5 Dariya News

ਪੰਜਾਬ ਵਿਚ ਫਲੇਵਰਡ ਚਬਾਉਣ ਵਾਲੇ ਤੰਬਾਕੂ, ਗੁਟਕਾ ਅਤੇ ਤੰਬਾਕੂ/ਨਿਕੋਟੀਨ ਯੁਕਤ ਪਾਨ ਮਸਾਲੇ 'ਤੇ ਪਾਬੰਦੀ

5 Dariya News

ਚੰਡੀਗੜ੍ਹ 12-Oct-2018

ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼, 2011 ਦੇ  ਅਨੁਸਾਰ, ਮਾਰਕੀਟ ਵਿਚ ਉਪਲੱਬਧ ਗੁਟਕਾ, ਪਾਨ ਮਸਾਲਾ (ਜਿਸ ਵਿੱਚ ਤੰਬਾਕੂ ਜਾਂ ਨਿਕੋਟੀਨ ਪਾਈ ਜਾਂਦੀ ਹੈ), ਪ੍ਰੋਸੈਸਡ/ਫਲੇਵਰਡ/ ਸੁਗੰਧਿਤ ਚਬਾਉਣ ਵਾਲੇ ਤੰਬਾਕੂ ਅਤੇ ਹੋਰ ਕੋਈ ਵੀ ਉਤਪਾਦ ਜਿਹਨਾਂ ਵਿਚ ਤੰਬਾਕੂ ਜਾਂ ਨਿਕੋਟੀਨ ਪਾਈ ਜਾਂਦੀ ਹੈ ਆਦਿ ਦੇ ਉਤਪਾਦਨ, ਵਿਕਰੀ ਜਾਂ ਵੰਡ, ਸਟੋਰੇਜ 'ਤੇ ਪੰਜਾਬ ਵਿਚ ਨੋਟੀਫਿਕੇਸ਼ਨ  ਜਾਰੀ ਹੋਣ ਦੀ ਤਰੀਖ ਤੋਂ ਲੈ ਕੇ ਇਕ ਸਾਲ ਦੀ ਪਾਬੰਦੀ ਲਗਾਈ ਗਈ ਹੈ। ਉੱਕਤ ਪ੍ਰਗਟਾਵਾ ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ, ਕਮਿਸ਼ਨਰ, ਪੰਜਾਬ ਸ੍ਰੀ ਕਾਹਨ ਸਿੰਘ ਪੰਨੂੰ ਨੇ ਕੀਤਾ। ਉਹਨਾਂ ਕਿਹਾ ਕਿ ਭਾਵੇਂ ਇਹ ਉਤਪਾਦ ਪੈਕ ਕੀਤੇ ਜਾਂ ਨਾ ਕੀਤੇ ਹੋਣ, ਇਕੱਲੇ ਜਾਂ ਵੱਖ-ਵੱਖ ਪੈਕਟ ਸਾਂਝੇ ਤੌਰ 'ਤੇ ਵੇਚੇ ਜਾਣ, ਇਹਨਾਂ 'ਤੇ ਪਾਬੰਦੀ ਸਬੰਧੀ ਇਹ ਨਿਯਮ ਸਖ਼ਤੀ ਨਾਲ ਲਾਗੂ ਹੋਣਗੇ। ਇਸ ਸਬੰਧੀ ਨੋਟੀਫਿਕੇਸ਼ਨ 09 ਅਕਤੂਬਰ, 2018 ਨੂੰ ਜਾਰੀ ਕੀਤਾ ਜਾ ਚੁੱਕਾ ਹੈ।

ਸ੍ਰੀ ਪੰਨੂੰ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਗੁਟਕੇ ਦੀ ਵਿਕਰੀ 'ਤੇ ਲਗਾਈ ਪਾਬੰਦੀ ਨੂੰ ਨਾਕਾਮ ਬਣਾਉਣ ਲਈ ਉਤਪਾਦਕਾਂ ਵਲੋਂ ਜੋ ਪਾਨ ਮਸਾਲਾ (ਬਿਨਾਂ ਤੰਬਾਕੂ) ਵੇਚਿਆ ਜਾਂਦਾ ਹੈ ਅਤੇ ਜੋ ਫਲੇਵਰਡ ਚਬਾਉਣ ਵਾਲਾ ਤੰਬਾਕੂ ਵੱਖਰੇ ਸੈਸ਼ੇ ਵਿਚ ਪੈਕ ਕਰਕੇ ਦਿੱਤਾ ਜਾਂਦਾ ਹੈ, ਉਹਨਾਂ ਨੂੰ  ਅਕਸਰ ਇਕੋ ਵਿਕਰੇਤਾ ਵਲੋਂ ਇਕੋ ਥਾਂ 'ਤੇ ਦੋਵੇਂ ਚੀਜ਼ਾਂ ਨੂੰ ਇਕੱਠਿਆਂ ਵੇਚਿਆ ਜਾਂਦਾ ਹੈ। ਇਹ ਜਾਣਬੁੱਝ ਕੇ ਕੀਤਾ ਜਾਂਦਾ ਹੈ ਤਾਂ ਜੋ ਉਪਭੋਗਤਾ ਪਾਨ ਮਸਾਲਾ ਅਤੇ ਫਲੇਵਰਡ ਚਬਾਉਣ ਵਾਲਾ ਤੰਬਾਕੂ ਇਕੋ ਥਾਂ ਤੋਂ ਖਰੀਦ ਕੇ ਇਸ ਦਾ ਮਿਸ਼ਰਣ ਬਣਾ ਕੇ ਇਸ ਨੂੰ ਗੁਟਕੇ ਦੀ ਥਾਂ ਵਰਤ ਸਕਣ। ਇਸ ਤਰਾਂ ਗੁਟਕਾ ਜੋ ਕਿ ਸੇਵਨ ਲਈ ਪਹਿਲਾਂ ਤੋਂ ਹੀ ਤਿਆਰ ਮਿਸ਼ਰਣ ਹੁੰਦਾ ਹੈ, ਉਸ ਦੀ ਥਾਂ 'ਤੇ ਪਾਨ ਮਸਾਲਾ ਅਤੇ ਫਲੇਵਰਡ/ਸੁਗੰਧਿਤ ਚਬਾਉਣ ਵਾਲੇ ਤੰਬਾਕੂ ਵੀ ਵਰਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਸੂਬੇ ਵਿਚ ਪ੍ਰੋਸੈਸਡ/ਫਲੇਵਰਡ/ ਸੁਗੰਧਿਤ ਚਬਾਉਣ ਵਾਲੇ ਤੰਬਾਕੂ, ਗੁਟਕਾ ਅਤੇ ਤੰਬਾਕੂ ਯੁਕਤ ਪਾਨ ਮਸਾਲੇ 'ਤੇ ਪਾਬੰਦੀ ਲਗਾਈ ਗਈ ਹੈ।