5 Dariya News

ਔਰਤਾਂ ਲਈ ਜ਼ਰੂਰੀ ਹੋਵੇ ਹੈਲਮੈਟ- ਤਰਕਸੀਲ

ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਫੈਸਲੇ ਦਾ ਸਮਰਥਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 20-Sep-2018

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਔਰਤਾਂ ਲਈ ਹੈਲਮਟ ਜ਼ਰੂਰੀ ਕੀਤੇ ਜਾਣ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਸੁਸਾਇਟੀ ਦਾ ਮੰਨਣਾ ਹੈ ਕਿ ਸੁਰੱਖਿਆ ਸੱਭ ਤੋਂ ਪਹਿਲਾਂ ਹੈ ਅਤੇ ਹੈਲਮੇਟ ਮੋਟਰਸਾਈਕਲ-ਸਕੂਟਰ ਚਾਲਕਾਂ 'ਚ ਸਿਰ ਦੀ ਸੱਟ ਰੋਕਣ ਲਈ ਪ੍ਰਭਾਵਸ਼ਾਲੀ ਤਰੀਕਾ ਹੈ। ਇੱਥੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੀ ਮੀਟਿੰਗ ਦੌਰਾਨ ਸੁਸਾਇਟੀ ਆਗੂਆਂ ਨੇ ਕਿਹਾ ਕਿ ਹੈਲਮੇਟ ਜਿਥੇ ਸਾਡੀ ਖੋਪੜੀ (skull) ਅਤੇ ਦਿਮਾਗ (brain) ਦੀ ਰੱਖਿਆ ਕਰਦਾ ਹੈ ਉੱਥੇ ਸਾਡੇ ਚਿਹਰੇ ਨੂੰ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ। ਆਗੂਆਂ ਨੇ ਕਿਹਾ ਕਿ ਹੋਰ ਮਨੁੱਖੀ ਅੰਗਾਂ 'ਤੇ ਵੱਜੀ ਸੱਟ ਨੂੰ ਠੀਕ ਕੀਤਾ ਜਾ ਸਕਦਾ ਹੈ ਪ੍ਰੰਤੂ ਦਿਮਾਗੀ ਸੱਟ ਬਹੁਤ ਹੀ ਖ਼ਤਰਨਾਕ ਤੇ ਨੁਕਸਾਨਦਾਇਕ ਹੈ ਜਿਸ ਤੋਂ ਉਭਰਨਾ ਬਹੁਤ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਪੀਜੀਆਈ ਦੇ ਟ੍ਰਾਮਾ ਸੈਂਟਰ ਵਿੱਚ ਰੋਜ਼ਾਨਾ ਕਰੀਬ 35 ਕੇਸ ਸੜ੍ਹਕ ਹਾਦਸਿਆਂ ਦੇ ਆਉਂਦੇ ਹਨ ਜਿਹਨਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹੁੰਦੀਆਂ ਹਨ। ਇਹਨਾਂ ਵਿੱਚੋਂ ਕਰੀਬ ਦੋ ਦਰਜਣ ਲੋਕਾਂ ਦੇ ਦਿਮਾਗ ਦੇ ਅਪ੍ਰੇਸ਼ਨ ਕਰਨੇ ਪੈਂਦੇ ਹਨ ਤੇ ਇੱਕ ਜਾਂ ਦੋ ਮੌਤਾਂ ਰੋਜ਼ਾਨਾ ਹੁੰਦੀਆਂ ਹਨ ਜੋ ਬਚਾਈਆਂ ਜਾ ਸਕਦੀਆਂ ਹਨ। ਤਰਕਸ਼ੀਲ ਆਗੂਆਂ ਨੇ ਇਹ ਵੀ ਕਿਹਾ ਕਿ ਪੂਰੇ ਮੂੰਹ 'ਤੇ ਪਾਇਆ ਹੈਲਮੇਟ ਸਾਡੀ ਖੋਪੜੀ ਦੇ ਉਪਰਲੇ ਹਿੱਸੇ ਦੀਆਂ ਅੱਠ ਅਤੇ ਚਿਹਰੇ ਦੀਆਂ ਚੌਦਾਂ ਮਹੱਤਵਪੂਰਨ ਹੱਡੀਆਂ/ਅੰਗਾਂ ਦੀ ਰੱਖਿਆ ਕਰਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਹੈਲਮੇਟ 'ਤੇ ਸਬਸਿਡੀ ਦੇਣੀ ਚਾਹੀਦੀ ਹੈ ਤਾਂਕਿ ਵਧੀਆ ਹੈਲਮੇਟ ਆਮ ਲੋਕਾਂ ਦੀ ਪਹੁੰਚ 'ਚ ਹੋਣ ਕਿਉਂਕਿ ਖਰਾਬ ਕੁਆਲਟੀ ਦਾ ਪਾਇਆ ਹੈਲਮੇਟ ਨਾ ਪਾਏ ਸਮਾਨ ਹੀ ਹੈ। 

ਵਿਰੋਧ ਕਰਨ ਵਾਲ਼ੇ ਆਪ ਘੁੰਮਦੇ ਹਨ ਕਾਰਾਂ 'ਚ

ਤਰਕਸ਼ੀਲ ਆਗੂਆਂ ਨੇ ਕਿਹਾ ਕਿ ਹੈਲਮੇਟ ਦਾ ਵਿਰੋਧ ਕਰਨ ਵਾਲ਼ੇ ਜ਼ਿਆਦਾਤਰ ਆਗੂ ਆਪ ਕਾਰਾਂ 'ਚ ਘੁੰਮਦੇ ਹਨ। ਸੁਸਾਇਟੀ ਮੁਤਾਬਿਕ ਧਾਰਮਿਕ ਆਗੂਆਂ ਨੂੰ ਧਰਮ ਦੀ ਆੜ ਹੇਠ ਗੈਰ ਵਾਜਬ ਮੰਗ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਸਾਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜਿਸ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਧਰਮ, ਸੁਰੱਖਿਆ ਉਪਰਾਲਿਆਂ ਤੋਂ ਉੱਪਰ ਨਹੀਂ ਹੈ।