5 Dariya News

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਹੋਏ ਦਰਬਾਰ ਸਾਹਿਬ ਨਤਮਸਤਕ

ਵਿਤ ਮੰਤਰੀ ਤੇ ਮੁੱਖ ਸਕੱਤਰ ਪੰਜਾਬ ਵੱਲੋਂ ਹਵਾਈ ਅੱਡੇ 'ਤੇ ਕੀਤਾ ਸਵਾਗਤ

5 Dariya News

ਅੰਮ੍ਰਿਤਸਰ 03-Oct-2018

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਵਿਸ਼ੇਸ਼ ਤੌਰ 'ਤੇ ਆਪਣੇ ਵਫ਼ਦ ਨਾਲ ਅੰਮ੍ਰਿਤਸਰ ਆਏ। ਇਸ ਮੌਕੇ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਵੀ ਉਨਾਂ ਦੇ ਨਾਲ ਸਨ। ਪੰਜਾਬ ਸਰਕਾਰ ਵੱਲੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ, ਵਧੀਕ ਪ੍ਰੋਟੋਕੋਲ ਸੈਕਟਰੀ ਮੁਨੀਸ਼ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਉਨਾਂ ਨੂੰ ਹਵਾਈ ਅੱਡੇ 'ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ।ਸ੍ਰੀ ਐਂਟੋਨੀਓ ਗੁਟਰੇਸ ਦਾ ਸ੍ਰੀ ਦਰਬਾਰ ਸਾਹਿਬ ਪਹੁੰਚਣ 'ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਫੁੱਲਾਂ ਨਾਲ ਸਵਾਗਤ ਕੀਤਾ। ਗੁਟਰੇਸ ਪ੍ਰਰਿਕਮਾ ਕਰਦੇ ਹੋਏ ਲੰਗਰ ਹਾਲ ਗਏ, ਜਿੱਥੇ ਉਨਾਂ ਲੰਗਰ ਦੇ ਪ੍ਰਬੰਧ ਬਾਰੇ ਜਾਣਕਾਰੀ ਲਈ ਅਤੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ। ਪਰਿਕਰਮਾ ਕਰਨ ਦੌਰਾਨ ਡਾ. ਰੂਪ ਸਿੰਘ, ਸ੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ ਉਨਾਂ ਨੂੰ ਸਿੱਖ ਦਰਬਾਰ ਦੇ ਫਲਸਫੇ ਤੇ ਸ੍ਰੀ ਦਰਬਾਰ ਸਾਹਿਬ ਬਾਰੇ ਜਾਣਕਾਰੀ ਦਿੰਦੇ ਰਹੇ। ਸ੍ਰੀ ਐਂਟੋਨੀਓ ਗੁਟਰੇਸ ਨੇ ਵੀ ਦਰਬਾਰ ਸਾਹਿਬ ਦੇ ਦਰਸ਼ਨਾਂ ਵਿਚ ਗਹਿਰੀ ਰੁਚੀ ਵਿਖਾਈ ਅਤੇ ਉਹ ਅਕਸਰ ਸੂਚਨਾ ਅਧਿਕਾਰੀ ਨੂੰ ਸਵਾਲ ਕਰਦੇ ਰਹੇ। 

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਇਸ ਦੌਰਾਨ ਸਿੱਖ ਸ਼ਹੀਦਾਂ ਬਾਰੇ ਉਨਾਂ ਨੂੰ ਜਾਣੂੰ ਕਰਵਾਇਆ।ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ, ਜਿੱਥੇ ਉਨਾਂ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਿਰੋਪਾਓ ਨਾਲ ਨਿਵਾਜਿਆ। ਇਸ ਮਗਰੋਂ ਉਹ ਕੜਾਹ ਪ੍ਰਸ਼ਾਦ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਗਏ। ਸੂਚਨਾ ਕੇਂਦਰ ਵਿਖੇ ਉਨਾਂ ਆਪਣੇ ਸੰਖੇਪ ਸੰਬੋਧਨ ਵਿਚ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਨੂੰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦਾ ਮੌਕਾ ਮਿਲਆ। ਮੈਂ ਸਿੱਖ ਕੌਮ ਨੂੰ ਸਤਿਕਾਰ ਭੇਟ ਕਰਦਾ ਹਾਂ, ਜੋ ਕਿ ਸਾਰੇ ਵਿਸ਼ਵ ਭਰ ਵਿਚ ਵੱਸੇ ਹੋਏ ਹਨ। ਅੱਜ ਦਾ ਇਹ ਅਦਭੁੱਤ ਨਜ਼ਾਰਾ ਨਾ ਭੁੱਲਣਯੋਗ ਹੈ ਅਤੇ ਜੋ ਸਤਿਕਾਰ ਅਤੇ ਪਿਆਰ ਮੈਨੂੰ ਇੱਥੇ ਮਿਲਿਆ ਹੈ, ਮੈਂ ਉਸ ਦਾ ਦਿਲੋਂ ਧੰਨਵਾਦ ਕਰਦਾ ਹਾਂ। ਸੂਚਨਾ ਕੇਂਦਰ ਵਿਚ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਡਾ. ਰੂਪ ਸਿੰਘ ਨੇ ਉਨਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਅਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ।