5 Dariya News

ਨਿਤਿਨ ਗਡਕਰੀ ਨੇ ਸੁਖਬੀਰ ਬਾਦਲ ਨੂੰ ਜਲੰਧਰ- ਅਜਮੇਰ ਸ਼ਰੀਫ ਐਕਸਪ੍ਰੈਸਵੇਅ ਦੀ ਉਸਾਰੀ ਰਾਸ਼ਟਰੀ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ 'ਚ ਕਰਵਾਉਣ ਦਾ ਭਰੋਸਾ ਦਿਵਾਇਆ

ਨਿਤਿਨ ਗਡਕਰੀ ਨੇ ਸੁਖਬੀਰ ਬਾਦਲ ਨੂੰ ਜਲੰਧਰ- ਅਜਮੇਰ ਸ਼ਰੀਫ ਐਕਸਪ੍ਰੈਸਵੇਅ ਦੀ ਉਸਾਰੀ ਰਾਸ਼ਟਰੀ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ 'ਚ ਕਰਵਾਉਣ ਦਾ ਭਰੋਸਾ ਦਿਵਾਇਆ ਗਡਕਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਕੰਬਾਈਨ ਹਾਰਵੈਸਟਰਾਂ ਨੂੰ ਰਜਿਸਟਰੇਸ਼ਨ ਫੀਸ ਤੋਂ ਛੋਟ ਦਿੱਤੀ ਜਾਵੇਗੀ

5 Dariya News

ਨਵੀਂ ਦਿੱਲੀ 12-Sep-2018

ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਦੀ ਜਲੰਧਰ- ਅਜਮੇਰ ਸ਼ਰੀਫ ਐਕਸਪ੍ਰੈਸਵੇਅ ਦੀ ਉਸਾਰੀ ਰਾਸ਼ਟਰੀ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ 'ਚ ਕਰਵਾਉਣ ਦੀ ਗੁਜਾਰਿਸ਼ ਨੂੰ ਸਵੀਕਾਰ ਕਰ ਲਿਆ ਹੈ।ਅੱਜ ਜਦੋਂ ਅਕਾਲੀ ਦਲ ਦੇ ਪ੍ਰਧਾਨ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਨੂੰ ਮਿਲੇ ਤਾਂ ਉਹਨਾਂ ਨੇ ਇਸ ਪ੍ਰਾਜੈਕਟ ਨੂੰ ਪਹਿਲੇ ਪੜਾਅ ਵਿਚ ਸ਼ੁਰੂ ਕਰਵਾਉਣ ਦਾ ਭਰੋਸਾ ਦਿਵਾਇਆ।ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀ ਗਡਕਰੀ ਨੂੰ ਦੱਸਿਆ ਕਿ ਪੰਜਾਬ ਵਿਚ ਵਪਾਰੀਆਂ ਨੂੰ  ਮੁੰਬਈ ਤੋਂ ਦੂਜੇ ਤੱਟਾਂ ਉੱਤੇ ਸਮਾਨ ਪਹੁੰਚਾਉਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਜਿਸ ਕਰਕੇ ਇਸ ਪ੍ਰਾਜੈਕਟ ਉੱਤੇ ਤੇਜ਼ੀ ਨਾਲ ਕੰਮ ਸ਼ੁਰੂ ਕਰਨ ਦੀ ਸਖ਼ਤ ਲੋੜ ਹੈ। ਉਹਨਾਂ ਕਿਹਾ ਕਿ ਜਲੰਧਰ-ਅਜਮੇਰ ਸ਼ਰੀਫ ਐਕਸਪ੍ਰੈਸਵੇਅ, ਜੋ ਕਿ ਅੱਗੇ ਮੁੰਬਈ ਨਾਲ ਸੰਪਰਕ ਜੋੜਦਾ ਹੈ,ਦਿੱਲੀ ਵਿਚੋਂ ਬਾਈਪਾਸ ਹੁੰਦਾ ਹੋਇਆ ਤੇਲ ਦੇ ਨਾਲ ਨਾਲ ਮੁੰਬਈ ਜਾਣ ਦਾ ਸਮਾਂ ਵੀ 2 ਦਿਨ ਘਟਾ ਦੇਵੇਗਾ। ਉਹਨਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ ਵਿਚ ਤਬਦੀਲ ਕਰਨ ਨਾਲ ਪੰਜਾਬ ਵਿਚ ਉਦਯੋਗ ਅਤੇ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ।

ਸੁਖਬੀਰ ਸਿੰਘ ਬਾਦਲ ਨੇ ਆਪਣੀ ਬੇਨਤੀ ਸਵੀਕਾਰ ਕਰਨ ਲਈ ਸ੍ਰੀ ਗਡਕਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਦੋਂ ਉਹਨਾਂ ਨੇ ਇਹ ਮਸਲਾ ਸ੍ਰੀ ਗਡਕਰੀ ਕੋਲ ਉਠਾਇਆ ਸੀ ਤਾਂ ਉਹਨਾਂ ਨੇ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਸੀ।ਇਸੇ ਦੌਰਾਨ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਗਡਕਰੀ ਨੂੰ ਅਪੀਲ ਕੀਤੀ ਕਿ ਉਹ ਕੰਬਾਈਨ ਹਾਰਵੈਸਟਰ ਨੂੰ 'ਉਸਾਰੀ ਸੰਦ ਵਾਹਨ ਅਤੇ ਕੰਬਾਇਨ ਹਾਰਵੈਸਟਰ' ਵਾਲੀ ਸ਼੍ਰੇਣੀ ਵਿਚੋਂ ਕੱਢ ਕੇ 'ਖੇਤੀਬਾੜੀ ਸੰਦ' ਵਿਚ ਪਾ ਦੇਣ, ਜਿਸ ਨਾਲ ਜ਼ਿਲਾ ਆਵਾਜਾਈ ਅਧਿਕਾਰੀਆਂ ਵੱਲੋਂ ਕੰਬਾਇਨ ਹਾਰਵੈਸਟਰਾਂ ਨੂੰ 'ਕਮਰਸ਼ੀਅਲ ਵਾਹਨ' ਸਮਝ ਕੇ ਵਸੂਲੀ ਜਾਂਦੀ ਰਜਿਸਟਰੇਸ਼ਨ ਫੀਸ ਸੰਬੰਧੀ ਭੁਲੇਖਾ ਦੂਰ ਹੋ ਜਾਵੇ। ਆਵਾਜਾਈ ਮੰਤਰੀ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਟਰੈਕਟਰਾਂ ਨੂੰ ਪਹਿਲਾਂ ਹੀ 'ਖੇਤੀਬਾੜੀ ਸੰਦ' ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ, ਜਿਸ ਕਰਕੇ ਉਹਨਾਂ ਉੱਤੇ ਕੋਈ ਰਜਿਸਟਰੇਸ਼ਨ ਫੀਸ ਨਹੀਂ ਵਸੂਲੀ ਜਾਂਦੀ। ਉਹਨਾਂ ਕਿਹਾ ਕਿ ਕੰਬਾਇਨ ਹਾਰਵੈਸਟਰ ਵੀ ਸਿਰਫ ਫਸਲਾਂ ਦੀ ਕਟਾਈ ਲਈ ਇਸਤੇਮਾਲ ਹੁੰਦੇ ਹਨ, ਇਸ ਲਈ ਇਹਨਾਂ ਨੂੰ ਵੀ ਮੋਟਰ ਵਾਹਨ ਐਕਟ ਤਹਿਤ ਖੇਤੀਬਾੜੀ ਸੰਦ ਹੀ ਸਮਝਿਆ ਜਾਣਾ ਚਾਹੀਦਾ ਹੈ।ਇਸ ਬੇਨਤੀ ਉੱਤੇ ਤੁਰੰਤ ਗੌਰ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਕੰਬਾਇਨ ਹਾਰਵੈਸਟਰਾਂ ਨੂੰ ਰਜਿਸਟਰੇਸ਼ਨ ਫੀਸ ਤੋਂ ਛੋਟ ਦਿੱਤੀ ਜਾਵੇਗੀ ਅਤੇ ਕਿਹਾ ਕਿ ਇਸ ਸੰਬੰਧੀ ਲੋੜੀਂਦੇ ਨਿਰਦੇਸ਼ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ। ਇਸ ਮੌਕੇ ਤੇ ਮੌਜੂਦ ਆਲ ਇੰਡੀਆ ਕੰਬਾਇਨ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਬੀਬੀ ਬਾਦਲ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਪੂਰੀ ਸਰਗਰਮੀ ਵਿਖਾਉਂਦੇ ਹੋਏ ਸ੍ਰੀ ਗਡਕਰੀ ਤੋਂ ਕੰਬਾਇਨ ਹਾਰਵੈਸਟਰਾਂ ਨੂੰ ਰਜਿਸਟਰੇਸ਼ਨ ਫੀਸ ਦੀ ਛੋਟ ਦਿਵਾਈ ਅਤੇ ਇਹ ਵੱਡੀ ਰਾਹਤ ਦੇਣ ਲਈ ਸ੍ਰੀ ਗਡਕਰੀ ਦਾ ਵੀ ਧੰਨਵਾਦ ਕੀਤਾ।