5 Dariya News

ਡੇਪੋ' ਮੁਹਿੰਮ ਸਦਕਾ ਬਰਨਾਲਾ ਜ਼ਿਲ੍ਹੇ 'ਚ ਸਿੰਥੈਟਿਕ ਨਸ਼ਿਆਂ ਨੂੰ ਪ੍ਰਭਾਵਸ਼ਾਲੀ ਢੰਗ ਪਾਈ ਨਕੇਲ : ਧਰਮ ਪਾਲ ਗੁਪਤਾ

ਬਰਨਾਲਾ ਜ਼ਿਲ੍ਹੇ 'ਚ ਹੁਣ ਤੱਕ 3116 ਨਸ਼ਾ ਪੀੜਤਾਂ ਦਾ 'ਓਟ' ਕੇਂਦਰਾਂ ਵਿਖੇ ਕੀਤਾ ਮੁਫ਼ਤ ਇਲਾਜ : ਧਰਮ ਪਾਲ ਗੁਪਤਾ

5 Dariya News

ਬਰਨਾਲਾ 14-Oct-2018

ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਗਈ 'ਡਰੱਗ ਅਬਿਊਜ਼ ਐਂਡ ਪਰਿਵੈਂਸ਼ਨ ਅਫ਼ਸਰ (ਡੇਪੋ) ਮੁਹਿੰਮ ਦੇ ਬਰਨਾਲਾ ਜ਼ਿਲ੍ਹੇ 'ਚ ਸਾਰਥਕ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿਦਿੰਆਂ ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਵਿਭਾਗ ਦੀ ਮਦਦ ਨਾਲ ਡੇਪੋ ਮੁਹਿੰਮ ਨੂੰ ਜ਼ਿਲ੍ਹੇ ਅੰਦਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਗਿਆ ਹੈ ਜਿਸਦੇ ਨਤੀਜੇ ਵਜੋਂ ਬਰਨਾਲਾ ਜ਼ਿਲ੍ਹੇ 'ਚ ਸਿੰਥੈਟਿਕ ਨਸ਼ਿਆਂ ਦਾ ਖਾਤਮਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਸਿੰਥੈਟਿਕ ਨਸ਼ਿਆਂ ਦੀ ਕਿਸੇ ਵੀ ਤਰ੍ਹਾਂ ਦੀ ਤਸਕਰੀ ਰੋਕਣ ਦੇ ਨਾਲ-ਨਾਲ ਮੈਡੀਕਲ ਅਤੇ ਅਫ਼ੀਮ ਤੇ ਭੁੱਕੀ ਵਰਗੇ ਨਸ਼ਿਆਂ 'ਤੇ ਵੀ ਪੂਰਨ ਤੌਰ 'ਤੇ ਲਗਾਮ ਕੱਸ ਦਿੱਤੀ ਜਾਵੇਗੀ।ਸ੍ਰੀ ਧਰਮ ਪਾਲ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਨਸ਼ਿਆਂ ਖਿਲਾਫ਼ ਛੇੜੀ ਗਈ ਇਸ ਜੰਗ 'ਚ ਨਾ ਸਿਰਫ਼ ਨਸ਼ਿਆਂ ਦੀ ਸਪਲਾਈ ਨੂੰ ਖਤਮ ਕੀਤਾ ਜਾ ਰਿਹਾ ਹੈ ਬਲਕਿ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਆਦਤ ਤੋਂ ਪੀੜਤਾਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਓ.ਓ.ਏ.ਟੀ. ਕਲੀਨਿਕਾਂ ਵਿੱਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸ਼ੁਰੂਆਤੀ ਦੌਰ 'ਚ ਵੱਡੇ ਪੱਧਰ 'ਤੇ ਵਧੀ ਸੀ ਅਤੇ ਹੁਣ ਨਵੇਂ ਮਰੀਜ਼ਾਂ ਦੀ ਇਨ੍ਹਾਂ ਕੇਂਦਰਾਂ 'ਚ ਆਮਦ ਨਾਂਹ ਦੇ ਬਰਾਬਰ ਹੈ ਜੋ ਜ਼ਿਲ੍ਹੇ 'ਚੋਂ ਨਸ਼ਿਆਂ ਦੇ ਖਾਤਮੇ ਦੀ ਗਵਾਹੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵੱਡੀ ਸਫ਼ਲਤਾ ਲਈ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਡੇਪੋ ਵਲੰਟੀਅਰ (ਨਸ਼ਾ ਰੋਕੂ ਅਫ਼ਸਰਾਂ) ਨਾਲ ਮਿਲ ਕੇ ਪੁਲਿਸ ਵਲੋਂ ਨਸ਼ਿਆਂ ਦੀ ਜਾਗਰੂਕਤਾ ਸਬੰਧੀ ਸੈਮੀਨਾਰ ਅਤੇ ਵਰਕਸ਼ਾਪ ਵਿੱਦਿਅਕ ਅਦਾਰਿਆਂ ਅਤੇ ਪਿੰਡਾਂ ਵਿੱਚ ਕਰਵਾਏ ਗਏ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ 'ਚ ਹੁਣ ਤੱਕ ਤਕਰੀਬਨ 8500 ਨਸ਼ਾ ਪੀੜਤ ਵਿਅਕਤੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਜਿਸ ਵਿੱਚੋਂ 3,116 ਦਾ ਇਲਾਜ ਪੰਜਾਬ ਸਰਕਾਰ ਵਲੋਂ ਚਲਾਏ ਜਾਂਦੇ 'ਓਟ' ਕੇਂਦਰਾਂ ਵਿਖੇ ਮੁਫ਼ਤ ਕੀਤਾ ਗਿਆ ਹੈ ਅਤੇ ਬਾਕੀਆਂ ਵੱਲੋਂ ਗੈਰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ 'ਚ ਆਪਣਾ ਇਲਾਜ ਕਰਵਾਇਆ ਗਿਆ ਹੈ।

