5 Dariya News

ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ : ਹਰਿੰਦਰ ਸਿੰਘ ਖਾਲਸਾ

''ਪੜ੍ਹੋ ਪੰਜਾਬ ਪੜਾਓ ਪੰਜਾਬ '' ਮੁਹਿੰਮ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ : ਕੁਲਜੀਤ ਸਿੰਘ ਨਾਗਰਾ

5 Dariya News

ਫ਼ਤਹਿਗੜ੍ਹ ਸਾਹਿਬ 27-Sep-2018

ਮੈਂਬਰ ਲੋਕ ਸਭਾ ਹਰਿੰਦਰ ਸਿੰਘ ਖਾਲਸਾ ਨੇ ਬੱਚਤ ਭਵਨ ਵਿਖੇ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਨਾ ਛੱਡੀ ਜਾਵੇ ਅਤੇ ਇਸ ਕੰਮ ਵਿੱਚ ਉਹ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਹਨ।ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ '' ਪੜ੍ਹੋ ਪੰਜਾਬ ਪੜਾਓ ਪੰਜਾਬ '' ਨਾਂਅ ਹੇਠ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਹਰੇਕ ਬਲਾਕ ਵਿੱਚ 4 ਅਤੇ ਜ਼ਿਲ੍ਹੇ ਵਿੱਚ ਕੁੱਲ 26 ਟਰੇਂਡ ਅਧਿਆਪਕ ਹਨ ਜੋ ਕਿ ਪਹਿਲਾਂ ਬਲਾਕ ਪੱਧਰ 'ਤੇ ਅਧਿਆਪਕਾਂ ਨੂੰ ਸਿਖਲਾਈ ਦਿੰਦੇ ਹਨ ਅਤੇ ਫਿਰ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ 26 ਅਧਿਆਪਕਾਂ ਨੇ ਪਹਿਲਾਂ ਆਪ ਖੁਦ ਚੰਡੀਗੜ੍ਹ ਵਿਖੇ ਟਰੇਨਿੰਗ ਹਾਸਲ ਕੀਤੀ ਹੈ ਅਤੇ ਹੁਣ ਇਹ ਅਧਿਆਪਕ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਸਮੇਂ ਦੀ ਹਾਣ ਦੀ ਸਿੱਖਿਆ ਪ੍ਰਦਾਨ ਕਰਨ ਲਈ ਟਰੇਂਡ ਕਰ ਰਹੇ ਹਨ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਪ੍ਰਾਈਵੇਟ ਸਕੂਲਾਂ ਦੀ ਤਰਜ਼ 'ਤੇ ਉਚ ਕੁਆਲਿਟੀ ਦੇ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਅਧੀਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ 60 ਸਮਾਰਟ ਕਲਾਸ ਰੂਮ ਵੀ ਬਣਾਏ ਜਾਣਗੇ ਜਿਥੇ ਕਿ ਵਿਦਿਆਰਥੀਆਂ ਨੂੰ ਅਜੌਕੇ ਢੰਗ ਤਰੀਕਿਆਂ ਨਾਲ ਪੜਾਈ ਕਰਵਾਈ ਜਾਵੇਗੀ।

ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਪੈਸ਼ਲ ਓਲੰਪਿਕ ਸਮਰ ਵਰਲਡ ਗੇਮ 2019 ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਧਾ ਬੱਧਾ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਅਮਨਜੋਤ ਸਿੰਘ ਦੀ ਚੋਣ ਹੋਈ ਹੈ ਜਿਸ ਦੀ ਤਿਆਰੀ ਲਈ ਡਾਈਟ ਦਾ ਪ੍ਰਬੰਧ ਐਸ.ਡੀ.ਐਮ. ਅਮਲੋਹ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਲ 2018-19 ਲਈ ਪਹਿਲੀ ਤੋਂ 12ਵੀਂ ਕਲਾਸ ਤੱਕ ਪੜ੍ਹਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਭਲਾਈ ਵਿਭਾਗ ਵੱਲੋਂ ਅਤੇ ਜਨਰਲ ਕੈਟਾਗਿਰੀ ਦੇ ਬੱਚਿਆਂ ਨੂੰ ਸਰਵ ਸਿੱਖਿਆ ਅਭਿਆਨ ਅਧੀਨ ਕਿਤਾਬਾਂ ਮੁਫਤ ਵੰਡੀਆਂ ਗਈਆਂ ਹਨ। ਉਨ੍ਹਾਂ ਹੋਰ ਦੱਸਿਆ ਕਿ 6 ਤੋਂ 14 ਸਾਲ ਦੇ ਸਕੂਲੋਂ ਵਿਰਵੇਂ ਬੱਚਿਆਂ ਦੀ ਸ਼ਨਾਖਤ ਲਈ ਵਿਸ਼ੇਸ਼ ਸਰਵੇ ਕਰਵਾਇਆ ਗਿਆ ਸੀ ਜਿਸ ਵਿੱਚ 321 ਬੱਚਿਆਂ ਦੀ ਸ਼ਨਾਖਤ ਕੀਤੀ ਗਈ ਸੀ ਇਨ੍ਹਾਂ ਬੱਚਿਆਂ ਵਿੱਚੋਂ 6 ਤੋਂ 7 ਸਾਲ ਦੇ 67 ਬੱਚਿਆਂ ਨੂੰ ਸਿੱਧੇ ਸਕੂਲਾਂ ਵਿੱਚ ਮਾਨਸਿਕ ਪੱਧਰ ਅਨੁਸਾਰ ਅਤੇ 7 ਤੋਂ 14 ਸਾਲ ਦੇ 129 ਬੱਚਿਆਂ ਨੂੰ ਰੈਮੀਡੀਅਲ ਕੋਚਿੰਗ ਲਈ ਵੱਖ-ਵੱਖ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਜਗਵਿੰਦਰਜੀਤ ਸਿੰਘ ਸੰਧੂ, ਐਸ.ਡੀ.ਐਮ. ਫਤਹਿਗੜ੍ਹ ਸਾਹਿਬ ਡਾ. ਸੰਜੀਵ, ਐਸ.ਡੀ.ਐਮ. ਅਮਲੋਹ ਸ਼੍ਰੀ ਆਨੰਦ ਸਾਗਰ ਸ਼ਰਮਾ, ਐਸ.ਡੀ.ਐਮ. ਖਮਾਣੋਂ ਸ਼੍ਰੀ ਪਰਮਜੀਤ ਸਿੰਘ, ਐਸ.ਡੀ.ਐਮ. ਬਸੀ ਪਠਾਣਾ ਸ਼੍ਰੀ ਜਗਦੀਸ਼ ਸਿੰਘ ਜੋਹਲ, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀਮਤੀ ਮਨਜੀਤ ਕੌਰ, ਵਿਧਾਇਕ ਬਸੀ ਪਠਾਣਾ ਸ. ਗੁਰਪ੍ਰੀਤ ਸਿੰਘ ਜੀ.ਪੀ. ਦੇ ਪ੍ਰਤੀਨਿਧ ਸ਼੍ਰੀ ਗੁਰਮੀਤ ਸਿੰਘ, ਵਿਧਾਇਕ ਅਮਲੋਹ ਕਾਕਾ ਰਣਦੀਪ ਸਿੰਘ ਦੇ ਪ੍ਰਤੀਨਿਧ ਸ਼੍ਰੀ ਰਜਿੰਦਰ ਸਿੰਘ ਬਿੱਟੂ, ਰਿੱਕੀ ਵਾਲੀਆ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀ ਅਵਤਾਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀ ਦੀਦਾਰ ਸਿੰਘ ਮਾਂਗਟ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।