5 Dariya News

ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵਲੋਂ ਕੱਢੀ ਗਈ ਜਾਗਰੂਕਤਾ ਰੈਲੀ

ਲੋਕਾਂ ਨੂੰ ਅੱਖਾਂ ਦੀ ਸਾਂਭ-ਸੰਭਾਲ ਲਈ ਪ੍ਰੇਰਿਆ, ਵਿਸ਼ਵ ਨੇਤਰ ਦਿਵਸ ਸਬੰਧੀ ਜ਼ਿਲ੍ਹਾ ਹਸਪਤਾਲ ਵਿਖੇ ਕਰਵਾਇਆ ਸਮਾਗਮ

5 Dariya News

ਐਸ.ਏ.ਐਸ. ਨਗਰ (ਮੁਹਾਲੀ) 12-Oct-2018

ਅੱਖਾਂ ਸਾਡੇ ਸਰੀਰ ਦੇ ਸਭ ਤੋਂ ਅਹਿਮ ਅੰਗਾਂ ਵਿਚ ਸ਼ੁਮਾਰ ਹਨ। ਦੁਨੀਆਂ ਵਿਚ ਲਗਭਗ 37 ਮਿਲੀਅਨ ਲੋਕ ਨੇਤਰਹੀਣ ਹਨ। ਜਿਨ੍ਹਾਂ ਵਿਚੋਂ ਲਗਭਗ 15 ਮਿਲੀਅਨ ਸਿਰਫ਼ ਭਾਰਤ ਵਿਚ ਹਨ। ਜੇ ਅੱਖਾਂ ਦੀ ਸਹੀ ਅਤੇ ਸਮੇਂ ਸਿਰ ਸੰਭਾਲ ਕੀਤੀ ਗਈ ਹੁੰਦੀ ਤਾਂ ਇਨ੍ਹਾਂ ਵਿਚੋਂ 80 ਫ਼ੀਸਦੀ ਨੇਤਰਹੀਣਤਾ ਕੇਸਾਂ ਤੋਂ ਬਚਿਆ ਜਾ ਸਕਦਾ ਸੀ । ਇਹ ਜਾਣਕਾਰੀ ਐਸ.ਐਮ.ਓ. ਡਾ. ਵਿਜੇ ਭਗਤ ਨੇ ਵਿਸ਼ਵ ਨੇਤਰ ਦਿਵਸ ਸਬੰਧੀ ਜ਼ਿਲ੍ਹਾ ਹਸਪਤਾਲ ਵਿਚ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕਹੀ। ਇਸ ਮੌਕੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਅੱਖਾਂ ਦੀ ਸਾਂਭ-ਸੰਭਾਲ ਦਾ ਹੋਕਾ ਦਿੰਦੀ ਜਾਗਰੂਕਤਾ ਰੈਲੀ ਵੀ ਕੱਢੀ। ਇਸ ਵਾਰ ਦਾ ਵਿਸ਼ਾ ਨੇਤਰਹੀਣਤਾ ਅਤੇ ਘੱਟ ਨਿਗ੍ਹਾ ਸੀ।ਡਾ. ਭਗਤ ਨੇ ਕਿਹਾ ਕਿ ਇਸ ਦਿਨ ਦਾ ਮਕਸਦ ਅੱਖਾਂ ਦੀ ਤੰਦਰੁਸਤੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਉਹ ਅੱਖਾਂ ਦੇ ਮਾਹਿਰਾਂ ਕੋਲੋਂ ਇਲਾਜ਼ ਕਰਵਾਉਣ ਦੇ ਨਾਲ-ਨਾਲ ਖ਼ੁਦ ਵੀ ਅਪਣੀਆਂ ਅੱਖਾਂ ਦਾ ਖ਼ਿਆਲ ਰੱਖ ਸਕਣ। ਉਨ੍ਹਾਂ ਕਿਹਾ ਕਿ ਭਾਰਤ ਵਿਚ ਜਿੰਨੇ ਲੋਕ ਨੇਤਰਹੀਣ ਹਨ। ਉਨ੍ਹਾਂ ਵਿਚੋਂ ਲਗਭਗ 80 ਫ਼ੀਸਦੀ ਦੀ ਨਿਗਾ ਨਹੀਂ ਸੀ ਜਾਣੀ ਚਾਹੀਦੀ ਜੇ ਉਨ੍ਹਾਂ ਦੀ ਸਹੀ ਸਮੇਂ ਸਹੀ ਸੰਭਾਲ ਹੋ ਜਾਂਦੀ। ਉਨ੍ਹਾਂ ਕਿਹਾ ਕਿ ਅੱਖਾਂ ਦੀ ਨਿਰੰਤਰ ਜਾਂਚ-ਪੜਤਾਲ ਬਹੁਤ ਜ਼ਰੂਰੀ ਹੈ। ਕਈ ਵਾਰ ਨਿਗ੍ਹਾ ਘੱਟ ਹੋਣ ਦੇ ਪੀੜ੍ਹੀ ਦਰ ਪੀੜ੍ਹੀ ਚੱਲਦੇ ਕਾਰਨ ਵੀ ਹੁੰਦੇ ਹਨ। ਜਿਨ੍ਹਾਂ ਦਾ ਪਤਾ ਕਰਵਾ ਕੇ ਇਲਾਜ਼ ਕਰਵਾਇਆ ਜਾਣਾ ਚਾਹੀਦਾ ਹੈ। 

