ਆਉਂਦੇ ਤਿੰਨ ਸਾਲਾਂ ਦੌਰਾਨ ਅਧਿਆਪਕਾਂ ਦੀ ਨਹੀਂ ਕੀਤੀ ਜਾਵੇਗੀ ਬਦਲੀ - ਓਮ ਪ੍ਰਕਾਸ਼ ਸੋਨੀ
ਨਕਲ ਨੂੰ ਪਾਈ ਜਾਵੇਗੀ ਨਕੇਲ, ਰਾਸਾ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਅਧਿਆਪਕ ਸਨਮਾਨ ਸਮਾਰੋਹ
5 Dariya News
ਅੰਮ੍ਰਿਤਸਰ 10-Sep-2018
ਅੱਜ ਸਕੂਲਾਂ ਦੀ ਮਾਨਤਾ ਪ੍ਰਾਪਤ ਐਫੀਲੀਏਟਿਡ ਐਸੋਸੀਏਸ਼ਨ (ਰਾਸਾ) ਵੱਲੋਂ ਸਥਾਨਕ ਵਿਰਸਾ ਵਿਹਾਰ ਕੇਂਦਰ ਵਿਖੇ ਰਾਜ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਰਾਸਾ ਨਾਲ ਸਬੰਧਤ ਸਕੂਲਾਂ ਦੇ 250 ਤੋਂ ਵੱਧ ਅਧਿਆਪਕਾਂ ਨੂੰ ਸਨਮਾਨਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਓਮ ਪ੍ਰਕਾਸ਼ ਸੋਨੀ ਸਿਖਿਆ ਤੇ ਵਾਤਾਵਰਣ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਨਮਾਨ ਸਮਾਰੋਹ ਦੌਰਾਨ ਬੋਲਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਸਮਾਜ ਵਿੱਚ ਸਭ ਤੋਂ ਉਚਾ ਰੁਤਬਾ ਅਧਿਆਪਕਾਂ ਦਾ ਹੁੰਦਾ ਹੈ ਅਤੇ ਅਧਿਆਪਕ ਹੀ ਬੱਚਿਆਂ ਦੇ ਆਉਣ ਵਾਲੇ ਭੱਵਿੱਖ ਦਾ ਨਿਰਮਾਣ ਕਰਦੇ ਹਨ। ਸ੍ਰੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਪੜਾਉਣ। ਸ੍ਰੀ ਸੋਨੀ ਨੇ ਸਨਮਾਨਤ ਹੋਣ ਵਾਲੇ ਅਧਿਆਪਕਾਂ ਨੂੰ ਕਿਹਾ ਕਿ ਤੁਹਾਡੀ ਡਿਊਟੀ ਹੋਰ ਵੀ ਵੱਧ ਜਾਂਦੀ ਹੈ ਕਿ ਤੁਸੀਂ ਬੱਚਿਆਂ ਨੂੰ ਚੰਗੀ ਸਿਖਿਆ ਪ੍ਰਦਾਨ ਕਰੋ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪ੍ਰਤੀਬੱਧਤਾ ਨਾਲ ਬੱਚਿਆਂ ਨੂੰ ਸਿਖਿਆ ਦਿਓਗੇ। ਸਿਖਿਆ ਮੰਤਰੀ ਨੇ ਕਿਹਾ ਕਿ ਬਾਰਡਰ ਏਰੀਏ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰ ਦਿੱਤਾ ਗਿਆ ਹੈ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ ਦੀ ਬਦਲੀਆਂ ਕਰ ਦਿੱਤੀਆਂ ਹਨ ਹੁਣ ਆਉਂਦੇ ਤਿੰਨ ਸਾਲਾਂ ਵਿੱਚ ਕਿਸੇ ਵੀ ਅਧਿਆਪਕ ਦੀ ਬਦਲੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੇਵਲ ਉਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਤੇ ਗੌਰ ਕੀਤਾ ਜਾਵੇਗਾ ਜਿਹੜੇ ਕਿਸੇ ਬਿਮਾਰੀ ਨਾਲ ਪੀੜਤ ਜਾਂ ਦਿਵਿਆਂਗ ਹੋਣਗੇ।
