ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ 2 ਅਕਤੂਬਰ ਨੂੰ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਅਤੇ ਸ਼ਾਂਤੀ ਮਾਰਚ ਦਾ ਪ੍ਰੋਗਰਾਮ ਜਾਰੀ
ਲੁਧਿਆਣਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਪਹੁੰਚਣਗੇ
5 Dariya News
ਲੁਧਿਆਣਾ 01-Oct-2018
ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ 2 ਅਕਤੂਬਰ ਨੂੰ ਸ਼ਹਿਰ ਲੁਧਿਆਣਾ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਵੇਰਵਾ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਕੈਂਪਾਂ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਨੂੰ ਯੋਗ ਪ੍ਰਾਰਥੀਆਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾਣਗੇ। ਕੈਂਪਾਂ ਦੌਰਾਨ ਜਿੱਥੇ ਸਬੰਧਤ ਵਿਭਾਗਾਂ ਵੱਲੋਂ ਆਪਣੇ-ਆਪਣੇ ਸਟਾਲ ਲਗਾ ਕੇ ਪ੍ਰਾਰਥੀਆਂ ਦੇ ਬਿਨੇ ਪੱਤਰ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਗਾਂਧੀ ਜੈਅੰਤੀ ਮੌਕੇ ਸਵੇਰ ਵੇਲੇ ਜ਼ਿਲ੍ਹਾ ਪੱਧਰ ਅਤੇ ਹਰੇਕ ਸਬ ਡਵੀਜ਼ਨ 'ਚ 'ਸ਼ਾਂਤੀ ਮਾਰਚ' ਵੀ ਕੀਤਾ ਜਾਵੇਗਾ। ਜਿਸ 'ਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ, ਕਲੱਬਾਂ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਸ਼ਮੂਲੀਅਤ ਕਰਨਗੇ।ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਭਾਰਤ ਨਗਰ ਵਿਖੇ ਲਗਾਇਆ ਜਾਵੇਗਾ, ਜਿਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਮੁੱਖ ਮਹਿਮਾਨ ਵਜੋਂ ਪੁੱਜਣਗੇ। ਇਹ ਕੈਂਪ ਸਵੇਰੇ 10.00 ਵਜੇ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਜਗਰਾਂਉ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਹਿਸੀਲ ਸੜਕ) ਅਤੇ ਖੰਨਾ (ਧਰਮਸ਼ਾਲਾ ਪਿੰਡ ਬੂਲੇਪੁਰ) ਵਿਖੇ ਲਗਵਾਏ ਜਾਣ ਵਾਲੇ ਸਬ ਡਵੀਜ਼ਨ ਪੱਧਰੀ ਕੈਂਪਾਂ ਵਿੱਚ ਕ੍ਰਮਵਾਰ ਪ੍ਰਬੰਧਕੀ ਸਕੱਤਰ ਸ੍ਰੀ ਆਰ. ਵੈਂਕਟਰਤਨਮ ਅਤੇ ਸ੍ਰੀ ਏ. ਵੇਣੂੰਪ੍ਰਸ਼ਾਦ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਬਾਕੀ ਸਬ ਡਵੀਜ਼ਨਾਂ ਵਿੱਚ ਵੀ ਅਜਿਹੇ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦੌਰਾਨ ਮੁੱਖ ਮਹਿਮਾਨਾਂ ਵੱਲੋਂ ਕਿਸਾਨ ਕਰਜ਼ਾ ਰਾਹਤ ਯੋਜਨਾ, ਘਰ-ਘਰ ਰੋਜ਼ਗਾਰ ਯੋਜਨਾ, ਮਿਸ਼ਨ ਤੰਦਰੁਸਤ ਪੰਜਾਬ ਅਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਬਾਰੇ ਅਹਿਮ ਐਲਾਨ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਲਾਏ ਸਟਾਲਾਂ 'ਤੇ ਲਾਭਪਾਤਰੀ ਸਕੀਮਾਂ ਦੇ ਫ਼ਾਰਮ ਭਰੇ ਜਾਣਗੇ। ਇਨ੍ਹਾਂ ਕੈਂਪਾਂ ਦੌਰਾਨ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਵਲੋਂ ਆਟਾ-ਦਾਲ ਸਕੀਮ ਦੇ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਬੇਘਰਿਆਂ ਨੂੰ 5-5- ਮਰਲੇ ਦੇ ਪਲਾਟਾਂ ਲਈ, ਲੇਬਰ ਵਿਭਾਗ ਵਲੋਂ ਕੰਸਟਰਕਸ਼ਨ ਵਰਕਰਾਂ ਦੀ ਰਜਿਸਟ੍ਰੇਸ਼ਨ, ਭਲਾਈ ਵਿਭਾਗ ਵਲੋਂ ਅਸ਼ੀਰਵਾਦ (ਸ਼ਗਨ) ਸਕੀਮ ਸਬੰਧੀ, ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੇ ਆਤਮ ਹੱਤਿਆ ਦੇ ਮੁਆਵਜ਼ੇ ਦੇ, ਲੀਡ ਜ਼ਿਲ੍ਹਾ ਬੈਂਕ ਮੈਨੇਜਰ ਵਲੋਂ ਬੈਂਕ ਸਕੀਮਾਂ ਸਬੰਧੀ ਫਾਰਮ ਭਰੇ ਜਾਣਗੇ। ਇਸ ਤੋਂ ਇਲਾਵਾ ਮਗਨਰੇਗਾ ਤਹਿਤ ਜਾਬ ਕਾਰਡ ਵੀ ਬਣਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਲੋੜਵੰਦ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੈਗਾ ਕੈਂਪਾਂ ਵਿਚ ਪਹੁੰਚ ਕੇ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਫਾਰਮ ਭਰਨ। ਉਨ੍ਹਾਂ ਦੱਸਿਆ ਕਿ ਸਕੀਮ ਦਾ ਲਾਭ ਸਕੀਮ ਲਈ ਸਰਕਾਰ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਹੀ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਕਰਜ਼ੇ ਦੀ ਮਾਰ ਹੇਠ ਆਉਂਦੇ ਕਿਸਾਨ, ਅਜਿਹੇ ਪਰਿਵਾਰ ਜਿਸ ਦੇ ਮੈਂਬਰ ਗੰਭੀਰ ਬਿਮਾਰੀ ਜਿੰਨਾਂ ਵਿਚ ਏਡਜ਼, ਕੈਂਸਰ ਆਦਿ ਤੋਂ ਪੀੜਤ, ਔਰਤ ਮੁਖੀਆ ਪਰਿਵਾਰ, ਉਹ ਪਰਿਵਾਰ ਜਿੰਨ੍ਹਾਂ ਨੇ ਇਕ ਮਾਤਰ ਕਮਾਊ ਜੀਅ ਗਵਾਇਆ ਹੋਵੇ, ਜੰਗ ਵਿਚ ਆਪਣੀ ਜਾਨ ਗਵਾ ਚੁੱਕੇ ਫੌਜੀਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ, ਬੇ-ਘਰ ਪਰਿਵਾਰ, ਸਕੂਲੋਂ ਵਿਰਵੇਂ ਅਤੇ ਕੁਪੋਸ਼ਣ ਦਾ ਸ਼ਿਕਾਰ ਬੱਚੇ, ਅਪਾਹਜ ਅਤੇ ਮੰਦਬੁੱਧੀ ਵਾਲੇ ਲੋਕਾਂ ਦੇ ਪਰਿਵਾਰ, ਨਸ਼ੇ ਤੋਂ ਪੀੜਿਤ ਜਾਂ ਬਜ਼ੁਰਗ ਲੋਕ ਜਿੰਨ੍ਹਾਂ ਨੂੰ ਪਰਿਵਾਰ ਜਾਂ ਸਮਾਜ ਦਾ ਕੋਈ ਸਹਾਰਾ ਨਹੀਂ, 18 ਸਾਲ ਦੀ ਉਮਰ ਤੋਂ ਉਪਰ ਬੇਰੋਜ਼ਗਾਰ ਨੌਜਵਾਨ, ਝੁੱਗੀ ਝੌਂਪੜੀ ਵਿਚ ਰਹਿ ਰਹੇ ਅਤੇ ਕੁਦਰਤੀ ਆਫਤਾਂ ਤੇ ਦੁਰਘਟਨਾਂ ਦੇ ਸ਼ਿਕਾਰ ਪਰਿਵਾਰ, ਤੇਜ਼ਾਬੀ ਹਮਲੇ ਦੇ ਸ਼ਿਕਾਰ, ਹੱਥਾਂ ਨਾਲ ਮੈਲਾ ਢੋਹਣ ਵਾਲੇ ਤੇ ਸੈਨੀਟਰੀ ਵਰਕਰ ਅਤੇ ਅਨਾਥ, ਤੀਜੇ ਲਿੰਗ ਤੇ ਭਿਖਾਰੀ ਆਦਿ ਨੂੰ ਵੀ ਖਾਸ ਤਵੱਜੋਂ ਦਿਤੀ ਜਾਣੀ ਹੈ।
