ਡੀ.ਸੀ. ਢਿੱਲੋਂ ਨੇ ਜੀ.ਟੀ. ਰੋਡ 'ਤੇ ਓਵਰ ਬ੍ਰਿਜ ਨਜ਼ਦੀਕ ਬਰਸਾਤ ਕਾਰਨ ਸੜਕ ਦੀ ਬਰਮ ਦੇ ਟੁੱਟੇ ਕਿਨਾਰਿਆਂ ਦੀ ਕਰਵਾਈ ਮੁਰੰਮਤ ਸ਼ੁਰੂ
ਸਬੰਧਤ ਅਧਿਕਾਰੀਆਂ ਨੂੰ ਪੁਲ੍ਹ ਦੀ ਸੁਰੱਖਿਆ ਸਬੰਧੀ ਲਿਖਤੀ ਸਰਟੀਫਿਕੇਟ ਦੇਣ ਦੇ ਦਿੱਤੇ ਆਦੇਸ਼, ਅਧਿਕਾਰੀਆਂ ਨੂੰ ਮੁਰੰਮਤ ਦੀ ਲਗਾਤਾਰ ਨਿਗਰਾਨੀ ਕਰਨ ਦੇ ਦਿੱਤੇ ਆਦੇਸ਼
5 Dariya News
ਫ਼ਤਹਿਗੜ੍ਹ ਸਾਹਿਬ 26-Sep-2018
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਬੀਤੇ ਤਿੰਨ ਦਿਨ ਹੋਈ ਬਰਸਾਤ ਕਾਰਨ ਜੀ.ਟੀ. ਰੋਡ 'ਤੇ ਸਥਿਤ ਫਲੋਟਿੰਗ ਰੈਸਟੋਰੈਂਟ ਨੇੜੇ ਓਵਰ ਬ੍ਰਿਜ ਅਤੇ ਚਾਵਲਾ ਚੌਂਕ ਨਜ਼ਦੀਕ ਅਤੇ ਹੋਰ ਕਈ ਥਾਵਾਂ 'ਤੇ ਮਿੱਟੀ ਖਿਸਕਣ ਕਾਰਨ ਜੀ.ਟੀ. ਰੋਡ ਦੀ ਬਰਮ ਵਿੱਚ ਪਏ ਘਾਰਿਆਂ ਦਾ ਸੋਮਾ ਕੰਪਨੀ ਅਤੇ ਸਬੰਧਤ ਵਿਭਾਗ ਦੇ ਇੰਜਨੀਅਰਾਂ ਤੇ ਹੋਰ ਅਧਿਕਾਰੀਆਂ ਨਾਲ ਮੁਆਇਨਾ ਕੀਤਾ। ਉਨ੍ਹਾਂ ਮੌਕੇ 'ਤੇ ਹੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਅਤੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦੇ ਕੇ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾਵੇ ਕਿਊੁਂਕਿ ਜੀ.ਟੀ. ਰੋਡ ਤੋਂ ਲੰਘਣ ਵਾਲੇ ਹਜਾਰਾਂ ਯਾਤਰੀਆਂ ਦੀ ਸੁਰੱਖਿਆ ਦਾ ਸਵਾਲ ਉਨ੍ਹਾਂ ਕਿਹਾ ਕਿ ਇਨਸਾਨੀ ਜ਼ਿੰਦਗੀ ਤੋਂ ਵੱਡਾ ਹੋਰ ਕੁਝ ਨਹੀਂ ਹੈ ਅਤੇ ਕਿਸੇ ਵੀ ਅਧਿਕਾਰੀ ਦੀ ਅਣਗਹਿਲੀ ਕਾਰਨ ਮਨੁੱਖੀ ਜ਼ਿੰਦਗੀ ਦਾ ਕਿਸੇ ਵੀ ਤਰ੍ਹਾਂ ਦਾ ਹੋਇਆ ਨੁਕਸਾਨ ਬਰਦਾਸ਼ਤ ਕਰਨਯੋਗ ਨਹੀਂ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਫਲੋਟਿੰਗ ਰੈਸਟੋਰੈਂਟ ਨਜ਼ਦੀਕ ਬਣੇ ਭਾਖੜਾ ਨਹਿਰ 'ਤੇ ਬਣੇ ਪੁਲ੍ਹ ਦੇ ਕਿਨਾਰਿਆਂ ਦੀ ਮਜਬੂਤੀ ਨੂੰ ਵੀ ਤਕਨੀਕੀ ਤੌਰ 'ਤੇ ਟੈਸਟ ਕਰਕੇ ਰਿਪੋਰਟ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਸ. ਢਿੱਲੋਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਪੁਲ੍ਹ ਦੀ ਮਜਬੂਤੀ ਸਬੰਧੀ ਇੱਕ ਲਿਖਤੀ ਸਰਟੀਫਿਕੇਟ ਦਿੱਤਾ ਜਾਵੇ ਜਿਸ ਵਿੱਚ ਲਿਖਿਆ ਜਾਵੇ ਕਿ ਇਹ ਪੁਲ੍ਹ ਆਮ ਲੋਕਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ । ਉਨ੍ਹਾਂ ਸੋਮਾ ਕੰਪਨੀ ਦੇ ਇੰਜਨੀਅਰਾਂ ਨੂੰ ਇਹ ਵੀ ਕਿਹਾ ਕਿ ਪੁਲ੍ਹ ਦੇ ਆਲੇ ਦੁਆਲੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਾਫ ਸੁਥਰਾ ਬਣਾਇਆ ਜਾਵੇ । ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਫਲੋਟਿੰਗ ਰੈਸਟੋਰੈਂਟ ਨੂੰ ਜਾਣ ਵਾਲੇ ਰਸਤੇ ਨੂੰ ਵੀ ਪੂਰੀ ਤਰ੍ਹਾਂ ਮਜਬੂਤ ਅਤੇ ਸੁਰੱਖਿਅਤ ਬਣਾਇਆ ਜਾਵੇ ਅਤੇ ਜਿਥੇ ਵੀ ਸੜਕ ਦੀ ਮੁਰੰਮਤ ਹੋਣ ਵਾਲੀ ਹੈ ਉਥੇ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਅਧਿਕਾਰੀਆਂ ਤੋਂ ਬਿਨਾਂ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ, ਐਸ.ਡੀ.ਐਮ. ਅਮਲੋਹ ਸ਼੍ਰੀ ਆਨੰਦ ਸਾਗਰ ਸ਼ਰਮਾ, ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਸ਼੍ਰੀ ਬਲਜਿੰਦਰ ਸਿੰਘ ਅਤੇ ਸੋਮਾ ਕੰਪਨੀ ਦੇ ਸ਼੍ਰੀ ਸੰਜੇ ਮੋਰਿਆ ਵੀ ਮੌਜੂਦ ਸਨ।