5 Dariya News

'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਪੰਜ ਜਿਲ੍ਹਿਆਂ ਦੇ ਸੀਐੱਚਟੀ ਦੀ ਇੱਕ ਦਿਨਾ ਰਿਵਿਊ ਮੀਟਿੰਗ- ਕਮ-ਵਰਕਸ਼ਾਪ

5 Dariya News (ਗੁਰਨਾਮ ਸਾਗਰ)

ਐਸ.ਏ.ਐਸ. ਨਗਰ (ਮੁਹਾਲੀ) 06-Oct-2018

ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪਟਿਆਲਾ, ਰੂਪਨਗਰ, ਫਤਿਹਗੜ੍ਹ ਸਾਹਿਬ, ਐੱਸ.ਏ.ਐੱਸ. ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸੈਂਟਰ ਹੈੱਡ ਟੀਚਰਾਂ ਅਤੇ ਕਲਸਟਰ ਮਾਸਟਰ ਟਰੇਨਰਾਂ ਦੀ ਇੱਕ ਦਿਨਾਂ ਸਿਖਲਾਈ-ਕਮ-ਰਿਵਿਊ ਵਰਕਸ਼ਾਪ ਦਾ ਆਯੋਜਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਆਯੋਜਿਤ ਕੀਤੀ ਗਈ| ਇਸ ਵਰਕਸ਼ਾਪ ਦੌਰਾਨ ਸਮੂਹ ਸੈਂਟਰ ਹੈੱਡ ਟੀਚਰਾਂ ਨੇ ਆਪਣੇ-ਆਪਣੇ ਕਲਸਟਰ ਦੇ ਸਕੂਲਾਂ ਦੀ ਪ੍ਰੀ-ਪ੍ਰਾਇਮਰੀ ਖੇਡ ਮਹਿਲ ਦੀ ਰਿਪੋਰਟ, 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਸਕੂਲਾਂ 'ਚ ਚਲ ਰਹੀਆਂ ਅਕਾਦਮਿਕ ਅਤੇ ਸਹਿ-ਅਕਾਦਮਿਕ ਕਿਰਿਆਵਾਂ, ਸਪਲੀਮੈਂਟਰੀ ਮਟੀਰੀਅਲ ਦੀ ਸਿਖਲਾਈ ਵਰਕਸ਼ਾਪਾਂ ਤਹਿਤ ਦਿੱਤੀ ਜਾਣਕਾਰੀ ਅਨੁਸਾਰ ਵਰਤੋਂ, ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਐਨਰੋਲਮੈਂਟ ਨੂੰ ਵਧਾਉਣ ਸਬੰਧੀ ਮੁੱਦੇ 'ਤੇ ਰਿਪੋਰਟ ਪੇਸ਼ ਕੀਤੀ| ਇਸ ਮੀਟਿੰਗ ਦੌਰਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ 23, ਐੱਸ.ਏ.ਐੱਸ. ਨਗਰ ਤੋਂ 48, ਐੱਸ.ਬੀ.ਐੱਸ. ਨਗਰ ਤੋਂ 48, ਪਟਿਆਲਾ ਤੋਂ 50 ਅਤੇ ਰੂਪਨਗਰ ਤੋਂ 52 ਸੈਂਟਰ ਹੈੱਡ ਟੀਚਰਾਂ ਤੇ ਕਲਸਟਰ ਮਾਸਟਰ ਟਰੇਨਰਾਂ ਨੇ ਭਾਗ ਲਿਆ| ਇਸ ਤੋਂ ਇਲਾਵਾ ਇਹਨਾਂ ਜ਼ਿਲਿਆਂ ਦੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਕੰਮ ਕਰ ਰਹੇ ਜ਼ਿਲ੍ਹਾ ਕੋਆਰਡੀਨੇਟਰ ਵੀ ਹਾਜ਼ਰ ਸਨ| ਇਸ ਮੌਕੇ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਅਧਿਕਾਰੀਆਂ ਨੇ ਹਦਾਇਤ ਕੀਤੀ ਕਿ ਵਿਦਿਆਰਥੀਆਂ ਦਾ ਮੁਲਾਂਕਣ ਸਕੂਲ ਪੱਧਰ 'ਤੇ ਮਹੀਨੇ ਦੀ 10, 20 ਅਤੇ 30 ਤਾਰੀਖ ਨੂੰ ਕੀਤਾ ਜਾਵੇ ਅਤੇ ਵਿਦਿਆਰਥੀਆਂ ਦੇ ਪੀਅਰ ਗਰੁੱਪ ਜਾਂ ਬਡੀ ਬਣਾਇਆ ਜਾਵੇ ਤਾਂ ਜੋ ਵਿਦਿਆਰਥੀ ਇੱਕ ਦੂਜੇ ਤੋਂ ਸਿੱਖ ਕੇ ਟੀਚੇ ਪ੍ਰਾਪਤ ਕਰ ਸਕਣ| ਸਕੂਲਾਂ 'ਚ ਮੁਹਾਰਨੀ, ਟੋਕਵੇਂ ਪਹਾੜੇ ਅਤੇ ਵਿੱਦਿਅਕ ਕਲੰਡਰ ਅਨੁਸਾਰ ਕੰਮ ਕਰਵਾ ਕੇ ਵਿਦਿਆਰਥੀ ਨੂੰ ਭਾਸ਼ਾ ਅਤੇ ਗਣਿਤ 'ਚ ਪਰਿਪੱਕ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਦੇ ਆਤਮ-ਵਿਸ਼ਵਾਸ 'ਚ ਵਾਧਾ ਹੋ ਸਕੇ| ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਲਈ ਉਤਸ਼ਾਹਿਤ ਕਰਕੇ ਸੁੰਦਰ ਕਾਪੀਆਂ ਬਣਾਉਣ ਲਈ ਪ੍ਰੇਰਿਤ ਕਰਨਾ ਅਧਿਆਪਕਾਂ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ| ਜਿਹੜੇ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਹਨ ਉਹ ਈ-ਕੰਟੈਂਟ ਦੀ ਸਹੀ ਵਰਤੋਂ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਰੂਚੀ ਵਧਾ ਸਕਦੇ ਹਨ|

ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਇਹਨਾਂ ਸੈਂਟਰ ਹੈੱਡ ਟੀਚਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸੈਂਟਰ ਹੈੱਡ ਟੀਚਰ ਆਪਣੇ ਸਕੂਲ ਦੇ ਨਾਲ਼-ਨਾਲ਼ ਉਹਨਾਂ ਦੇ ਕਲੱਸਟਰ ਅਧੀਨ ਪੈਂਦੇ ਸਕੂਲਾਂ ਦੀ ਗੁਣਾਤਮਿਕ ਸਿੱਖਿਆ ਵੱਲ ਧਿਆਨ ਦੇ ਕੇ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਨੂੰ ਮਿਆਰੀ ਬਣਾਉਣ 'ਚ ਵੱਡਾ ਯੋਗਦਾਨ ਪਾ ਸਕਦੇ ਹਨ| ਸਕੂਲਾਂ 'ਚ ਵਿਦਿਆਰਥੀਆਂ ਦੀ ਕਾਰਗੁਜਾਰੀ ਨੂੰ ਸਮੁਦਾਇ ਤੇ ਮਾਪਿਆਂ ਸਨਮੁੱਖ ਪ੍ਰਦਰਸ਼ਿਤ ਕਰਕੇ ਸੈਂਟਰ ਹੈੱਡ ਟੀਚਰ ਐਨਰੋਲਮੈਂਟ ਵਧਾਉਣ ਲਈ ਸੁਹਿਰਦ ਯਤਨ ਕਰ ਸਕਦੇ ਹਨ| ਭਾਵੇਂ ਅਧਿਆਪਕ ਹੋਵੇ ਜਾਂ ਸਿੱਖਿਆ ਅਧਿਕਾਰੀ ਸਭ ਦਾ ਇੱਕੋ-ਇਕ ਮਕਸਦ ਵਿਦਿਆਰਥੀ ਨੂੰ ਗੁਣਾਤਮਿਕ ਤੇ ਮਿਆਰੀ ਮੁੱਢਲੀ ਸਿੱਖਿਆ ਪ੍ਰਦਾਨ ਕਰਵਾਉਣਾ ਹੈ| ਸਿੱਖਿਆ ਦੇ ਵਿਕਾਸ ਲਈ ਸਿੱਖਿਆ ਵਿਭਾਗ ਵੱਲੋਂ ਬਹੁਤ ਸਾਰੇ ਪ੍ਰੋਜੈਕਟ ਚਲਾਏ ਜਾ ਰਹੇ ਹਨ ਪਰ ਇਹਨਾਂ ਦੇ ਅੰਤਰਗਤ ਇੱਕ ਧਿਆਨ ਰੱਖਿਆ ਜਾਣਾ ਜਰੂਰੀ ਬਣਦਾ ਹੈ ਕਿ ਵਿਦਿਆਰਥੀ ਦੀ ਗੁਣਾਤਮਿਕ ਸਿੱਖਿਆ ਲਈ ਵਿਦਿਆਰਥੀ ਨੂੰ ਅਣਗੌਲਿਆ ਨਾ ਕੀਤਾ ਜਾਵੇ| ਇਸ ਮੌਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ-ਕਮ-ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਇੰਦਰਜੀਤ ਸਿੰਘ, ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਅਤੇ ਹੋਰ ਰਿਸੋਰਸ ਪਰਸਨਾਂ ਨੇ ਵੀ ਸੰਬੋਧਨ ਕੀਤਾ|