5 Dariya News

ਖੰਨਾ ਪੁਲਿਸ ਵੱਲੋਂ ਇੱਕ ਕਿਲੋਗ੍ਰਾਮ ਹੈਰੋਇਨ ਸਮੇਤ ਤਿੰਨ ਦੋਸ਼ੀ ਕਾਬੂ

5 Dariya News

ਖੰਨਾ 06-Oct-2018

ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਖੰਨਾ ਪੁਲਿਸ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ, ਜਦੋਂ 1 ਕਿਲੋਗ੍ਰਾਮ ਹੈਰੋਇਨ ਸਮੇਤ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਧਰੁਵ ਦਹਿਆ ਨੇ ਦੱਸਿਆ ਕਿ ਮਿਤੀ 5 ਅਕਤੂਬਰ ਨੂੰ ਪੁਲਿਸ ਚੌਕੀ ਬਰਧਾਲਾਂ ਦੇ ਇੰਚਾਰਜ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਚੌਕੀ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ, ਤਾਂ ਅਲਟੋ ਕਾਰ ਨੰਬਰ ਡੀ. ਐੱਲ. 2 ਸੀ. ਪੀ. 3306 ਨੂੰ ਰੋਕਣ 'ਤੇ ਉਸ ਵਿੱਚ ਸਵਾਰ ਸਪਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬਹਿਲਾਂ ਥਾਣਾ ਸਿਟੀ ਤਰਨਤਾਰਨ, ਜਗਤਾਰ ਸਿੰਘ ਜੱਗਾ ਪੁੱਤਰ ਅਜੀਤ ਸਿੰਘ ਵਾਸੀ ਸਰਾਏ ਅਮਾਨਤ ਖਾਂ ਅਤੇ ਹਰਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਗੰਡੀਵਿੰਡ ਥਾਣਾ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨਤਾਰਨ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਉਕਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 243 ਮਿਤੀ 5 ਅਕਤੂਬਰ 2018 ਅ/ਧ 21/61/85 ਐੱਨ. ਡੀ. ਪੀ. ਐੱਸ. ਐਕਟ ਥਾਣਾ ਸਮਰਾਲਾ ਵਿਖੇ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।