂ ਕਰਦਾ ਪਰ ਗੁਆਡੀ ਪਿੰਡੋਂ ਪਰਾਲੀ ਲਿਆ ਕੇ ਹਰ ਸਾਲ ਪਸ਼ੂਆਂ ਦੇ ਥੱਲੇ ਸੁੱਕਾ ਕਰਨ ਲਈ ਵਰਤਦਾ ਹੈ। ਉਸ ਨੇ ਕਿਹਾ ਕਿ ਦੋ ਤਿੰਨ ਜਾਨਵਰਾਂ ਲਈ ਇਕ ਏਕੜ ਦੀ ਪਰਾਲੀ ਕਾਫੀ ਹੁੰਦੀ ਹੈ। 

ਗੁਰ੍ਰਪੀਤ ਸਿੰਘ ਇਸ ਤਰ੍ਹਾਂ ਦੀ ਖਾਦ ਆਪਣੇ ਖੇਤਾਂ ਵਿਚ ਵਰਤਦਾ ਹੈ ਜਿਸ ਕਾਰਨ ਉਸ ਦਾ ਨਰਮਾ ਅਖੀਰ ਤੱਕ ਹਰਾ ਹੈ ਅਤੇ ਚੰਗੀ ਉਪਜ ਦੇ ਰਿਹਾ ਹੈ ਜਦ ਕਿ ਹੋਰਨਾ ਕਿਸਾਨਾਂ ਦੇ ਨਰਮੇ ਕਾਲੇ ਪੈ ਗਏ ਹਨ।ਗੁਰਪ੍ਰੀਤ ਸਿੰਘ ਨੇ ਜਿਥੇ ਫਸਲੀ ਵਿਭਿੰਨਤਾ ਤਹਿਤ ਕਿੰਨੂ ਦਾ ਬਾਗ ਲਾਇਆ ਹੋਇਆ ਹੈ ਉਥੇ ਹੀ ਉਹ ਨਰਮਾ ਕਣਕ ਤੋਂ ਇਲਾਵਾ ਅਰਹਰ, ਮੂਗ, ਗੁਆਰਾ, ਜਵਾਰ ਮੱਕੀ ਜਵੀਂ ਜੌਂ, ਸਰੋਂ ਅਤੇ ਛੋਲਿਆਂ ਦੀ ਕਾਸਤ ਵੀ ਕਰਦਾ ਹੈ। ਉਹ ਪਾਣੀ ਦੀ ਬਚਤ ਲਈ ਹਰ ਸਾਲ ਖੇਤ ਵਿੱਚ ਲੇਜਰ ਲੈਵਲਿੰਗ ਕਰਾਉਂਦਾ ਹੈ ਅਤੇ ਮੱਛੀ ਪਾਲਣ ਵੀ ਕਰਦਾ ਹੈ। ਉਸ ਦਾ ਆਪਣਾ ਡੇਅਰੀ ਫਾਰਮ ਹੈ। ਜਿਸ ਵਿੱਚ ਉਸ ਨੇ ਐਚ.ਐਫ ਅਤੇ ਜਰਸੀ ਨਸਲ ਦੀਆਂ ਗਾਵਾਂ ਅਤੇ ਮੁਰ੍ਹਾ ਨਸਲ ਦੀਆਂ ਮੱਝਾ ਰਖੀਆ ਹੋÎਈਆ ਹਨ। ਹੁਣ ਉਹ ਦੁੱਧ ਦੀ ਅਬੋਹਰ ਸ਼ਹਿਰ ਵਿੱਚ ਘਰੋਂ-ਘਰੀ ਸਪਲਾਈ ਵੀ ਸ਼ੁਰੂ ਕਰਨ ਜਾ ਰਿਹਾ ਹੈ। ਉਹ 6 ਸਾਲ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੀਆ ਹੋਇਆ ਹੈ। ਉਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੁਰਪ੍ਰੀਤ ਸਿੰਘ ਧਾਲੀਵਾਲੀ ਯਾਦਗਾਰੀ ਪੁਰਸਕਾਰ ਤੋਂ ਇਲਾਵਾ ਹੋਰ ਵੀ ਅਨੇਕਾਂ ਪੁਰਸਕਾਰ ਮਿਲ ਚੁੱਕੇ ਹਨ। ਜ਼ਿਲ੍ਹਾ ਪੱਧਰੀ ਪਸ਼ੂ ਧਨ ਮੁਕਾਬਲੇ ਵਿਚ ਉਸ ਦੀ ਗਾਂ ਜੇਤੂ ਰਹੀ ਹੈ। ਇਸ ਤੋਂ ਬਿਨ੍ਹਾਂ ਕਿੰਨੂ ਮੁਕਾਬਲਿਆਂ ਵਿੱਚ ਵੀ ਉਸ ਨੇ ਕਈ ਇਨਾਮ ਜਿੱਤੇ ਹਨ। ਜ਼ਿਲ੍ਹਾ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਕਿਸਾਨ ਹੋਰਨਾ ਲਈ ਪ੍ਰੇਰਿਨਾ ਸਰੋਤ ਹਨ।