ਸਿਖਿਆ ਮੰਤਰੀ ਨੇ ਦੱਸਿਆ ਕਿ ਕਿਸੇ ਵੀ ਸਕੂਲ ਵਿੱਚ ਨਕਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ 'ਤੇ ਸਖਤੀ ਨਾਲ ਨਕੇਲ ਪਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਨਕਲ ਦੇ ਦੌਰਾਨ ਬੱਚਿਆਂ ਦਾ ਭਵਿੱਖ ਖਰਾਬ ਹੁੰਦਾ ਹੈ। ਉਨ੍ਹਾਂ ਨੇ ਸਮਾਰੋਹ ਦੌਰਾਨ ਰਾਸਾ ਦੇ ਸਕੂਲਾਂ ਕੋਲੋਂ ਪ੍ਰਣ ਲਿਆ ਕਿ ਉਹ ਆਪੋ ਆਪਣੇ ਸਕੂਲ ਵਿੱਚ ਨਕਲ ਨੂੰ ਸਖਤੀ ਨਾਲ ਰੋਕਣਗੇ। ਸਿਖਿਆ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪੰਜਾਬ ਨੂੰ 4 ਜੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਸਾਰੇ ਸਿਖਿਆ ਅਧਿਕਾਰੀ ਸਰਕਾਰੀ ਸਕੂਲਾਂ ਦੀ ਚੈਕਿੰਗ ਨੂੰ ਲਗਾਤਾਰ ਜਾਰੀ ਰੱਖਣਗੇ। ਸ੍ਰੀ ਸੋਨੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਨੂੰ ਸਿਖਿਆ ਪੱਖੋਂ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਲਿਆਂਦਾ ਜਾਵੇਗਾ ਅਤੇ ਸਾਰੇ ਸਰਕਾਰੀ ਸਕੂਲਾਂ ਦੀਆਂ ਵਧੀਆ ਇਮਾਰਤਾਂ ਅਤੇ ਸਮਾਰਟ ਕਲਾਸਾਂ, ਕੰਪਿਊਟਰ ਅਤੇ ਇੰਟਰਨੈਟ ਨਾਲ ਲੈਸ ਕੀਤਾ ਜਾਵੇਗਾ। ਇਸ ਸਨਮਾਨ ਸਮਾਰੋਹ ਦੌਰਾਨ ਸ੍ਰੀ ਸੋਨੀ ਨੇ ਰਾਸਾ ਸਕੂਲਾਂ ਦੇ ਕਰੀਬ 250 ਅਧਿਆਪਕਾਂ ਨੂੰ ਸਨਮਾਨਤ ਕੀਤਾ। ਇਸ ਸਮਾਰੋਹ ਦੌਰਾਨ ਰਾਸਾ ਵੱਲੋਂ ਵੀ ਸ੍ਰੀ ਸੋਨੀ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਰਾਸਾ ਦੇ ਜਨਰਲ ਸਕੱਤਰ ਸ੍ਰੀ ਕੁਲਵੰਤ ਰਾਏ ਸ਼ਰਮਾ ਨੇ ਸਕੂਲਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਸਿਖਿਆ ਮੰਤਰੀ ਨੂੰ ਜਾਣੂੰ ਕਰਵਾਇਆ। ਇਸ ਮੌਕੇ ਜਿਲ੍ਹਾ ਸਿਖਿਆ ਅਧਿਕਾਰੀ ਐਸ:ਐਸ:ਸਮਰਾ ਵੱਲੋਂ ਸਿਖਿਆ ਮੰਤਰੀ ਨੂੰ ਜੀ ਆਇਆ ਕਿਹਾ ਗਿਆ। ਇਸ ਸਮਾਰੋਹ ਵਿੱਚ ਸ੍ਰੀ ਜਤਿੰਦਰਪਾਲ ਸਿੱਧੂ ਪ੍ਰਿੰਸੀਪਲ ਨੈਸ਼ਨਲ ਐਵਾਰਡੀ, ਸ੍ਰੀ ਕੁਲਵੰਤ ਰਾਏ ਸ਼ਰਮਾ ਜਨਰਲ ਸਕੱਤਰ ਰਾਸਾ, ਡਾ: ਰਵਿੰਦਰ ਸਿੰਘ ਮਾਨ ਪੰਜਾਬ ਪ੍ਰਧਾਨ ਰਾਸਾ, ਸ੍ਰੀ ਦਿਨੇਸ਼ ਕਪੂਰ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਰਾਸਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਰਾਸਾ ਦੇ ਨੁਮਾਇੰਦੇ ਹਾਜ਼ਰ ਸਨ।