ਡਿਪਟੀ ਕਮਿਸ਼ਨਰ ਵੱਲੋਂ 'ਪ੍ਰਦੂਸ਼ਣ-ਮੁਕਤ ਵਾਤਾਵਰਣ ਸਿਰਜਣ' ਦਾ ਸੁਨੇਹਾ ਦਿੰਦੀ ਵੈਨ ਰਵਾਨਾ
ਨਾਬਾਰਡ ਦੇ ਪ੍ਰਾਜੈਕਟ ਤਹਿਤ ਐਨ.ਜੀ.ਓ. ਦੀ ਵੈਨ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿੱਚ ਜਾ ਕੇ ਪਰਾਲੀ ਫੂਕਣ ਨਾਲ ਹੁੰਦੇ ਨੁਕਸਾਨ ਤੇ ਕਿਸਾਨ ਭਲਾਈ ਸਕੀਮਾਂ ਬਾਰੇ ਕਰੇਗੀ ਜਾਗਰੂਕ
5 Dariya News
ਮਾਨਸਾ 27-Sep-2018
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਸਬੰਧੀ ਜਾਗਰੂਕ ਕਰਨ ਲਈ ਵਿੱਢੀ ਗਈ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਪਰਾਲੀ ਫੂਕਣ ਦੇ ਮਾਰੂ ਨੁਕਸਾਨ ਬਾਰੇ ਜਾਣਕਾਰੀ ਦਿੰਦੀ ਵੈਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਨਾਬਾਰਡ ਦੇ ਪ੍ਰਾਜੈਕਟ ਤਹਿਤ ਗ਼ੈਰ ਸਰਕਾਰੀ ਸੰਸਥਾ (ਐਨ.ਜੀ.ਓ.) ਮਾਲਵਾ ਲੋਕਹਿੱਤ ਆਰਗੇਨਾਈਜ਼ੇਸ਼ਨ, ਪੰਜਾਬ ਦੀ ਇਹ ਵੈਨ ਜ਼ਿਲ੍ਹਾ ਮਾਨਸਾ ਦੇ ਸਾਰੇ ਪਿੰਡਾਂ ਵਿੱਚ ਜਾ ਕੇ ਉਥੋਂ ਦੇ ਬਾਸ਼ਿੰਦਿਆਂ ਖ਼ਾਸਕਰ ਕਿਸਾਨਾਂ ਨੂੰ ਜਾਗਰੂਕ ਕਰੇਗੀ। ਝੰਡੀ ਦੇਣ ਉਪਰੰਤ ਸਥਾਨਕ ਬੱਚਤ ਭਵਨ ਵਿਖੇ ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਿਸਾਨਾਂ ਨੂੰ ਪਰਾਲੀ ਫੂਕਣ ਨਾਲ ਵਾਤਾਵਰਣ ਨੂੰ ਹੁੰਦੇ ਨੁਕਸਾਨ ਬਾਰੇ ਜਾਣੂ ਕਰਵਾਉਣ ਅਤੇ ਪਰਾਲੀ ਨੂੰ ਸਾੜਨ ਦੀ ਬਜਾਏ ਖੇਤਾਂ 'ਚ ਮਿਲਾ ਕੇ ਖਾਦ ਬਣਾਉਣ ਜਾਂ ਪਰਾਲੀ ਦੀਆਂ ਗੱਠਾਂ ਬਣਾ ਕੇ ਬਾਇੳ-ਇਥਨੌਲ, ਪਾਵਰ ਪਲਾਂਟ, ਗੱਤਾ ਉਦਯੋਗ, ਬਾਇਓਮਾਸ ਆਧਾਰਤ ਬਿਜਲੀ ਕਾਰਖ਼ਾਨਿਆਂ ਨੂੰ ਵੇਚ ਕੇ ਆਮਦਨ ਵਧਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਾਤਾਵਰਣ ਬਚਾਊ ਮੁਹਿੰਮ ਵਿੱਚ ਨਾਬਾਰਡ ਵੱਲੋਂ ਵੀ ਭਾਈਵਾਲੀ ਦਾ ਉਪਰਾਲਾ ਕੀਤਾ ਗਿਆ ਹੈ, ਜੋ ਚੰਗਾ ਉਦਮ ਹੈ। ਉਨ੍ਹਾਂ ਕਿਹਾ, ''ਜੰਗਲਾਂ, ਚੁੱਲੇ ਤੇ ਖੇਤਾਂ ਦੀ ਅੱਗ, ਆਵਜਾਈ ਦੇ ਵੱਧ ਸਾਧਨਾਂ ਅਤੇ ਉਦਯੋਗ ਤੇ ਫ਼ੈਕਟਰੀਆਂ ਦੇ ਧੂੰਏਂ ਕਾਰਨ ਆਲਮੀ ਤਪਸ਼ ਵਧੀ ਹੈ। ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਸਾਫ਼-ਸੁਥਰਾ ਤੇ ਪ੍ਰਦੂਸ਼ਣ-ਮੁਕਤ ਵਾਤਾਵਰਣ ਵਿਰਸੇ ਵਿੱਚ ਦੇਣ ਲਈ ਇਸ ਮੁਹਿੰਮ ਨਾਲ ਜੁੜੀਏ ਅਤੇ ਵਾਤਾਵਰਣ ਬਚਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੀਏ।
''ਨਾਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਸ੍ਰੀ ਸੀ.ਆਰ. ਠਾਕੁਰ ਨੇ ਦੱਸਿਆ ਕਿ ਪਰਾਲੀ ਸੁਰੱਖਿਆ ਅਭਿਆਨ-2018 ਤਹਿਤ ਨਾਬਾਰਡ ਵੱਲੋਂ ਨੈਸ਼ਨਲ ਅਡੈਪਟੇਸ਼ਨ ਫ਼ੰਡ ਫ਼ਾਰ ਕਲਾਈਮੇਟ ਚੇਂਜ (ਐਨ.ਏ.ਐਫ.ਸੀ.ਸੀ.) ਤਹਿਤ ਦੇਸ਼ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਦੀ ਮੁਹਿੰਮ ਅਰੰਭੀ ਗਈ ਹੈ ਅਤੇ ਜ਼ਿਲ੍ਹਾ ਮਾਨਸਾ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦਾ ਜ਼ਿੰਮਾ ਮਾਲਵਾ ਲੋਕਹਿੱਤ ਆਰਗੇਨਾਈਜ਼ੇਸ਼ਨ, ਪੰਜਾਬ ਨੂੰ ਦਿੱਤਾ ਗਿਆ ਹੈ, ਜੋ ਜ਼ਿਲ੍ਹਾ ਖੇਤੀਬਾੜੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਕਾਰਜ ਕਰੇਗੀ। ਉਨ੍ਹਾਂ ਦੱਸਿਆ ਕਿ ਐਨ.ਜੀ.ਓ. ਦੀਆਂ 5 ਟੀਮਾਂ ਪੂਰੇ ਜ਼ਿਲ੍ਹੇ ਵਿੱਚ ਰੋਜ਼ਾਨਾ ਆਧਾਰ 'ਤੇ ਲੋਕਾਂ ਨੂੰ ਜਾਗਰੂਕ ਕਰਨਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਸਮੂਹ ਪਿੰਡਾਂ ਨੂੰ 80 ਕਲੱਸਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਕਲੱਸਟਰ ਵਿੱਚ 3 ਪਿੰਡ ਕਵਰ ਕੀਤੇ ਜਾਣਗੇ ਅਤੇ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਐਲ.ਈ.ਡੀ. ਨਾਲ ਲੈਸ ਇਸ ਵੈਨ ਵਿੱਚ ਪਰਾਲੀ ਫੂਕਣ ਦੇ ਨੁਕਸਾਨ ਅਤੇ ਪ੍ਰਦੂਸ਼ਣ-ਮੁਕਤ ਦੁਨੀਆਂ ਸਿਰਜਣ ਸਬੰਧੀ ਜਾਗਰੂਕ ਕਰਦੀ ਕਰੀਬ ਅੱਧੇ ਘੰਟੇ ਦੀ ਫ਼ਿਲਮ ਵੀ ਵਿਖਾਈ ਜਾਵੇਗੀ ਅਤੇ ਉਪਰੰਤ ਐਨ.ਜੀ.ਓ. ਦੇ ਮਾਸਟਰ ਟ੍ਰੇਨਰਾਂ ਦੀ ਟੀਮ, ਖੇਤੀਬਾੜੀ ਵਿਭਾਗ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਰ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨਾ ਫੂਕਣ, ਪਰਾਲੀ ਵੇਚ ਕੇ ਆਮਦਨ ਵਧਾਉਣ ਅਤੇ ਕਣਕ-ਝੋਨੇ ਦਾ ਫ਼ਸਲੀ ਚੱਕਰ ਛੱਡ ਕੇ ਫ਼ਸਲੀ ਵਿਭਿੰਨਤਾ ਅਪਣਾਉਣ ਆਦਿ ਬਾਰੇ ਜਾਣਕਾਰੀ ਦੇਵੇਗੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਲਈ ਸਰਕਾਰ ਵੱਲੋਂ ਸਬਸਿਡੀ 'ਤੇ ਮਿਲਦੀ ਖੇਤੀਬਾੜੀ ਮਸ਼ੀਨਰੀ ਜਿਵੇਂ ਹੈਪੀ ਸੀਡਰ, ਰੋਟਾਵੇਟਰ ਤੇ ਬੇਲਰ ਆਦਿ ਬਾਰੇ ਜਾਣਕਾਰੀ ਵੀ ਦਿੱਤੀ ਜਾਵੇਗੀ। ਇਸ ਮੌਕੇ ਨਾਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਸ੍ਰੀ ਸੀ.ਆਰ. ਠਾਕੁਰ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਾਂਦਿੱਤਾ ਸਿੰਘ ਸਿੱਧੂ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮੁਖੀ ਸ੍ਰੀ ਜੀ.ਪੀ.ਐਸ. ਸੋਢੀ ਅਤੇ ਕੇਂਦਰੀ ਸਹਿਕਾਰੀ ਬੈਂਕ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਹਰਵਿੰਦਰ ਸਿੰਘ ਢਿੱਲੋਂ, ਲੀਡ ਬੈਂਕ ਮੈਨੇਜ਼ਰ ਬੀ.ਐਲ. ਦੁੱਗਲ, ਐਮ.ਐਸ.ਰੇਖੀ ਸਮੇਤ ਮਾਲਵਾ ਲੋਕਹਿੱਤ ਆਰਗੇਨਾਈਜ਼ੇਸ਼ਨ, ਪੰਜਾਬ ਦੇ ਸਮੂਹ ਮੈਂਬਰ ਹਾਜ਼ਰ ਸਨ।