5 Dariya News

ਸ਼੍ਰੋਮਣੀ ਅਕਾਲੀ ਦਲ ਨੇ ਧਾਂਦਲੀਆਂ, ਜਿਆਦਤੀਆਂ ਅਤੇ ਝੂਠੇ ਦਰਜ ਕੇਸਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕੀਤੇ

ਪਾਰਟੀ ਜ਼ਬਰ ਦਾ ਸ਼ਿਕਾਰ ਹੋਏ ਹਰ ਵਰਕਰ ਨੂੰ ਹਰ ਸੰਭਵ ਮੱਦਦ ਦੇਵੇਗੀ : ਡਾ. ਦਲਜੀਤ ਸਿੰਘ ਚੀਮਾ

5 Dariya News

ਚੰਡੀਗੜ 24-Sep-2018

ਹੁਣੇ ਹੋਈਆਂ ਪੰਚਾਇਤ ਸੰਮਤੀ ਅਤੇ ਜਿਲਾ ਪ੍ਰੀਸ਼ਦ  ਦੀਆਂ ਚੋਣਾਂ ਵਿੱਚ ਵੱਡੇ ਪੱਧਰ ਤੇ ਹੋਈਆਂ ਧਾਂਦਲੀਆਂ ਅਤੇ ਜਿਆਦਤੀਆਂ ਦੀਆਂ ਖਬਰਾਂ ਆਉਣ ਤੋਂ ਬਾਅਦ ਪਾਰਟੀ ਦੀ ਕੱਲ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਸਾਰੇ ਪੰਜਾਬ ਤੋਂ ਇਹਨਾ ਜਿਆਦਤੀਆਂ ਦੇ ਵੇਰਵੇ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਚੋਣ ਪ੍ਰਕ੍ਰਿਆ ਸ਼ੁਰੂ ਹੋਣ ਤੋਂ ਲੈ ਕੇ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਹਰ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਖਿਲਾਫ ਬੇਹੱਦ ਜਿਆਦਤੀਆਂ ਹੋਈਆਂ ਹਨ ਜਿਹਨਾਂ ਵਿੱਚ ਅਕਾਲੀ-ਭਾਜਪਾ ਆਗੂਆਂ ਉੂਪਰ ਹਿੰਸਕ ਹਮਲੇ ਅਤੇ ਵੱਡੀ ਗਿਣਤੀ ਵਿੱਚ ਉਹਨਾਂ ਖਿਲਾਫ ਝੂਠੇ ਪਰਚੇ, ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਦੇ ਹੋਏ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਕੋਰ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਜਿੱਥੇ ਕਿਤੇ ਵੀ ਪਾਰਟੀ ਦੇ ਕਿਸੇ ਵੀ ਆਗੂ ਜਾਂ ਵਰਕਰ ਨਾਲ ਜਿਆਦਤੀ ਹੋਈ ਹੈ ਪਾਰਟੀ ਉਸ ਨਾਲ ਚਟਾਨ ਵਾਂਗ ਖੜੇਗੀ ਅਤੇ ਉਸਨੂੰ ਬਣਦਾ ਇਨਸਾਫ ਦੁਆਉਣ ਲਈ ਜੋ ਵੀ ਕਾਨੂੰਨੀ ਮੱਦਦ ਆਦਿ ਦੀ ਜ਼ਰੂਰਤ ਪਵੇਗੀ ਇਹ ਮੱਦਦ ਉਸਨੂੰ ਪਾਰਟੀ ਹਰ ਹਾਲਤ ਵਿੱਚ ਮੁਹੱਈਆਂ ਕਰਵਾਏਗੀ। 

ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਇਸ ਸਾਰੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਸਾਰੀਆਂ ਜਿਆਦਤੀਆਂ ਕਲਮਬੱਧ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਪਾਰਟੀ ਵੱਲੋਂ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੋਈ ਹੋਰ ਵੱਡਾ ਫੈਸਲਾ ਲੈਣਾ ਪਵੇ ਉਹ ਵੀ ਲਿਆ ਜਾ ਸਕੇ। ਉਹਨਾਂ ਦੱਸਿਆ ਕਿ ਜਿੱਥੇ ਫੌਜਦਾਰੀ ਨਾਲ ਸਬੰਧਤ ਕੇਸਾਂ ਦੀ ਡਿਟੇਲ ਮੰਗੀ ਗਈ ਹੈ, ਉਥੇ ਵੱਖ-ਵੱਖ ਤਰਾਂ ਦੀਆਂ ਚੋਣ ਧਾਂਦਲੀਆਂ, ਵੋਟਰ ਸੂਚੀਆਂ ਵਿੱਚ ਗੜਬੜੀਆਂ, ਵੱਡੇ ਪੱਧਰ ਤੇ ਗਿਣਤੀ ਵੇਲੇ ਵੋਟਾਂ ਕੈਂਸਲ ਹੋਣੀਆਂ, ਗਿਣਤੀ ਕੇਂਦਰਾਂ ਵਿੱਚ ਵਿਰੋਧੀਆਂ ਦੇ ਕਾਉਂਟਿੰਗ ਏਜੰਟਾ ਨੂੰ ਦਾਖਲ ਨਾ ਹੋਣ ਦੇਣਾ, ਪਾਰਟੀ ਦੇ ਜਿੱਤੇ ਹੋਏ ਉਮੀਦਵਾਰਾਂ ਨੂੰ ਧੱਕੇ ਨਾਲ ਬਾਹਰ ਕੱਢ ਕੇ ਕਾਂਗਰਸ ਦੇ ਹਾਰੇ ਹੋਏ ਉਮੀਦਵਾਰਾਂ ਨੂੰ ਜਬਰਦਸਤੀ ਗੈਰ-ਕਾਨੂੰਨੀ ਤਰੀਕੇ ਨਾਲ ਜੇਤੂ ਕਰਾਰ ਦੇਣਾ, ਵੱਖ-ਵੱਖ ਥਾਵਾਂ ਤੇ ਬੈਲਟ ਬਕਸਿਆਂ ਦੀਆਂ ਸੀਲਾਂ ਟੁੱਟੀਆਂ ਹੋਣ ਦੀਆਂ ਸ਼ਿਕਾਇਤਾਂ ਦੇ ਵੇਰਵੇ ਅਤੇ ਬਹੁਤ ਥਾਵਾਂ ਤੇ ਜਾਅਲੀ ਬੈਲਟ ਪੇਪਰ ਤਿਆਰ ਕੀਤੇ ਜਾਣਾ ਅਤੇ ਚੋਣ ਅਮਲੇ ਵਲੋਂ ਆਪ ਮੋਹਰਾਂ ਲਾ ਕੇ ਜਾਅਲੀ ਵੋਟਾਂ ਪਾਉੁਣ ਆਦਿ ਦੇ ਸਾਰੇ ਵੇਰਵੇ ਲਿਖਤੀ ਰੂਪ ਵਿੱਚ ਪਾਰਟੀ ਦੇ ਮੁੱਖ ਦਫਤਰ ਨੂੰ ਭੇਜਣ ਵਾਸਤੇ ਕਿਹਾ ਗਿਆ ਹੈ। 

ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਨੇ ਪੰਚਾਇਤ ਸੰਮਤੀਆਂ ਅਤੇ ਜਿਲਾ ਪੀਸ਼ਦਾਂ ਦੇ ਸਾਰੇ ਉਮੀਦਵਾਰਾਂ ਅਤੇ ਹਲਕਾ ਇੰਚਾਰਜਾਂ ਨੂੰ ਇਹ ਸਾਰੇ ਵੇਰਵੇ ਇੱਕ ਹਫਤੇ ਦੇ ਅੰਦਰ-ਅੰਦਰ ਲਿਖਤੀ ਰੂਪ ਵਿੱਚ ਪਾਰਟੀ ਦਫਤਰ ਨੂੰ ਭੇਜਣ ਵਾਸਤੇ ਕਿਹਾ ਗਿਆ ਹੈ। ਡਾ. ਚੀਮਾ ਨੇ ਅੱਗੇ ਕਿਹਾ ਕਿ ਵੇਰਵੇ ਪ੍ਰਾਪਤ ਹੋਣ ਤੇ ਪਾਰਟੀ ਵੱਲੋਂ ਆਪਣੇ ਕਾਨੂੰਨੀ ਮਾਹਿਰਾਂ ਨਾਲ ਰਾਏ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਜਿਸ ਵਿੱਚ ਇਹਨਾਂ ਸਾਰੀਆਂ ਗੈਰ-ਕਾਨੂੰਨੀ ਕਾਰਵਾਈਆਂ ਵਿੱਚ ਸ਼ਾਮਲ ਦੋਸ਼ੀ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਸਜ਼ਾਵਾਂ ਦੁਆਉਣ ਲਈ ਉਪਰਾਲੇ ਕੀਤੇ ਜਾਣਗੇ ਅਤੇ ਆ ਰਹੀਆਂ ਪੰਚਾਇਤੀ ਚੋਣਾਂ ਵਿੱਚ ਇਨਾਂ ਧਾਂਦਲੀਆਂ ਨੂੰ ਰੋਕਿਆ ਜਾ ਸਕੇ ਇਸ ਬਾਰੇ ਰੂਪ-ਰੇਖਾ ਉਲੀਕੀ ਜਾਵੇਗੀ। ਅਖੀਰ ਵਿੱਚ ਡਾ. ਚੀਮਾ ਨੇ ਕਿਹਾ ਕਿ ਜਿਸ ਤਰੀਕੇ ਕਾਂਗਰਸ ਸਰਕਾਰ ਅਤੇ ਪਾਰਟੀ ਨੇ ਚੋਣ ਕਮਿਸ਼ਨ ਅਤੇ ਬਾਕੀ ਅਮਲੇ ਨਾਲ ਮਿਲ ਕੇ ਪੰਜਾਬ ਵਿੱਚ ਵੱਡੇ ਪੱਧਰ ਤੇ ਚੋਣ ਫਰਾਡ ਕੀਤਾ ਹੈ ਇਹ ਸੂਬੇ ਅਤੇ ਦੇਸ਼ ਵਾਸਤੇ ਬੇਹੱਦ ਘਾਤਕ ਹੈ ਜਿਸ ਨਾਲ ਲੋਕਾਂ ਦਾ ਜ਼ਮਹੂਰੀਅਤ ਤੋਂ ਵਿਸ਼ਵਾਸ਼ ਘਟਿਆ ਹੈ। ਉਹਨਾਂ ਕਿਹਾ ਕਿ 7 ਅਕਤੂਬਰ ਦੀ ਪਟਿਆਲਾ ਰੈਲੀ ਵਿੱਚ ਇਹਨਾਂ ਸਾਰੀਆਂ ਲੋਕਤੰਤਰ ਦੇ ਘਾਣ ਦੀਆਂ ਸਾਜਿਸ਼ਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।