5 Dariya News

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਦੀ ਜਿੱਤ ਕੈਪਟਨ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ- ਪਰਨੀਤ ਕੌਰ

ਕੈਪਟਨ ਸਰਕਾਰ ਨੇ ਔਰਤਾਂ ਨੂੰ 50 ਫੀਸਦੀ ਸੀਟਾਂ ਦੇ ਕੇ ਮਾਣ ਬਖ਼ਸ਼ਿਆ-ਬ੍ਰਹਮ ਮਹਿੰਦਰਾ, ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਬਨਾਉਣਾ ਕੈਪਟਨ ਸਰਕਾਰ ਦਾ ਮੁੱਖ ਟੀਚਾ- ਸਾਧੂ ਸਿੰਘ ਧਰਮਸੋਤ

5 Dariya News

ਪਟਿਆਲਾ 29-Sep-2018

ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਪਟਿਆਲਾ ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹੇ ਦੀਆਂ 9 ਪੰਚਾਇਤ ਸੰਮਤੀਆਂ ਦੇ ਨਵੇਂ ਚੁਣੇ ਗਏ ਕਾਂਗਰਸ ਪਾਰਟੀ ਦੇ ਸਮੁੱਚੇ ਮੈਂਬਰਾਂ ਨਾਲ ਅੱਜ ਇਥੇ ਆਪਣੀ ਨਿਜੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿਖੇ ਨਿਜੀ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਜਿੱਤ ਲਈ ਮੁਬਾਰਕਬਾਦ ਦਿੱਤੀ। ਇਸ ਦੌਰਾਨ ਪਟਿਆਲਾ, ਪਟਿਆਲਾ ਦਿਹਾਤੀ, ਡੇਰਾ ਬਸੀ, ਰਾਜਪੁਰਾ, ਘਨੌਰ, ਸਨੌਰ, ਨਾਭਾ, ਸਮਾਣਾ ਅਤੇ ਪਾਤੜਾਂ ਵਿਧਾਨ ਸਭਾ ਹਲਕਿਆਂ ਦੇ ਸਮੁਚੇ ਨਵੇਂ ਚੁਣੇ ਮੈਂਬਰ ਆਪਣੇ ਹਲਕੇ ਦੇ ਮੰਤਰੀਆਂ ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ ਸਮੇਤ ਵਿਧਾਇਕਾਂ ਤੇ ਆਗੂਆਂ ਦੀ ਅਗਵਾਈ 'ਚ ਪੁੱਜੇ ਹੋਏ ਸਨ।ਇਨ੍ਹਾਂ ਮੈਂਬਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਇਹ ਸ਼ਾਨਦਾਰ ਜਿੱਤ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਲੋਕ ਪੱਖੀ ਨੀਤੀਆਂ ਦਾ ਨਤੀਜਾ ਹੈ, ਉਥੇ ਹੀ ਇਹ ਜਿੱਤ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਹਲਕਿਆਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਕੀਤੀ ਗਈ ਮਿਹਨਤ ਦਾ ਵੀ ਸਿੱਟਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਇੱਕੋ ਇੱਕ ਤਰਜੀਹ ਪੰਜਾਬ ਦਾ ਚਹੁਤਰਫ਼ਾ ਵਿਕਾਸ ਹੈ ਅਤੇ ਕਾਂਗਰਸ ਪਾਰਟੀ ਦੀ ਜਿੱਤ ਕੈਪਟਨ ਸਰਕਾਰ ਦੀਆਂ ਨੀਤੀਆਂ 'ਤੇ ਪੰਜਾਬ ਵਾਸੀਆਂ ਦੀ ਮੋਹਰ ਹੈ। ਉਨ੍ਹਾਂ ਨੇ ਇਸ ਲਈ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਵਧਾਈ ਦਿੰਦਿਆਂ ਲੋਕ ਸਭਾ ਚੋਣਾਂ ਲਈ ਹੁਣੇ ਤੋਂ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਔਰਤਾਂ ਨੂੰ ਮਾਣ ਦਿੰਦਿਆਂ ਪਹਿਲਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ 'ਚ 50 ਫੀਸਦੀ ਸੀਟਾਂ ਦਿੱਤੀਆਂ ਤੇ ਬਾਅਦ 'ਚ ਇਨ੍ਹਾਂ ਚੋਣਾਂ 'ਚ ਅਤੇ ਹੁਣ ਪੰਚਾਇਤੀ ਚੋਣਾਂ 'ਚ ਵੀ ਔਰਤਾਂ ਨੂੰ 50 ਫੀਸਦੀ ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਸ੍ਰੀ ਮਹਿੰਦਰਾ ਨੇ ਆਗੂਆਂ ਤੇ ਵਰਕਰਾਂ ਸਮੇਤ ਨਵੇਂ ਚੁਣੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਹਿਲਾਂ 10 ਸਾਲ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਤੇ ਲੋਕਾਂ ਨੂੰ ਕੁੱਟਿਆ ਪਰ ਹੁਣ ਸਥਿਤੀ ਬਦਲ ਗਈ ਹੈ ਤੇ ਜਿੰਮੇਵਾਰੀ ਸਾਡੇ ਉਪਰ ਹੈ ਕਿ ਅਸੀਂ ਅਗਲੀਆਂ ਲੋਕ ਸਭਾ ਚੋਣਾਂ ਜਿੱਤ ਕੇ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਪੂਰੀਆਂ ਕਰੀਏ।

ਇਸੇ ਦੌਰਾਨ ਪੰਜਾਬ ਦੇ ਜੰਗਲਾਤ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਪਹਿਲਾਂ ਗੁਰਦਾਸਪੁਰ ਤੇ ਸ਼ਾਹਕੋਟ ਦੀਆਂ ਜਿਮਨੀ ਚੋਣਾਂ ਜਿੱਤਕੇ ਟੈਸਟ ਪਾਸ ਕੀਤਾ ਅਤੇ ਹੁਣ ਇਨ੍ਹਾਂ ਚੋਣਾਂ 'ਚ ਅਕਾਲੀ ਦਲ ਤੇ ਆਪ ਨੂੰ ਘਰ ਦਾ ਰਸਤਾ ਦਿਖਾਇਆ ਅਤੇ ਸਾਡਾ ਅਗਲਾ ਇਮਤਿਹਾਨ 2019 ਦੀਆਂ ਲੋਕ ਸਭਾ ਚੋਣਾਂ ਹਨ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇੱਕੋ ਇੱਕ ਟੀਚਾ ਹੈ ਕਿ ਪੰਜਾਬ ਨੂੰ ਦੇਸ਼ ਦਾ ਇੱਕ ਨੰਬਰ ਦਾ ਸੂਬਾ ਬਣਾਇਆ ਜਾਵੇ। ਮੰਚ ਸੰਚਾਲਨ ਕਰਦਿਆਂ ਦਿਹਾਤੀ ਕਾਂਗਰਸ ਦੇ ਪ੍ਰਧਾਨ ਅਤੇ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਪਟਿਆਲਾ ਜ਼ਿਲ੍ਹੇ 'ਚ ਜਿੱਤ ਦਾ ਸਿਹਰਾ ਸ੍ਰੀਮਤੀ ਪਰਨੀਤ ਕੌਰ ਨੂੰ ਜਾਂਦਾ ਹੈ, ਜਿਸ ਕਰਕੇ ਹੁਣ ਹੋਰ ਲੋਕ ਵੀ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਹਲਕਾ ਸ਼ੁਤਰਾਣਾ ਦੇ ਵਿਧਾਇਕ ਸ੍ਰੀ ਨਿਰਮਲ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਬਖ਼ਸ਼ੀ ਹੈ। ਜਦੋਂਕਿ ਹਲਕਾ ਸਮਾਣਾ ਦੇ ਵਿਧਾਇਕ ਸ੍ਰੀ ਰਜਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਸ੍ਰੀਮਤੀ ਪਰਨੀਤ ਕੌਰ ਦੀ ਸੁਚੱਜੀ ਅਗਵਾਈ ਹੇਠ ਇਨ੍ਹਾਂ ਚੋਣਾਂ 'ਚ ਹੋਈ ਜਿੱਤ ਨੇ ਦਰਸਾ ਦਿੱਤਾ ਹੈ ਕਿ ਪੰਜਾਬ ਵਾਸੀ ਅਗਾਮੀ ਲੋਕ ਸਭਾ ਚੋਣਾਂ 'ਚ ਵੀ ਕਾਂਗਰਸ ਦੇ ਹੱਥ ਮਜ਼ਬੂਤ ਕਰਨਗੇ।