ਝੋਨੇ ਦੀ ਖਰੀਦ ਦੇ ਪ੍ਰਬੰਧ ਮੁਕੰਮਲ, 15 ਲੱਖ 10 ਹਜ਼ਾਰ ਮੀਟਰਿਕ ਟਨ ਝੋਨਾ ਆਉਣ ਦੀ ਸੰਭਾਵਨਾ
101 ਖਰੀਦ ਕੇਂਦਰ ਸਥਾਪਿਤ, ਝੋਨੇ ਦੀ ਖਰੀਦ 'ਚ ਕੁਤਾਹੀ ਬਰਦਾਸ਼ਤ ਨਹੀਂ-ਡੀ.ਸੀ.
5 Dariya News
ਪਟਿਆਲਾ 26-Sep-2018
ਸਾਉਣੀ ਦੇ ਇਸ ਸੀਜਨ ਵਿੱਚ ਪਟਿਆਲਾ ਜ਼ਿਲ੍ਹੇ ਵਿੱਚ 15 ਲੱਖ 10 ਹਜ਼ਾਰ 797 ਮੀਟਰਿਕ ਟਨ ਦੇ ਕਰੀਬ ਝੋਨਾ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ। ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੀ ਸਰਕਾਰੀ ਖਰੀਦ ਲਈ ਜ਼ਿਲ੍ਹੇ ਵਿੱਚ 101 ਖਰੀਦ ਕੇਂਦਰ ਸਥਾਪਿਤ ਕਰਕੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਅੱਜ ਇੱਥੇ ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ, ਖਰੀਦ ਏਜੰਸੀਆਂ ਤੇ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ।ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਦੀ ਸਾਫ਼ ਸਫ਼ਾਈ, ਪੀਣ ਲਈ ਪਾਣੀ, ਰੋਸ਼ਨੀ ਤੇ ਕਿਸਾਨਾਂ ਦੇ ਰਹਿਣ ਲਈ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣ। ਉਹਨਾਂ ਦੱਸਿਆ ਕਿ ਝੋਨੇ ਦੀ ਸਰਕਾਰੀ ਖਰੀਦ ਲਈ ਏ ਗਰੇਡ ਦੇ ਝੋਨੇ ਦੀ ਖਰੀਦ 1770 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ ਜਾਣੀ ਹੈ ਪਰ ਨਾਲ ਹੀ ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਝੋਨੇ ਦਾ ਸਹੀ ਮੁੱਲ ਲੈਣ ਲਈ ਝੋਨੇ ਦੀ ਕਟਾਈ ਰਾਤ ਨੂੰ ਨਾ ਕੀਤੀ ਜਾਵੇ ਤੇ 17 ਫੀਸਦੀ ਨਮੀ ਤੋਂ ਵੱਧ ਦਾ ਝੋਨਾ ਮੰਡੀਆਂ ਵਿੱਚ ਨਾ ਲਿਆਂਦਾ ਜਾਵੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 13 ਲੱਖ 54 ਹਜ਼ਾਰ 974 ਮੀਟਰਿਕ ਟਨ ਝੋਨੇ ਦੀ ਖਰੀਦ ਹੋਈ ਸੀ ਪਰ ਇਸ ਸੀਜਨ ਵਿੱਚ ਇਹ ਵਧ ਕੇ 15 ਲੱਖ 10 ਹਜ਼ਾਰ 997 ਮੀਟਰਿਕ ਟਨ ਹੋਣ ਦੀ ਸੰਭਾਵਨਾ ਹੈ ਜੋ ਕਿ ਪਿਛਲੇ ਸਾਲ ਨਾਲੋਂ 11.05 ਫੀਸਦੀ ਵੱਧ ਹੈ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਅਤੇ ਆੜ੍ਹਤੀ ਐਸੋਸੀਏਸ਼ਨ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਖਰੀਦ ਪ੍ਰਬੰਧਾਂ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਉਹਨਾਂ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਮੰਡੀ ਬੋਰਡ ਨਾਲ ਰਾਬਤਾ ਕਰਕੇ 5 ਦਿਨ ਦੇ ਅੰਦਰ-ਅੰਦਰ ਮੰਡੀਆਂ ਵਿੱਚ ਸੜਕਾਂ 'ਤੇ ਪੈਚ ਵਰਕ ਦਾ ਕੰਮ ਮੁਕੰਮਲ ਕੀਤਾ ਜਾਵੇ।
