5 Dariya News

ਝੋਨੇ ਦੀ ਪਰਾਲੀ ਨੂੰ ਸਾੜਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਮਾੜਾ ਪ੍ਰਭਾਵ ਪੈਂਦਾ ਹੈ : ਡਾ. ਅਮਰੀਕ ਸਿੰਘ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਅਜ਼ੀਜ਼ਪੁਰ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ

5 Dariya News

ਪਠਾਨਕੋਟ 14-Oct-2018

ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਦੇਸ਼ ਭਰ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੁੱਲੇ ਵਿੱਚ ਸਾੜਣ ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ, ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅੱਗ ਲਗਾ ਕੇ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੁਕ ਕਰਨ ਲਈ ਬਲਾਕ ਪਠਾਨਕੋਟ  ਦੇ ਪਿੰਡ ਅਜ਼ੀਜ਼ਪੁਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ।ਸ਼੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਦੇ ਪ੍ਰਬੰਧਾਂ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲਗਾਏ ਕੈਂਪ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ(ਹੈਡ ਕੁਆਟਰ),ਰਾਜ ਕੁਮਾਰ ਤਕਨੀਸ਼ਨ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ,ਅਮਨਦੀਪ ਸਿੰਘ ਸਹਾਇਕ ਤਕਨੀਕੀ ਪ੍ਰਬੰਧਕ, ਸਰਪੰਚ ਬਲਬੀਰ ਸਿੰਘ,ਸੱਤ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਂਦੀ ਹੈ, ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ।ਉਨਾਂ ਕਿਹਾ ਕਿ ਅੱਗ ਲਗਾਉਣ ਨਾਲ ਸੜਕਾਂ ਕਿਨਾਰੇ ਲਗਾਏ ਦਰੱਖਤ ਸੜਕੇ ਨਸਟ ਹੋ ਜਾਂਦੇ ਹਨ ਜਿਸ ਕਾਰਨ ਬਹੁਤ ਸਾਰੇ ਕਿਸਾਨਾਂ ਦੇ ਮਿੱਤਰ ਪੰਛੀ ਆਪਣੇ ਪਰਿਵਾਰਕ ਵਾਧੇ ਲਈ ਆਂਡੇ ਖੇਤਾਂ ਅਤੇ ਖੇਤਾਂ ਦੀਆਂ ਵੱਟਾਂ ਉੱਪਰ ਦਿੰਦੇ ਹਨ ਅਤੇ ਇਨਾਂ ਅੰਡਿਆਂ ਤੋਂ ਪੈਦਾ ਹੋਣ ਵਾਲੇ ਬੱਚੇ ਜਨਮ ਤੋਂ ਪਹਿਲਾਂ ਹੀ ਅੱਗ ਨਾਲ ਸੜ ਕੇ ਖਤਮ ਹੋ ਜਾਂਦੇ ਹਨ।

ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿ ਜਿਸ ਤਰਾਂ ਪਿਛਲੇ ਸਾਲਾਂ ਦੌਰਾਨ ਪਠਾਨਕੋਟ ਜ਼ਿਲੇ ਨੂੰ ਧੂੰਆ ਮੁਕਤ ਰੱਖਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਜ਼ਿਲਾ ਪ੍ਰਸ਼ਾਸ਼ਣ ਨੂੰ ਸਹਿਯੋਗ ਦਿੱਤਾ ਸੀ ਉਸੇ ਤਰਾਂ ਇਸ ਵਾਰ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਦੀ ਬਿਜਾਏ ਖੇਤ ਵਿੱਚ ਵਾਹ ਕੇ ਜ਼ਿਲੇ ਨੂੰ ਪ੍ਰਦੂਸ਼ਣ ਮੁਕਤ ਬਨਾਉਣ ਵਿੱਚ ਸਹਿਯੋਗ ਕਰਨ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ  ਪਿੰਡ ਡੇਅਰੀਵਾਲ ਵਿੱਚ ਗਊਸ਼ਾਲਾ ( ਕੈਟਲ ਪਾਉਂਡ) ਬਣਾਇਆ ਗਿਆ ਹੈ ਜਿਸ ਵਿੱਚ ਇਸ ਵਕਤ ਤਕਰੀਬਨ 350 ਪਸ਼ੂਆ ਦੀ ਸੰਭਾਲ ਕੀਤੀ ਜਾ ਰਹੀ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕਿਸਾਨ, ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ਗਊਸ਼ਾਲਾ ਵਿੱਚ ਦਾਨ ਜਾਂ ਵੇਚ ਵੀ ਸਕਦਾ ਹੈ,ਜਿਸ ਵਾਸਤੇ ਪਸ਼ੂ ਪਾਲਣ ਵਿਭਾਗ ਜਾਂ ਕਾਰਪੋਰੇਸ਼ਨ ਦੇ ਅਧਿਕਾਰੀਆਂ /ਕਰਮਚਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਡਾ ਹਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲਾ ਪਠਾਨਕੋਟ ਨੂੰ ਤੀਜੇ ਸਾਲ ਪ੍ਰਦੂਸ਼ਿਣ ਮੁਕਤ ਬਨਾਉਣ ਲਈ 12 ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਗਾ, ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ,ਪੁਲਸਿ ਵਿਭਾਗ,ਮਾਲ ਵਿਭਾਗ ਦੇ ਅਧਿਕਾਰੀ ਬਤੌਰ ਨਿਗਰਾਨ ਅਧਿਕਾਰੀ ਨਿਯੁਕਤ ਕੀਤੇ ਗਏ ਹਨ।ਉਨਾਂ ਦੱਸਿਆ ਕਿ ਇਸ ਮਹਿੰਮ ਤਹਿਤ ਹੀ 210 ਖੁਸ਼ਹਾਲੀ ਦੇ ਰਖਵਾਲਿਆ ਨੂੰ ਬਤੌਰ ਨੋਡਲ ਅਫਸਰ ਲਗਾਇਆ ਹੈ ਜੋ ਆਪੋ ਆਪਣੇ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਤੇ ਨਿਗਾਹ ਰੱਖਣਗੇ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾਂ ਸਾੜਣ ਬਾਰੇ ਪ੍ਰੇਰਿਤ ਵੀ ਕਰਨਗੇ।ਤਕਨੀਸ਼ਨ ਰਾਜ ਕੁਮਾਰ ਨੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ। ਸਟੇਜ ਸਕੱਤਰ ਦੇ ਫਰਜ ਗੁਰਦਿੱਤ ਸਿੰਘ ਨੇ ਬਾਖੂਬੀ ਨਿਭਾਏ। ਅੰਤ ਵਿੱਚ ਸਰਪੰਚ ਬਲਬੀਰ ਸਿੰਘ ਨੇ ਆਏ ਖੇਤੀ ਮਾਹਿਰਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ।