5 Dariya News

ਸਫ਼ਾਈ ਸੇਵਕਾਂ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਲਈ ਪ੍ਰਧਾਨ ਮੰਤਰੀ ਨਾਲ ਗੱਲ ਕਰਾਂਗਾ-ਹੰਸ ਰਾਜ ਹੰਸ

ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉੱਪ ਚੇਅਰਮੈਨ ਵੱਲੋਂ ਨਵਾਂਸ਼ਹਿਰ ’ਚ ਮੀਟਿੰਗ

5 Dariya News

ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) 08-Oct-2018

ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉੱਪ ਚੇਅਰਮੈਨ ਸ੍ਰੀ ਹੰਸ ਰਾਜ ਹੰਸ ਨੇ ਅੱਜ ਇੱਥੇ ਆਖਿਆ ਕਿ ਸਫ਼ਾਈ ਸੇਵਕਾਂ ਨੂੰ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਦਿਵਾਉਣ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਉਨ੍ਹਾਂ ਦੀਆਂ ਸਮੱਸਿਆਵਾਂ ਰੱਖਣਗੇ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਅਭਿਆਨ ਸ਼ੁਰੂ ਕਰਨ ਬਾਅਦ ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਸਫ਼ਾਈ ਸੇਵਕਾਂ ਦੀ ਅਹਿਮੀਅਤ ਨੂੰ ਪਛਾਣਦੇ ਹੋਏ ਉਨ੍ਹਾਂ ਨੂੰ ਸਫ਼ਾਈ ਸੈਨਿਕਾਂ ਨਾਲ ਸੰਬੋਧਨ ਕੀਤਾ ਗਿਆ ਸੀ ਪਰ ਸਫ਼ਾਈ ਸੇਵਕ ਅੱਜ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।ਸ੍ਰੀ ਹੰਸ ਰਾਜ ਹੰਸ ਜੋ ਕਿ ਅੱਜ ਨਵਾਂਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਫ਼ਾਈ ਸੇਵਕਾਂ ਤੇ ਉਨ੍ਹਾਂ ਦੀਆਂ ਸੰਸਥਾਂਵਾਂ ਨਾਲ ਉਨ੍ਹਾਂ ਦੀ ਮੁਸ਼ਕਿਲਾਂ ਬਾਰੇ ਮੀਟਿੰਗ ਕਰਨ ਆਏ ਸਨ, ਕੋਲ ਸਫ਼ਾਈ ਸੇਵਕਾਂ ਨੇ ਕੇਵਲ ਇੱਕੋ ਮੰਗ ਠੇਕਾ ਪ੍ਰਣਾਲੀ ਖਤਮ ਕਰਨ ਦੀ ਰੱਖੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੀ ਸਫ਼ਾਈ ਸੇਵਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਕਿਹਾ ਕਿ ਹੋਰਨਾਂ ਸ਼ਹਿਰਾਂ ’ਚ ਸਫ਼ਾਈ ਸੇਵਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਰੱਖੀਆਂ ਮੀਟਿੰਗਾਂ ਦੌਰਾਨ ਸਬੰਧਤ ਸਥਾਨਕ ਸ਼ਹਿਰੀ ਸੰਸਥਾਂਵਾਂ ਨਾਲ ਤਾਲਮੇਲ ਦੀ ਘਾਟ ਨਜ਼ਰ ਆਈ ਪਰੰਤੂ ਨਵਾਂਸ਼ਹਿਰ ਵਿੱਚ ਇਹ ਤਾਲਮੇਲ ਬੇਹਤਰ ਜਾਪਿਆ ਹੈ।ਉਨ੍ਹਾਂ ਨੇ ਨਵਾਂਸ਼ਹਿਰ ਨਗਰ ਕੌਂਸਲ ਕੋਲ ਹਮਦਰਦੀ ਦੇ ਆਧਾਰ ’ਤੇ ਦੋ ਸਫ਼ਾਈ ਸੇਵਕਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਦੇ ਆਏ ਹੋਏ ਕੇਸ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ ਨਿੱਜੀ ਤੌਰ ’ਤੇ ਸੂਬਾਈ ਡਾਇਰੈਟੋਰੇਟ ਤੋਂ ਪ੍ਰਵਾਨ ਕਰਵਾਉਣ ਲਈ ਆਖਿਆ। 