ਸ਼ਾਂਤੀ ਮਾਰਚਾਂ ਸੰਬੰਧੀ ਰੂਟ ਪਲਾਨ ਅਤੇ ਵਿਸ਼ੇਸ਼ ਕੈਂਪਾਂ ਦੇ ਸਥਾਨ
ਉਨ੍ਹਾਂ ਦੱਸਿਆ ਕਿ ਜਗਰਾਂਉ ਵਿਖੇ ਸ਼ਾਂਤੀ ਮਾਰਚ ਸਵੇਰੇ ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਨਾਨਕਸਰ ਵੱਲ ਨੂੰ ਜਾਂਦਿਆਂ ਮੁੱਖ ਸੜਕ ਤੋਂ ਵਾਪਸ ਨਵੀਂ ਦਾਣਾ ਮੰਡੀ ਵਿਖੇ ਸਮਾਪਤ ਹੋਵੇਗਾ। ਵਿਸ਼ੇਸ਼ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਹਿਸੀਲ ਸੜਕ ਵਿਖੇ ਲਗਾਇਆ ਜਾਵੇਗਾ। ਇਸੇ ਤਰ੍ਹਾਂ ਖੰਨਾ ਵਿਖੇ ਸ਼ਾਂਤੀ ਮਾਰਚ ਐੱਸ. ਡੀ. ਐÎਮ. ਦਫ਼ਤਰ ਖੰਨਾ ਤੋਂ ਸ਼ੁਰੂ ਹੋ ਕੇ ਸ਼ਹਿਰ ਦਾ ਚੱਕਰ ਲਗਾਉਣ ਉਪਰੰਤ ਮੁੜ ਦਫ਼ਤਰ ਵਿਖੇ ਹੀ ਖ਼ਤਮ ਹੋਵੇਗਾ। ਵਿਸ਼ੇਸ਼ ਕੈਂਪ ਪਿੰਡ ਬੂਲੇਪੁਰ ਦੀ ਧਰਮਸ਼ਾਲਾ ਵਿੱਚ ਲਗਾਇਆ ਜਾਵੇਗਾ। ਸਬ ਡਵੀਜ਼ਨ ਪਾਇਲ ਦਾ ਸ਼ਾਂਤੀ ਮਾਰਚ ਪਿੰਡ ਕੱਦੋਂ ਤੋਂ ਸ਼ੁਰੂ ਹੋ ਕੇ ਪਿੰਡ ਕੋਟਲੀ ਹੁੰਦਾ ਹੋਇਆ ਪਾਇਲ ਵਿਖੇ ਸਮਾਪਤ ਹੋਵੇਗਾ ਅਤੇ ਵਿਸ਼ੇਸ਼ ਕੈਂਪ ਦਾਣਾ ਮੰਡੀ ਵਿੱਚ ਲੱਗੇਗਾ।ਇਸ ਤੋਂ ਇਲਾਵਾ ਸਬ ਡਵੀਜ਼ਨ ਸਮਰਾਲਾ ਵਿਖੇ ਸ਼ਾਂਤੀ ਮਾਰਚ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦਾ ਚੱਕ ਲਗਾਉਣ ਉਪਰੰਤ ਇਥੇ ਹੀ ਖ਼ਤਮ ਹੋਵੇਗਾ। ਜਦਕਿ ਵਿਸ਼ੇਸ਼ ਕੈਂਪ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਵਿਖੇ ਲਗਾਏ ਜਾਣਗੇ। ਸਬ ਡਵੀਜ਼ਨ ਰਾਏਕੋਟ ਵਿੱਚ ਸ਼ਾਂਤੀ ਮਾਰਚ ਐੱਸ. ਜੀ. ਸੀ. ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਤੋਂ ਸ਼ੁਰੂ ਹੋਵੇਗਾ, ਜੋ ਹਰੀ ਸਿੰਘ ਨਲੂਆ ਚੌਕ, ਨਗਰ ਕੌਂਸਲ ਦਫ਼ਤਰ, ਮਲੇਰਕੋਟਲਾ ਸੜਕ, ਹਰੀ ਸਿੰਘ ਨਲੂਆ ਚੌਕ ਹੁੰਦਾ ਹੋਇਆ ਐੱਸ. ਜੀ. ਸੀ. ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ ਸਮਾਪਤ ਹੋਵੇਗਾ। ਵਿਸ਼ੇਸ਼ ਕੈਂਪ ਵੀ ਐੱਸ. ਜੀ. ਸੀ. ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ ਹੀ ਲਗਾਇਆ ਜਾਵੇਗਾ। ਸਬ ਡਵੀਜ਼ਨ ਲੁਧਿਆਣਾ (ਪੂਰਬੀ) ਵਿੱਚ ਦੋ ਵਿਸ਼ੇਸ਼ ਕੈਂਪ ਕਮਿਊਨਿਟੀ ਸੈਂਟਰ ਕੋਹਾੜਾ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਲਗਾਏ ਜਾਣਗੇ।