ਹਲਕਾ ਡੇਰਾਬਸੀ ਤੋਂ ਸ੍ਰੀਮਤੀ ਪਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸ੍ਰੀ ਦੀਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਖ਼ੁਸ਼ ਹਨ ਅਤੇ ਹਲਕਾ ਸਨੌਰ ਤੋਂ ਜਿੱਤ ਲਈ ਧੰਨਵਾਦ ਕਰਦਿਆਂ ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ 18 ਮਹੀਨਿਆਂ 'ਚ ਜੋ ਕੰਮ ਕੈਪਟਨ ਸਰਕਾਰ ਨੇ ਕੀਤੇ ਹਨ, ਉਹ ਪਿਛਲੇ ਸਮੇਂ 'ਚ ਕਦੇ ਨਹੀਂ ਹੋ ਸਕੇ।ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਘੁੰਮਣ, ਪਟਿਆਲਾ ਸ਼ਹਿਰੀ ਪ੍ਰਧਾਨ ਪੀ.ਕੇ. ਪੁਰੀ, ਗੁਰਮੀਤ ਕੌਰ ਕੰਬੋਜ, ਦਿਹਾਤੀ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀ ਰਜੇਸ਼ ਸ਼ਰਮਾ, ਬਲਵਿੰਦਰ ਅੱਤਰੀ, ਸੁਖਇੰਦਰ ਸਿੰਘ ਮਾਨਸ਼ਾਹੀਆ, ਮਹੰਤ ਹਰਵਿੰਦਰ ਖਨੌੜਾ, ਐਸ.ਐਮ. ਸੰਧੂ, ਕੇ.ਕੇ. ਮਲਹੋਤਰਾ, ਸੰਤ ਬਾਂਗਾ, ਰਜਿੰਦਰ ਸ਼ਰਮਾ, ਯੂਥ ਕਾਂਗਰਸ ਆਗੂ ਰੀਤਿੰਦਰ ਸਿੰਘ ਰਿੱਕੀ ਮਾਨ, ਸਤਨਾਮ ਸਿੰਘ ਸ਼ੁਤਰਾਣਾ, ਗਗਨਦੀਪ ਸਿੰਘ ਜੌਲੀ ਜਲਾਲਪੁਰ, ਉਦੇਵੀਰ ਸਿੰਘ ਢਿੱਲੋਂ, ਤਰਸੇਮ ਬਾਂਸਲ, ਗੁਰਦੀਪ ਸਿੰਘ ਊਂਟਸਰ, ਰਛਪਾਲ ਸਿੰਘ ਜੌੜੇਮਾਜਰਾ, ਜੋਗਿੰਦਰ ਸਿੰਘ ਕਾਕੜਾ, ਤੇਜਪਾਲ ਸਿੰਘ ਗੋਗੀ ਟਿਵਾਣਾ ਸਮੇਤ ਵੱਡੀ ਗਿਣਤੀ 'ਚ ਕਾਂਗਰਸ ਆਗੂ ਤੇ ਵਰਕਰ ਵੀ ਪੁੱਜੇ ਹੋਏ ਸਨ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਹਲਕਾ ਸ਼ੁਤਰਾਣਾ ਦੇ ਪਿੰਡ ਗੁਲਾਹੜ ਦੇ ਵਸਨੀਕ ਜੋਗਿੰਦਰ ਸਿੰਘ ਪੁੱਤਰ ਮਾਂਗਾ ਰਾਮ ਨੂੰ ਟ੍ਰਾਈਸਾਇਕਲ ਪ੍ਰਦਾਨ ਕੀਤੀ।