ਸਫ਼ਾਈ ਸੇਵਕਾਂ ਵੱਲੋਂ ਆਊਟ ਸੋਰਸਿੰਗ ਏਜੰਸੀ ਦੀ ਬਜਾਏ ਨਗਰ ਕੌਂਸਲ ’ਚੋਂ ਸਿੱਧੀ ਤਨਖਾਹ ਦਿੱਤੇ ਜਾਣ ਦੇ ਮੁੱਦੇ ’ਤੇ ਉਨ੍ਹਾਂ ਇਸ ਸਬੰਧੀ ਮੌਜੂਦਾ ਪਾਲਿਸੀ ’ਚ ਤਬਦੀਲੀ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਭੇਜਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਫ਼ਾਈ ਸੇਵਕਾਂ ਦੀ ਕਮਜ਼ੋਰ ਵਿੱਤੀ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਬਿਮਾਰੀ ਦੀ ਹਾਲਤ ’ਚ ਕੈਸ਼ਲੈਸ ਇਲਾਜ ਲਈ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਤੋਂ ਸੁਝਾਅ ਮੰਗੇ। ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਦੀ ਔਖੀ ਡਿਊਟੀ ਕਾਰਨ ਉਨ੍ਹਾਂ ਦੇ ਰੈਗੂਲਰ ਸਿਹਤ ਚੈਕਅਪ ਦੀ ਹਦਾਇਤ ਵੀ ਕੀਤੀ।ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉੱਪ ਚੇਅਰਮੈਨ ਨੇ ਨਗਰ ਕੌਂਸਲਾਂ ਨੂੰ ਸੀਵਰ ਲਾਈਨਾਂ ’ਚ ਕੰਮ ਕਰਨ ਲਈ ਸਬੰਧਤ ਕਰਮਚਾਰੀਆਂ ਨੂੰ ਸਮੁੱਚੀ ਸੁਰੱਖਿਆ ਕਿੱਟ ਮੁਹੱਈਆ ਕਰਵਾਏ ਬਿਨਾਂ ਸੀਵਰ ਲਾਈਨਾਂ ’ਚ ਨਾ ਭੇਜੇ ਜਾਣ ਦੀ ਤਾਕੀਦ ਵੀ ਕੀਤੀ। ਉਨ੍ਹਾਂ ਨੇ ਮੀਟਿੰਗ ’ਚ ਮੌਜੂਦ ਜ਼ਿਲ੍ਹਾ ਪੁਲਿਸ ਦੇ ਐਸ.ਪੀ. (ਡੀ) ਬਲਰਾਜ ਸਿੰਘ ਨੂੰ ਬਿਨਾਂ ਕਿੱਟ ਅਜਿਹੀ ਕੋਈ ਮੰਦਭਾਗੀ ਘਟਨਾ ਵਾਪਰਨ ’ਤੇ ਬਿਨਾਂ ਦੇਰੀ ਕੀਤਿਆਂ ਐਫ.ਆਈ.ਆਰ. ਦਰਜ ਕਰਨ ਦੀ ਹਦਾਇਤ ਕੀਤੀ।ਉਨ੍ਹਾਂ ਨੇ ਸ਼ਹਿਰੀ ਖੇਤਰਾਂ ਦੇ ਫੈਲਣ ਦੇ ਮੱਦੇਨਜ਼ਰ ਸਫ਼ਾਈ ਕਰਮਚਾਰੀਆਂ ਦੇ ਸਫ਼ਾਈ ਖੇਤਰਾਂ ’ਚ ਵਿੱਚ ਵਾਧਾ ਹੋਣ ਪਰੰਤੂ ਸਫ਼ਾਈ ਸੇਵਕਾਂ ਦੇ ਅਨੁਪਾਤ ’ਚ ਵਾਧਾ ਨਾ ਹੋਣ ਸਬੰਧੀ ਵੀ ਵਿਚਾਰ ਮੰਗੇ। ਉਨ੍ਹਾਂ ਕਿਹਾ ਕਿ ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦਾ ਉਦੇਸ਼ ਸਫ਼ਾਈ ਕਰਮਚਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਮੁਤਾਬਕ ਬਣਦੀਆਂ ਸਹੂਲਤਾਂ ਤੇ ਭੱਤੇ ਦਿਵਾਉਣਾ ਤੇ ਉਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਸੋਸ਼ਣ ਨੂੰ ਰੋਕਣਾ ਹੈ ਅਤੇ ਉਹ ਇਸ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।