ਸਿਗਰਟਨੋਸ਼ੀ ਅਤੇ ਬੇ-ਤਹਾਸ਼ਾ ਸ਼ਰਾਬ ਤੋਂ ਬਚਿਆ ਜਾਵੇ ਕਿਉਂਕਿ ਇਹ ਆਦਤਾਂ ਮੋਤੀਆਬਿੰਦੂ ਅਤੇ ਅੱਖਾਂ ਦੀਆਂ ਹੋਰ ਬੀਮਾਰੀਆਂ ਦਾ ਵੱਡਾ ਕਾਰਨ ਹਨ। ਅੱਖਾਂ ਦੀ ਹਿਫ਼ਾਜ਼ਤ ਲਈ ਐਨਕਾਂ ਆਦਿ ਦੀ ਵਰਤੋਂ ਕੀਤੀ ਜਾਵੇ , ਕਿਉਂਕਿ ਅੱਖ 'ਤੇ ਸੱਟ ਵੀ ਟਾਲਣਯੋਗ ਨੇਤਰਹੀਣਤਾ ਦਾ ਇੱਕ ਕਾਰਨ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਹਰ ਸਾਲ 2.5 ਲੱਖ ਦਾਨ ਕੀਤੀਆਂ ਅੱਖਾਂ ਦੀ ਲੋੜ ਹੁੰਦੀ ਹੈ ਪਰ ਦੇਸ਼ ਦੇ 109 ਆਈ ਬੈਂਕਾਂ ਵਿਚ ਹਰ ਸਾਲ 25 ਹਜ਼ਾਰ ਅੱਖਾਂ ਹੀ ਇਕੱਠੀਆਂ ਹੁੰਦੀਆਂ ਹਨ। ਜਿਨ੍ਹਾਂ ਵਿਚੋਂ 30 ਫ਼ੀਸਦੀ ਵਰਤੀਆਂ ਨਹੀਂ ਜਾ ਸਕਦੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਤੋਂ ਇਲਾਵਾ ਜ਼ਿਲ੍ਹੇ ਦੇ ਕਈ ਹਸਪਤਾਲਾਂ ਵਿਚ ਅੱਖਾਂ ਦੇ ਮਾਹਰ ਡਾਕਟਰ ਮੌਜੂਦ ਹਨ। ਅੱਖਾਂ ਦੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲਈ ਸਰਕਾਰੀ ਹਸਪਤਾਲ ਵਿਚ ਜਾਂਚ ਕਰਵਾਈ ਜਾ ਸਕਦੀ ਹੈ ਜੋ ਮਹਿਜ਼ 10 ਰੁਪਏ ਵਿਚ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਟੈਸਟ ਵੀ ਸਰਕਾਰੀ ਹਸਪਤਾਲਾਂ ਵਿਚ ਹੋ ਜਾਂਦੇ ਹਨ। ਸਮਾਗਮ ਵਿਚ ਅੱਖਾਂ ਦੇ ਮਾਹਰ ਡਾ. ਨੈਨਸੀ ਸੂਦ, ਡਾ. ਗੁਰਮਨ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ, ਭੁਪਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।