ਸ੍ਰੀ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਓ.ਓ.ਏ.ਟੀ. ਕਲੀਨਿਕਾਂ ਵਿੱਚ ਮਈ ਤੇ ਜੂਨ ਮਹੀਨਿਆਂ ਵਿੱਚ ਨਵੇਂ ਮਰੀਜ਼ਾਂ ਦੀ ਗਿਣਤੀ 16-16 ਸੀ, ਜੋ ਕਿ ਜੁਲਾਈ ਵਿੱਚ ਵੱਧ ਕੇ 623 ਅਤੇ ਅਗਸਤ 'ਚ 1712 ਤੱਕ ਪਹੁੰਚ ਗਈ ਪਰ ਸਤੰਬਰ ਮਹੀਨੇ 'ਚ ਇਹ ਗਿਣਤੀ ਮੁੜ ਘੱਟ ਕੇ 602 ਹੀ ਰਹਿ ਗਈ। ਉਨ੍ਹਾਂ ਦੱਸਿਆ ਕਿ ਇਸ ਮਹੀਨੇ 11 ਅਕਤੂਬਰ ਤੱਕ ਸਿਰਫ਼ 147 ਨਵੇਂ ਮਰੀਜ਼ਾਂ ਵੱਲੋਂ ਰਜਿਸਟਰੇਸ਼ਨ ਕਰਵਾਈ ਗਈ ਸੀ ਜਿਨ੍ਹਾਂ 'ਚ ਕੋਈ ਵੀ ਮਰੀਜ਼ ਸਿੰਥੈਟਿਕ ਨਸ਼ੇ ਦੀ ਆਦਤ ਤੋਂ ਪੀੜਤ ਨਹੀਂ ਸੀ। ਉਨ੍ਹਾਂ ਕਿਹਾ ਕਿ ਪੇਂਡੂ ਤੇ ਸ਼ਹਿਰੀ ਪੱਧਰ 'ਤੇ ਸਿਹਤ ਸੇਵਾਵਾਂ ਅਤੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਸਿਹਤ ਵਿਭਾਗ ਵੱਲੋਂ 6 ਓ.ਓ.ਏ.ਟੀ. ਕਲੀਨਿਕ ਚਲਾਏ ਜਾ ਰਹੇ ਹਨ ਜਿੱਥੇ ਨਸ਼ੇ ਦੇ ਆਦੀ ਮਰੀਜਾਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤੇ ਬਿਨਾਂ ਹੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੋਰੋਗ ਮਾਹਰ ਇਨ੍ਹਾਂ ਓ.ਓ.ਏ.ਟੀ. ਕੇਂਦਰਾਂ ਦੇ ਇੰਚਾਰਜ ਹਨ ਅਤੇ ਸਿਹਤ ਵਿਭਾਗ ਵੱਲੋਂ ਇਨ੍ਹਾਂ ਕੇਂਦਰਾਂ ਦੀ ਸਹੀ ਕਾਰਗੁਜ਼ਾਰੀ ਲਈ ਮੈਡੀਕਲ ਅਫ਼ਸਰਾਂ, ਕਾਉਂਸਲਰਾਂ, ਸਟਾਫ਼ ਨਰਸਾਂ ਅਤੇ ਡਾਟਾ ਐਂਟਰੀ ਓਪਰੇਟਰਾਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ।ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ 'ਤੂੰ ਮੇਰਾ ਬਡੀ' ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਸਕੂਲਾਂ ਅਤੇ ਕਾਲਜਾਂ ਵਿੱਚ ਹਰ ਇੱਕ ਜਮਾਤ ਦੇ 5 ਬੱਚਿਆਂ ਦਾ ਇੱਕ ਦੋਸਤ ਗਰੁੱਪ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਗਾਤਾਰ ਗਤੀਵਿਧੀਆਂ ਜਾਰੀ ਹਨ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਹਿ ਨਿਗਰਾਨੀ ਸਮਾਜਕ ਅਲਾਮਤਾਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਐਸ.ਐਸ.ਪੀ. ਹਰਜੀਤ ਸਿੰਘ, ਐਸ.ਡੀ.ਐਮ. ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਵੀਨ ਕੁਮਾਰ, ਸਹਾਇਕ ਕਮਿਸ਼ਨਰ ਡਾ. ਕਰਮਜੀਤ ਸਿੰਘ, ਸਿਵਲ ਸਰਜਨ ਡਾ. ਜੁਗਲ ਕਿਸ਼ੌਰ, ਐਸ.ਪੀ. ਸੁਖਦੇਵ ਸਿੰਘ ਵਿਰਕ, ਐਸ.ਪੀ. ਸ਼ਰਨਜੀਤ ਸਿੰਘ, ਸਮੂਹ ਕਲੱਸਟਰ ਅਫ਼ਸਰ, ਡੀ.ਐਸ.ਪੀ., ਐਸ.ਐਚ.ਓ. ਸਮੇਤ ਸਿਹਤ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।