ਲਾਂਡਰਾਂ 'ਚ ਲੱਗਣ ਵਾਲੇ ਜਾਮ ਤੋਂ ਨਿਜਾਤ ਦਿਵਾਉਣ ਲਈ ਮੁੱਖ ਮੰਤਰੀ ਵੱਲੋਂ 27 ਕਰੋੜ ਰੁਪਏ ਰੀਲੀਜ਼ ਕੀਤੇ ਗਏ, ਫ਼ੌਰੀ ਕੰਮ ਹੋਵੇਗਾ ਸ਼ੁਰੂ : ਬਲਬੀਰ ਸਿੰਘ ਸਿੱਧੂ
ਸੀ ਜੀ ਸੀ ਝੰਜੇੜੀ ਕਾਲਜ ਦਾ ਰਾਜ ਪੱਧਰੀ ਟੈੱਕ ਫੈਸਟ ਯਾਦਗਾਰੀ ਹੋ ਨਿਬੜਿਆ, ਉੱਤਰੀ ਭਾਰਤ ਦੇ ਦਸ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਲਿਆ ਹਿੱਸਾ
5 Dariya News
ਲਾਂਡਰਾਂ 10-Oct-2018
ਮਾਲਵੇ ਤੋਂ ਚੰਡੀਗੜ੍ਹ ਜਾਣ ਲਈ ਲਾਂਡਰਾਂ ਤੇ ਲੱਗਣ ਵਾਲੇ ਜਾਮ ਤੋਂ ਹੁਣ ਪੰਜਾਬ ਵਾਸੀਆਂ ਨੂੰ ਨਿਜਾਤ ਮਿਲ ਜਾਵੇਗੀ। ਇਸ ਉਪਰਾਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 27 ਕਰੋੜ ਰੁਪਏ ਦੇ ਬਜਟ ਦੀ ਫਾਈਲ ਵੀ ਪਾਸ ਕਰ ਦਿਤੀ ਗਈ ਹੈ। ਇਹ ਖ਼ੁਲਾਸਾ ਪੰਜਾਬ ਦੇ ਪਸ਼ੂ ਪਾਲਨ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਦੇ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕਾਲਜ ਵਿਚ ਕਰਵਾਏ ਗਏ ਰਾਜ ਪੱਧਰੀ ਟੈੱਕ ਫੈਸਟ ਦੌਰਾਨ ਕੀਤਾ ਗਿਆ। ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਹਾਜ਼ਰ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਦੱਸਿਆਂ ਕਿ ਲਾਂਡਰਾਂ ਚੌਂਕ ਜੋ ਕਿ ਮਾਲਵੇ ਤੋਂ ਮੁਹਾਲੀ ਅਤੇ ਚੰਡੀਗੜ੍ਹ ਜਾਣ ਲਈ ਦੂਜਾ ਮੁੱਖ ਰਸਤਾ ਹੈ। ਇਸ ਰਸਤੇ ਉੱਪਰ ਆਉਣ ਵਾਲੀਆਂ ਔਕੜਾਂ ਨੂੰ ਦੂਰ ਕਰਦੇ ਹੋਏ ਲਾਂਡਰਾਂ ਤੋਂ ਰੇਲਵੇ ਲਾਈਨ ਤੱਕ ਦੀ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ। ਇਸ ਲਈ ਜ਼ਮੀਨ ਅਕਵਾਇਰ ਕਰਨ ਦੀ ਕਦਵਾਈਤ ਵੀ ਸ਼ੁਰੂ ਹੋ ਚੁੱਕੀ ਹੈ। ਜਦ ਕਿ ਲਖਨੌਰ ਤੋਂ ਲਾਂਡਰਾਂ ਤੱਕ ਦੀ ਸੜਕ ਦੀ ਵੀ ਮਰੁੱਮਤ ਕਰਦੇ ਹੋਏ ਉਸ ਨੂੰ ਚੌੜਾ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਬੇਸ਼ੱਕ ਇਸ ਸੜਕ ਤੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਵੀ ਬਹੁਤ ਫ਼ਾਇਦਾ ਹੋਵੇਗਾ।