ਮੀਟਿੰਗ ਵਿੱਚ ਹਾਜ਼ਰ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਸ਼੍ਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੰਡੀਆਂ ਵਿੱਚ ਲੇਬਰ ਤੇ ਟਰਾਂਸਪੋਰਟ ਦੀ ਟੈਂਡਰ ਪ੍ਰਕ੍ਰਿਆ ਮੁਕੰਮਲ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਝੋਨੇ ਦੀ ਖਰੀਦ ਲਈ 6 ਖਰੀਦ ਏਜੰਸੀਆਂ ਨੂੰ 40 ਹਜ਼ਾਰ 501 ਗੱਠਾਂ ਬਾਰਦਾਨੇ ਦੀ ਲੋੜ ਹੈ। ਜਿਸ ਵਿੱਚ ਹੁਣ ਤੱਕ 26745 ਗੱਠਾਂ ਬਾਰਦਾਨਾ ਪ੍ਰਾਪਤ ਹੋ ਚੁੱਕੀਆਂ ਹਨ ਜਦ ਕਿ ਬਾਕੀ ਬਾਰਦਾਨੇ ਦਾ ਪ੍ਰਬੰਧ ਰਾਇਮ ਮਿਲਰਾਂ ਵੱਲੋਂ ਕੀਤਾ ਜਾਣਾ ਹੈ ਉਹਨਾਂ ਦੱਸਿਆ ਕਿ ਸਟਾਫ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ।ਮੀਟਿੰਗ ਵਿੱਚ ਹਾਜ਼ਰ ਨਵੀਂ ਅਨਾਜ ਮੰਡੀ ਆੜ੍ਹਤੀਆ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਸ਼੍ਰੀ ਹਰਜੀਤ ਸਿੰਘ ਸ਼ੇਰੂ, ਆੜ੍ਹਤੀਆ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰੀ ਦੇਵੀ ਦਿਆਲ ਗੋਇਲ, ਪ੍ਰਧਾਨ ਸ਼੍ਰੀ ਮੁਲਕ ਰਾਜ, ਨਾਭਾ ਦੇ ਪ੍ਰਧਾਨ ਸ੍ਰੀ ਜੀਵਨ ਗੁਪਤਾ, ਸਮਾਣਾ ਦੇ ਪ੍ਰਧਾਨ ਸ਼੍ਰੀ ਤਰਸੇਮ, ਡਕਾਲਾ ਦੇ ਪ੍ਰਧਾਨ ਸ਼੍ਰੀ ਚਮਨ ਲਾਲ ਸਮੇਤ ਕਈ ਆੜ੍ਹਤੀਆਂ ਨੇ ਜਿੱਥੇ ਝੋਨੇ ਦੀ ਸੁਚਾਰੂ ਖਰੀਦ ਸਬੰਧੀ ਆਪਣੇ ਸੁਝਾਓ ਦਿੱਤੇ, ਉੱਥੇ ਹੀ ਹਾੜ੍ਹੀ ਦੇ ਸੀਜਨ ਦੌਰਾਨ ਕਣਕ ਦੀ ਸਹੀ ਖਰੀਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ।ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਨਾ ਆਉਣ ਦਿੱਤਾ ਜਾਵੇ ਅਤੇ ਰਾਤ ਨੂੰ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਇਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸ਼ੌਕਤ ਅਹਿਮਦ ਪਰੈ, ਸਹਾਇਕ ਕਮਿਸ਼ਨਰ ਆਈ.ਏ.ਐਸ. ਅੰਡਰ ਟਰੇਨਿੰਗ ਸ਼੍ਰੀ ਰਾਹੁਲ ਸਿੰਧੂ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀ ਨਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ: ਅਰਵਿੰਦਰ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ 'ਚੋਂ ਸ਼੍ਰੀ ਚਰਨ ਦਾਸ, ਸ਼੍ਰੀ ਨਰੇਸ਼ ਕੁਮਾਰ ਭੋਲਾ, ਸ਼੍ਰੀ ਰਣਧੀਰ ਸਿੰਘ ਤੇਜਾ, ਸ੍ਰੀ ਰਮੇਸ਼ ਸਿੰਗਲਾ, ਸ: ਸਵਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆੜ੍ਹਤੀ ਐਸੋਸੀਏਸ਼ਨਾਂ ਦੇ ਨੁਮਾਇੰਦੇ ਤੇ ਟਰਾਂਸਪੋਰਟਰਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।