ਪੁਲਿਸ ਲਾਈਨ ਵਿਖੇ ਲਗਾਇਆ ਵਿਸ਼ੇਸ਼ ਮੁਫ਼ਤ ਕੈਂਸਰ ਜਾਂਚ ਕੈਂਪ
200 ਤੋਂ ਵੱਧ ਪੁਲਿਸ ਮੁਲਾਜ਼ਮਾਂ ਅਤੇ ਪਰਿਵਾਰਕ ਮੈਂਬਰਾਂ ਦਾ ਮਾਹਿਰ ਡਾਕਟਰਾਂ ਨੇ ਕੀਤਾ ਚੈਕਅੱਪ
5 Dariya News
ਕਪੂਰਥਲਾ 26-Sep-2018
ਜ਼ਿਲਾ ਪੁਲਿਸ ਮੁਖੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਮੁਲਾਜ਼ਮਾਂ ਅਤੇ ਉਨਾ ਦੇ ਪਰਿਵਾਰਕ ਮੈਂਬਰਾਂ ਲਈ ਇਕ ਵਿਸ਼ੇਸ਼ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 200 ਤੋਂ ਵੱੱਧ ਪੁਲਿਸ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦਾ ਚੈਕਅੱਪ ਕੀਤਾ ਗਿਆ। ਵਰਲਡ ਕੈਂਸਰ ਕੇਅਰ ਸੰਸਥਾ ਦੀ ਸਹਾਇਤਾ ਨਾਲ ਲਗਾਏ ਇਸ ਕੈਂਪ ਦਾ ਉਦਘਾਟਨ ਡੀ. ਐਸ. ਪੀ ਕੰਟਰੋਲ ਰੂਮ ਸ੍ਰੀ ਰਜਿੰਦਰ ਕੁਮਾਰ ਨੇ ਕੀਤਾ। ਉਨਾਂ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਸੇਵਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਉਨਾਂ ਸੰਸਥਾ ਦੇ ਇਸ ਉਪਰਾਲੇ ਨੂੰ ਇਕ ਮਹਾਨ ਸੇਵਾ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਕੈਂਸਰ ਦਾ ਮੁਕੰਮਲ ਤੌਰ 'ਤੇ ਖ਼ਾਤਮਾ ਕਰਨ ਦੇ ਉਦੇਸ਼ ਨਾਲ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਵਰਲਡ ਕੈਂਸਰ ਕੇਅਰ ਵੱਲੋਂ ਐਮ. ਡੀ ਧਰਮਿੰਦਰ ਢਿੱਲੋਂ ਹਾਜ਼ਰ ਹੋਏ। ਉਨਾਂ ਦੱਸਿਆ ਕਿ ਇੰਗਲੈਂਡ ਨਿਵਾਸੀ ਸ. ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਂਸਡਰ ਵਰਲਡ ਕੈਂਸਰ ਕੇਅਰ ਵੱਲੋਂ ਚਲਾਈ ਜਾ ਰਹੀ ਇਹ ਸੰਸਥਾ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਕੇ ਕੈਂਸਰ ਦੇ ਮਹਿੰਗੇ ਟੈਸਟ ਬਿਲਕੁਲ ਮੁਫ਼ਤ ਕਰ ਰਹੀ ਹੈ। ਇਨਾਂ ਟੈਸਟਾਂ ਤੋਂ ਇਲਾਵਾ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਲੱਛਣਾਂ, ਇਲਾਜ ਅਤੇ ਰੋਕਥਾਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੱਸਾਂ ਵਿਚ ਬਣੇ ਛੋਟੇ ਸਿਨੇਮਾ ਤੇ ਕੈਸਰ ਜਾਗਰੂਕਤਾ ਫ਼ਿਲਮ ਦਿਖਾਈ ਜਾ ਰਹੀ ਹੈ ਅਤੇ ਇਸ਼ਤਿਹਾਰ ਵੰਡੇ ਜਾ ਰਹੇ ਹਨ ਤਾਂ ਜੋ ਲੋਕ ਇਸ ਬਿਮਾਰੀ ਦੇ ਲੱਛਣਾਂ ਨੂੰ ਸ਼ੁਰੂ ਵਿਚ ਹੀ ਫੜ ਕੇ ਆਪਣਾ ਇਲਾਜ ਕਰਵਾ ਸਕਣ। ਇਸ ਮੌਕੇ ਮਾਹਿਰ ਡਾਕਟਰਾਂ ਡਾ. ਨਵਨੀਤ ਕੌਰ, ਡਾ. ਦੀਕਸ਼ਾ, ਡਾ. ਪਾਰਥ ਅਤੇ ਡਾ. ਜਤਿਨ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਇਸ ਮੌਕੇ ਡੀ. ਐਸ. ਪੀ ਸੁਖਵਿੰਦਰ ਪਾਲ ਸਿੰਘ, ਐਸ. ਐਚ. ਓ ਸਿਟੀ ਸੁਖਦੇਵ ਸਿੰਘ, ਡੀ. ਐਸ. ਪੀ (ਡੀ) ਮਨਪ੍ਰੀਤ ਸਿੰਘ ਢਿੱਲੋਂ, ਐਸ. ਐਚ. ਓ ਸੁਰਜੀਤ ਸਿੰਘ ਪੱਤੜ ਤੇ ਹੋਰ ਅਧਿਕਾਰੀ ਹਾਜ਼ਰ ਸਨ।