ਵਿਰਾਸਤ ਸੰਭਾਲ ਲਈ ਕੌਮੀ ਸੇਵਾ ਯੋਜਨਾ ਅਫ਼ਸਰਾਂ ਦੀ ਦੋ ਰੋਜਾ ਵਰਕਸ਼ਾਪ
ਖੇਤਰੀ ਕਲਾਵਾਂ ਅਤੇ ਸਭਿਆਚਾਰ ਹੀ ਦੇਸ ਦੀ ਅਸਲੀ ਪਹਿਚਾਣ-ਕੁਲਵਿੰਦਰ ਸਿੰਘ
5 Dariya News
ਬਠਿੰਡਾ 29-Sep-2018
ਭਾਰਤੀ ਕਲਾ ਅਤੇ ਸੱਭਿਆਚਾਰ ਦੇ ਕੌਮੀ ਟਰੱਸਟ ਵੱਲੋਂ ਕੌਮੀ ਸੇਵਾ ਯੋਜਨਾ ਅਫਸਰਾਂ ਦੀ ਦੋ ਦਿਨਾਂ ਵਰਕਸ਼ਾਪ ਪੁਲਿਸ ਪਬਲਿਕ ਸਕੂਲ ਬਠਿੰਡਾ ਵਿਖੇ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 48 ਅਧਿਆਪਕਾਂ ਦੁਆਰਾ ਕਲਾ ਅਤੇ ਵਿਰਸੇ ਨੂੰ ਦਰਸਾਉਦੀਆਂ ਗਤੀਵਿਧੀਆਂ ਰਾਹੀਂ ਸਿਖਲਾਈ ਪ੍ਰਾਪਤ ਕੀਤੀ ਗਈ। ਇਸ ਵਰਕਸ਼ਾਪ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਦੁਆਰਾ ਕੀਤਾ ਗਿਆ। ਪਹਿਲੇ ਸੈਸ਼ਨ ਵਿੱਚ ਵੱਖ-ਵੱਖ ਗਰੁੱਪਾਂ ਵਿੱਚ ਵਟਾਂਦਰਾ ਪ੍ਰੋਗਰਾਮ ਵਿੱਚ ਅੱਜ ਦੇ ਸੋਸਲ ਮੀਡੀਆ ਦੇ ਦੌਰ ਵਿੱਚ ਨਵੀਂ ਪੀੜੀ ਦਾ ਖੇਤਰੀ ਕਲਾਵਾਂ ਅਤੇ ਸੱਭਿਆਚਾਰ ਤੋਂ ਬੇਮੁੱਖ ਹੋਣ ਦੇ ਕਾਰਨਾਂ ਅਤੇ ਚੁਣੌਤੀਆਂ ਸੰਬੰਧੀ ਚਰਚਾ ਕੀਤੀ ਗਈ। ਲਾਭ ਸਿੰਘ ਸੰਧੂ ਦੁਆਰਾ ਬਠਿੰਡਾ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਦੀ ਇਤਿਹਾਸਿਕ ਤਸਵੀਰ ਪੇਸ਼ ਕੀਤੀ ਗਈ। ਇਸ ਮੌਕੇ ਇੰਡੀਅਨ ਕਲਚਰਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ਼ ਦੀ ਦਿੱਲੀ ਤੋਂ ਆਈ ਟੀਮ ਵਿੱਚੋਂ ਪੂਨਮ ਦੱਤਾ ਅਤੇ ਸੰਜੋਲੀ ਮਾਥੁਰ ਦੁਆਰਾ ਡਾਕੂਮੈਂਟਰੀ ਰਾਹੀਂ ਸੱਭਿਆਚਾਰਕ ਵਿਭਿੰਨਤਾਵਾਂ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ। ਖਾਣੇ ਤੋਂ ਬਾਅਦ ਸ਼ਾਮ ਦੇ ਸੈਸ਼ਨ ਵਿੱਚ ਰੁਪਿੰਦਰ ਸਿੰਘ, ਭੀਮ ਕੰਵਰ ਸਿੰਘ, ਗੁਰਦਿੱਤ ਸਿੰਘ ਨੇ ਟਰੱਸਟ ਦੁਆਰਾ ਪਿਛਲੇ ਸਮੇਂ ਦੌਰਾਨ ਵਿਰਾਸਤੀ ਇਮਾਰਤਾਂ ਅਤੇ ਖੇਤਰੀ ਦਰਖਤਾਂ ਦੇ ਅਲੋਪ ਹੋਣ ਸੰਬੰਧੀ ਜਾਣਕਾਰੀ ਦਿੰਦਿਆਂ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਵੀ ਦਿੱਤੀ। ਦੁੂਜੇ ਦਿਨ ਵਿਰਾਸਤੀ ਇਮਾਰਤਾਂ ਤੋ ਇਲਾਵਾ ਮਲੇ, ਡੇਲੇ, ਕਿੱਕਰਾਂ, ਚਿੱਬੜ ਜੋ ਇਸ ਇਲਾਕੇ ਦੀਆਂ ਜੀਵਨ ਲੋੜਾਂ ਦਾ ਅਹਿਮ ਹਿੱਸਾ ਹੋਇਆ ਕਰਦੇ ਸਨ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਸੁਖਦੇਵ ਸਿੰਘ ਸਟੇਟ ਕਨਵੀਨਰ ਦੁਆਰਾ ਸਕੂਲਾਂ ਵਿੱਚ ਵਿਰਾਸਤੀ ਕਲੱਬਾਂ ਦੀ ਸਥਾਪਨਾ ਬਾਰੇ ਜਾਣਕਾਰੀ ਦਿੱਤੀ।ਇਸ ਵਰਕਸ਼ਾਪ ਦੇ ਆਖਰੀ ਸੈਸ਼ਨ ਵਿੱਚ ਕਿਲਾ ਮੁਬਾਰਕ ਦੀ ਯਾਤਰਾ ਦੌਰਾਨ ਇਤਿਹਾਸਕ ਅਤੇ ਵਿਰਾਸਤੀ ਪਹਿਲੂਆਂ 'ਤੇ ਚਰਚਾ ਕੀਤੀ ਗਈ। ਭਾਗੀਦਾਰਾਂ ਨੂੰ ਸਰਟੀਫ਼ਿਕੇਟ, ਵਲੰਟੀਅਰ ਬੈਜ ਅਤੇ ਵਿਰਾਸਤੀ ਸਾਹਿਤ ਟੂਲ ਕਿੱਟ ਪ੍ਰਦਾਨ ਕਰਨ ਦੀ ਰਸਮ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਦੁਆਰਾ ਨਿਭਾਈ ਗਈ। ਉਨਾਂ ਕਿਹਾ ਕਿ ਜ਼ਿਲੇ ਦੀਆਂ ਸਾਰੀਆਂ ਕੌਮੀ ਸੇਵਾ ਯੋਜਨਾ ਇਕਾਈਆਂ ਅਲੋਪ ਹੋ ਰਹੀ ਵਿਰਾਸਤ ਅਤੇ ਕਲਾਵਾਂ ਨੂੰ ਸੰਭਾਲਣ ਅਤੇ ਨਵੀਂ ਪੀੜੀ ਤੱਕ ਲਿਜਾਣ ਦੀ ਪੁਰਜ਼ੋਰ ਕੋਸ਼ਿਸ ਕਰਨਗੀਆਂ।