ਇਸ ਦੌਰਾਨ ਕੈਬਿਨੇਟ ਮੰਤਰੀ ਸਿੱਧੂ ਨੇ ਤਕਨਾਲੋਜੀ ਅਤੇ ਸਭਿਆਚਾਰ ਦੇ ਖ਼ੂਬਸੂਰਤ ਸੁਮੇਲ ਸੀ ਜੀ ਸੀ ਦੇ ਝੰਜੇੜੀ ਕਾਲਜ ਵਿਚ ਕਰਵਾਏ ਜਾ ਰਹੇ ਰਾਜ ਪੱਧਰੀ ਟੈੱਕ ਫੈਸਟ ਦਾ ਉਦਘਾਟਨ ਵੀ ਕੀਤਾ। ਇਸ ਫੈਸਟ ਵਿਚ ਪੰਜਾਬ,ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ 50 ਦੇ ਕਰੀਬ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਸ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਆਪਣੀ ਬਿਹਤਰੀਨ ਸੂਝ ਬੂਝ ਰਾਹੀਂ ਬਣਾਏ ਸਾਇੰਸ ਅਤੇ ਤਕਨਾਲੋਜੀ ਮਾਡਲਾਂ ਅਤੇ ਮਸ਼ੀਨਾਂ ਦਾ ਪ੍ਰਦਰਸ਼ਨ ਕੀਤਾ। ਉੱਥੇ ਹੀ ਸਟੇਜ ਤੇ ਵਿਦਿਆਰਥੀਆਂ ਨੇ ਆਪਣੀ ਕਲਾ ਰੰਗ ਬਖੇਰੇ।
ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਤਕਨਾਲੋਜੀ ਨਾਲ ਸਬੰਧਿਤ ਤਿਆਰ ਕੀਤੇ ਮਾਡਲਾਂ ਦੀ ਪ੍ਰਦਰਸ਼ਨੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੀ। ਇਕ ਪਾਸੇ ਵਿਦਿਆਰਥੀਆਂ ਨੇ ਵੱਖ-ਵੱਖ ਸਾਇੰਸ ਦੇ ਅਜੂਬਿਆਂ ਦੇ ਮਾਡਲ ਬਣਾ ਕੇ ਪ੍ਰਦਰਸ਼ਿਤ ਕੀਤੇ, ਦੂਜੇ ਪਾਸੇ ਸਕੂਲੀ ਵਿਦਿਆਰਥੀਆਂ ਵੱਲੋਂ ਟੈਕਨਾਲੋਜੀ ਦੇ ਕ੍ਰਿਸ਼ਮੇ ਵਿਖਾ ਕੇ ਅੱਖੀਂ ਵੇਖਣ ਵਾਲਿਆਂ ਨੂੰ ਹੈਰਾਨ ਕਰ ਦਿਤਾ । ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਪੋਸਟਰ ਮੇਕਿੰਗ,ਰੰਗੋਲੀ ਮੇਕਿੰਗ,ਮਹਿੰਦੀ,ਪੇਂਟਿੰਗ ਆਦਿ ਦੇ ਮੁਕਾਬਲੇ ਅਤੇ ਟੈਕਨੌਲੋਜੀ ਨਾਲ ਸਬੰਧਿਤ ਕੁਇਜ਼ ਅਤੇ ਆਨ ਲਾਇਨ ਗੇਮਿੰਗ ਮੁਕਾਬਲੇ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ । ਇਸ ਦੇ ਇਲਾਵਾ ਟੈਕਨੌਲੋਜੀ ਨਾਲ ਜੁੜੀਆਂ ਕਈ ਆਊਟ ਡੋਰ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ ਜਿਨ੍ਹਾਂ 'ਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ।ਮੁੱਖ ਮਹਿਮਾਨ ਬਲਬੀਰ ਸਿੱਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਫੈੱਸਟ ਵਿਚ ਬੇਸ਼ੱਕ ਵਿਦਿਆਰਥੀਆਂ ਨੇ ਆਪ ਬਣਾਏ ਤਕਨਾਲੋਜੀ ਦੇ ਜੋ ਬਿਹਤਰੀਨ ਮਾਡਲ ਅਤੇ ਮਸ਼ੀਨਾਂ ਦਾ ਜੋ ਲਾਸਾਨੀ ਪ੍ਰਦਰਸ਼ਨ ਕੀਤਾ ਹੈ। ਉਸ ਤੋਂ ਸਿੱਖਿਆਂ ਦੇ ਵਧੀਆ ਹੋ ਰਹੇ ਪਸਾਰ ਦੀ ਝਲਕ ਦਿਖਾਈ ਦੇ ਰਹੀ ਹੈ। ਉਨ੍ਹਾਂ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿਸ ਤਰਾਂ ਥੋੜੇ ਜਿਹੇ ਸਮੇਂ ਵਿਚ ਹੀ ਸੀ ਜੀ ਸੀ ਗਰੁੱਪ ਨੇ ਸਿੱਖਿਆਂ,ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਯੂਨੀਵਰਸਿਟੀ ਪੱਧਰ ਤੋਂ ਵੀ ਉੱਪਰ ਉੱਠ ਕੇ ਮੱਲ੍ਹਾਂ ਮਾਰੀਆਂ ਹਨ ਉਨ੍ਹਾਂ ਕਾਬਲੇ ਤਾਰੀਫ਼ ਹਨ। ਇਸ ਦੇ ਨਾਲ ਹੀ ਸਿੱਧੂ ਨੇ ਵਿਦਿਆਰਥੀਆਂ ਨੂੰ ਵਿਦਿਆਰਥੀ ਜੀਵਨ ਦੀ ਅਹਿਮਤ ਨੂੰ ਸਮਝਦੇ ਹੋਏ ਆਪਣੇ ਉੱਜਲ ਭਵਿਖ ਲਈ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਨੌਜਵਾਨਾਂ ਲਈ ਸਕਿੱਲ ਡਿਵੈਲਪਮੈਂਟ ਨੂੰ ਹੋਰ ਵਧਾਉਣ ਦੀ ਪੈਰਵੀ ਕੀਤੀ।ਇਸ ਮੌਕੇ ਸੀ ਜੀ ਸੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਸਾਰਿਆਂ ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਪ੍ਰੋਗਰਾਮ ਦਾ ਆਯੋਜਨ ਵਿਦਿਆਰਥੀਆਂ ਦੇ ਸੋਚਾਂ ਦੀ ਉਡਾਣਾਂ ਅਤੇ ਉਨ੍ਹਾਂ ਦੇ ਰਚਨਾਤਮਿਕ ਦਿਮਾਗ਼ ਨੂੰ ਇਕ ਪਲੇਟਫਾਮ ਤੇ ਲੈ ਕੇ ਆਉਣਾ ਹੈ ।ਕੈਬਿਨੇਟ ਮੰਤਰੀ ਸਿੱਧੂ ਵੱਲੋਂ ਵੱਖ-ਵੱਖ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ਪਹਿਲੇ,ਦੂਜੇ ਅਤੇ ਤੀਜੇ ਸਥਾਨ ਲਈ ਇਨਾਮ ਵੰਡੇ ਗਏ। ਇਸ ਮੌਕੇ ਤੇ ਸੀ ਜੀ ਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਨੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਭਵਿਖ 'ਚ ਇਸੇ ਤਰਾਂ ਮਿਹਨਤ ਕਰਕੇ ਅੱਗੇ ਵਧਣ ਦੀ ਪ੍ਰੇਰਨਾ ਦਿਤੀ । ਇਸ ਦੇ ਨਾਲ ਹੀ ਉਨ੍ਹਾਂ ਸਾਰੇ ਵਿਦਿਆਰਥੀਆਂ ਸਟਾਰ ਨਾਈਟ ਲਈ ਸੱਦਾ ਦਿੰਦੇ ਹੋਏ ਅਗਲੇ ਸਾਲ ਦੁਬਾਰਾ ਮਿਲਣ ਦਾ ਵਾਅਦਾ ਕਰਦੇ ਹੋਏ ਸਾਰਿਆ ਧੰਨਵਾਦ ਕੀਤਾ ਗਿਆ ।