5 Dariya News

ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤ

ਅੰਮ੍ਰਿਤਸਰ ਦੇ ਨਾਲ-ਨਾਲ ਪਾਕਿਸਤਾਨ ਵਿਚ ਵੀ ਸੁਣਿਆ ਜਾ ਸਕੇਗਾ ਇਹ ਰੇਡੀਓ

5 Dariya News

ਅੰਮ੍ਰਿਤਸਰ 24-Sep-2018

ਅੱਜ ਸਮਾਜਿਕ ਨਿਆਂ ਅਤੇ ਸ਼ਸਕਤੀਕਰਨ ਬਾਰੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਵੱਲੋਂ ਡਾ: ਏ: ਸੂਰੀਆ ਪ੍ਰਕਾਸ਼ ਚੇਅਰਮੈਨ ਪ੍ਰਸਾਰ ਭਾਰਤੀ ਦੇ ਨਾਲ ਆਲ ਇੰਡੀਆ ਰੇਡੀਓ ਦੀ 20 ਕਿਲੋਵਾਟ ਐਫ.ਐਮ ਟਰਾਂਸਮੀਟਰ  ਜੋ ਕਿ ਅਟਾਰੀ ਵਿਖੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਘਰਿੰਡਾ  ਵਿਖੇ ਸਥਿਤ ਹੈ, ਦਾ ਰਸਮੀ ਉਦਘਾਟਨ ਕੀਤਾ ਗਿਆ।  ਸਾਂਪਲਾ ਨੇ ਦੱਸਿਆ ਕਿ ਇਹ ਟਰਾਂਸੀਟਰ ਘਰੇਲੂ ਅਤੇ ਵਿਦੇਸ਼ੀ ਪ੍ਰਸਾਰਣ ਲਈ ਵਰਤਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟਰਾਂਸਮੀਟਰ ਤੋਂ ਚਲਾਏ ਗਏ ਪ੍ਰੋਗਰਾਮ ਪਾਕਿਸਤਾਨ ਦੇ 50 ਕਿਲੋਮੀਟਰ ਦੇ ਘੇਰੇ ਤੱਕ ਪਹੁੰਚਣਗੇ ਅਤੇ ਨਵਾਂ ਟਰਾਂਸਮੀਟਰ ਸਰਹੱਦ ਪਾਰ ਤੋਂ ਹੁੰਦੇ ਗਲਤ ਪ੍ਰਚਾਰ ਦਾ ਚੰਗੇ ਢੰਗ ਨਾਲ ਮੁਕਾਬਲਾ ਕਰ ਸਕੇਗਾ।  ਉਨ੍ਹਾਂ ਕਿਹਾ ਕਿ ਇਸ ਟਾਵਰ ਦੀ ਸਹਾਇਤਾ ਨਾਲ ਭਾਰਤ ਵਿਰੋਧੀ ਪ੍ਰਚਾਰ ਨੂੰ ਭਾਰਤ ਦੇ ਪੱਖ ਵਜੋਂ ਉਭਾਰਿਆ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ ਸ਼ਾਂਤੀ, ਮਾਨਵਤਾ ਅਤੇ ਭਾਈਚਾਰੇ ਨੂੰ ਮਜਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਦੇਸ ਪੰਜਾਬ ਚੈਨਲ ਜੋ ਕਿ 103.6 ਐਮ:ਐਚ:ਜੈਡ ਤੇ ਉਪਲਬੱਧ ਹੋਵੇਗਾ ਦਾ ਮੁੱਖ ਮਕਸਦ ਆਪਣੀ ਵਿਰਾਸਤੀ, ਸੰਸਕਿਤੀ ਅਤੇ ਸਮਾਚਾਰਾਂ ਨੂੰ ਆਪਣੇ ਗੁਆਂਢੀ ਦੇਸ਼ਾਂ ਤੱਕ ਪੁੱਜਦਾ ਕਰਨਾ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਅਮ੍ਰਿਤਸਰ ਟ੍ਰਾਂਸਮੀਟਰ ਵਧੀਆ ਗੁਣਵੱਤਾ ਵਾਲੇ ਰੇਡੀਓ ਸਿਗਨਲ ਨੂੰ ਯਕੀਨੀ ਬਣਾਵੇਗਾ ਅਤੇ ਸਥਾਨਕ ਆਬਾਦੀ ਦੇ ਨਾਲ-ਨਾਲ ਸਰਹੱਦ ਪਾਰ ਦੇ ਸਰੋਤਿਆਂ ਦੇ ਲੋਕਾਂ ਨੂੰ ਵੀ ਮਨੋਰੰਜਨ ਮੁਹੱਈਆ ਕਰਵਾਏਗਾ।

 ਇਸ ਸਮਾਗਮ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬ ਭਾਜਪਾ ਦੇ ਮੁਖੀ ਸ਼ਵੇਤ ਮਲਿਕ, ਸਾਬਕਾ ਸਿਹਤ ਮੰਤਰੀ ਪੰਜਾਬ ਲਕਸ਼ਮੀ ਕਾਂਤਾ ਚਾਵਲਾ ਅਤੇ ਰਜਿੰਦਰਮੋਹਨ ਸਿੰਘ ਛੀਨਾ ਨੇ ਵੀ ਇਸ ਟਰਾਂਸਮੀਟਰ ਨੂੰ ਚਾਲੂ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ। ਡਾ: ਏ: ਸੂਰੀਆ ਪ੍ਰਕਾਸ਼ ਚੇਅਰਮੈਨ ਪ੍ਰਸਾਰ ਭਾਰਤੀ ਨੇ ਦੱਸਿਆ ਕਿ ਪੰਜਾਬੀ ਪ੍ਰੋਗਰਾਮਾਂ ਦੇ ਨਾਲ-ਨਾਲ ਇਸ 'ਤੇ ਉਰਦੂ ਪ੍ਰੋਗਰਾਮ ਵੀ ਪ੍ਰਸਾਰਿਤ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਟਰਾਂਸਮੀਟਰ ਦੇ ਚਾਲੂ ਹੋਣ ਨਾਲ ਅਵਾਜ ਦੀ ਗੁਣਵਤਾ ਵਿਚ ਵੱਡਾ ਸੁਧਾਰ ਹੋਵੇਗਾ ਅਤੇ ਪ੍ਰੋਗਰਾਮਾਂ ਨੂੰ ਚੰਗੀ ਤਰ੍ਹਾਂ ਸੁਣਨ ਵਿੱਚ ਸਹਾਇਤਾ ਮਿਲੇਗੀ।  ਉਨਾਂ ਭਰੋਸਾ ਦਿੱਤਾ ਕਿ ਇਸ ਸੈੱਟ-ਅੱਪ ਤੋਂ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਸਮਗਰੀ ਵਿਰਾਸਤ ਅਤੇ ਸੱਭਿਆਚਾਰ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਜਾਵੇਗੀ।  ਉੁਨਾਂ ਦੱਸਿਆ ਕਿ ਸ਼ੁਰੂ ਵਿਚ ਇਹ ਟ੍ਰਾਂਸਮੀਟਰ  18 ਘੰਟਿਆਂ, ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਪ੍ਰੋਗਰਾਮ ਚਲਾਏਗਾ। ਉਨਾਂ ਕਿਹਾ ਕਿ ਕਰੀਬ 5.4 ਕਰੋੜ ਰੁਪਏ ਦੀ ਲਾਗਤ ਨਾਲ ਚਾਲੂ ਕੀਤਾ ਇਹ ਟਰਾਂਸਮੀਟਰ ਪੰਜਾਬੀ ਖਿੱਤੇ ਲਈ ਮਿਆਰੀ ਮਨੋਰੰਜਨ ਦੇਵੇਗਾ। ਇਸ ਮੌਕੇ ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਜਨਰਲ ਐੱਫ. ਸ਼ਹਰਯਾਰ , ਸ੍ਰੀ  ਸੀ.ਬੀ.ਐਸ. ਮੋਰਯਾ ਇੰਜੀਨੀਅਰ ਇਨ ਚੀਫ, ਏ ਡੀ ਜੀ ਈ ਓ. ਕੇ. ਸ਼ਰਮਾ, ਰਿਸ਼ੀ ਕਪੂਰ ਡਿਪਟੀ ਡਾਇਰੈਕਟਰ ਜਲੰਧਰ, ਆਰ.ਕੇ. ਜਰੰਗਲ ਡੀ.ਡੀ.ਜੀ. ਜਲੰਧਰ, ਪ੍ਰੋਗ੍ਰਾਮ ਦੇ ਮੁਖੀ ਸ੍ਰੀਮਤੀ ਸੰਤੋਸ਼ ਰਿਸ਼ੀ ਅਤੇ ਹੋਰ ਸੀਨੀਅਰ ਇੰਜੀਨੀਅਰਿੰਗ ਅਤੇ ਪ੍ਰੋਗਰਾਮ ਅਫਸਰ ਵੀ ਇਸ ਮੌਕੇ 'ਤੇ ਮੌਜੂਦ ਸਨ।