5 Dariya News

19 ਸਤੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਜ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ 2500 ਕਰਮਚਾਰੀ ਕੀਤੇ ਗਏ ਤਾਇਨਾਤ : ਸ਼ਿਵਦੁਲਾਰ ਸਿੰਘ ਢਿੱਲੋਂ

ਜ਼ਿਲ੍ਹੇ ਦੇ 3 ਲੱਖ 3 ਹਜ਼ਾਰ 747 ਵੋਟਰ ਕਰਨਗੇ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ

5 Dariya News

ਫ਼ਤਹਿਗੜ੍ਹ ਸਾਹਿਬ 13-Sep-2018

19 ਸਤੰਬਰ ਨੂੰ ਹੋਣ ਵਾਲੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਜ਼ਿਲ੍ਹੇ ਦੇ 3 ਲੱਖ 3 ਹਜਾਰ 747 ਵੋਟਰ ਜ਼ਿਲ੍ਹਾ ਪ੍ਰੀਸ਼ਦ ਦੇ 10 ਅਤੇ ਪੰਚਾਇਤ ਸੰਮਤੀਆਂ ਦੇ 77 ਮੈਂਬਰਾਂ ਦੀ ਚੋਣ ਕਰਨ ਲਈ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿੱਚੋਂ 1 ਲੱਖ 43 ਹਜਾਰ 67 ਮਹਿਲਾ ਵੋਟਰ, 1 ਲੱਖ 60 ਹਜਾਰ 680 ਮਰਦ ਅਤੇ ਇੱਕ ਤੀਜੇ ਲਿੰਗ ਦਾ ਵੋਟਰ ਸ਼ਾਮਲ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਬੱਚਤ ਭਵਨ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਚੋਣ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀਆਂ 429 ਗ੍ਰਾਮ ਪੰਚਾਇਤਾਂ ਵਿੱਚ 483 ਪੋਲਿੰਗ ਸਟੇਸ਼ਨਾਂ ਦੀ ਸਥਾਪਨਾਂ ਕੀਤੀ ਗਈ ਸੀ, ਪ੍ਰੰਤੂ 21 ਉਮੀਦਵਾਰਾਂ ਦੇ ਬਿਨਾਂ ਮੁਕਾਬਲਾ ਜੇਤੂ ਰਹਿਣ ਕਾਰਨ, ਹੁਣ 391 ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਪੈਣਗੀਆਂ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਪੰਜ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 72 ਸੁਪਰਵਾਈਜ਼ਰ ਅਤੇ ਲਗਭਗ 2500 ਕਰਮਚਾਰੀਆਂ ਨੂੰ ਪੋਲਿੰਗ ਡਿਊਟੀ 'ਤੇ ਲਗਾਇਆ ਗਿਆ ਹੈ। ਉਨ੍ਹਾਂ ਸਮੂਹ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕੀਤੀ ਕਿ ਬੈਲਟ ਪੇਪਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਚੋਣ ਪ੍ਰਕ੍ਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਸਟਰਾਂਗ ਰੂਮ ਵਿੱਚ ਬੈਲਟ ਪੇਪਰ ਰੱਖਣ ਤੇ ਕੱਢਣ ਮੌਕੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਾਲ ਰੱਖਿਆ ਜਾਵੇ। 

ਉਨ੍ਹਾਂ ਸਮੂਹ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਚੋਣਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਵਿੱਚ ਕਿਸੇ ਕਿਸਮ ਦੀ ਕੋਤਾਹੀ ਨਾ ਵਰਤੀ ਜਾਵੇ ਅਤੇ ਆਪਣੀ ਡਿਊਟੀ ਬਿਨਾਂ ਕਿਸੇ ਦਬਾਅ ਤੋਂ ਇਮਾਨਦਾਰੀ ਨਾਲ ਨਿਭਾਈ ਜਾਵੇ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁੱਖੀ ਸ਼੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਚੋਣ ਪ੍ਰਕ੍ਰਿਆ ਨੂੰ ਅਮਨ ਤੇ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜਨ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਨਜਰੀਏ ਨਾਲ ਸ਼ਨਾਖਤ ਕੀਤੇ ਨਾਜ਼ੁਕ ਪੋਲਿੰਗ ਸਟੇਸ਼ਨਾਂ 'ਤੇ ਚੋਣਾਂ ਦੌਰਾਨ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਮੀਟਿੰਗ ਵਿੱਚ ਐਸ.ਪੀ. (ਡੀ) ਸ. ਹਰਪਾਲ ਸਿੰਘ, ਐਸ.ਪੀ. (ਐਚ) ਸ. ਰਵਿੰਦਰਪਾਲ ਸਿੰਘ ਸੰਧੂ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾਕਟਰ ਵਿਜੇ, ਐਸ.ਡੀ.ਐਮ. ਅਮਲੋਹ ਸ਼੍ਰੀ ਆਨੰਦ ਸਾਗਰ ਸ਼ਰਮਾ, ਐਸ.ਡੀ.ਐਮ. ਬਸੀ ਪਠਾਣਾ ਸ. ਜਗਦੀਸ਼ ਸਿੰਘ ਜੋਹਲ, ਐਸ.ਡੀ.ਐਮ. ਖਮਾਣੋਂ ਸ਼੍ਰੀ ਪਰਮਜੀਤ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਚਰਨਜੀਤ ਸਿੰਘ, ਡੀ.ਡੀ.ਪੀ.ਓ. ਸ਼੍ਰੀ ਅਮਰੀਕ ਸਿੰਘ ਸਿੱਧੂ ਤੇ ਏ.ਪੀ.ਓ. ਵਿਜੇ ਧੀਰ ਤੋਂ ਇਲਾਵਾ ਸਮੂਹ ਡੀ.ਐਸ.ਪੀਜ਼ ਤੇ ਬੀ.ਡੀ.ਪੀ.ਓਜ਼ ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਲ ਹੋਏ।